For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤ ਸਰੁ ਸਿਫਤੀ ਦਾ ਘਰੁ

07:26 AM Aug 25, 2024 IST
ਅੰਮ੍ਰਿਤ ਸਰੁ ਸਿਫਤੀ ਦਾ ਘਰੁ
ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਵਾਈ ਦ੍ਰਿਸ਼।
Advertisement

ਅਜਾਦ ਦੀਪ ਸਿੰਘ

Advertisement

ਅੰਮ੍ਰਿਤਸਰ ਨਗਰ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਅੰਮ੍ਰਿਤਸਰ ਨਗਰ (ਸ਼ਹਿਰ) ਦਾ ਮੁੱਢ ਸ੍ਰੀ ਗੁਰੂ ਰਾਮਦਾਸ ਜੀ ਦੀ ਰਿਹਾਇਸ਼ (ਘਰ) ਗੁਰੂ ਕਾ ਮਹਿਲ ਤੋਂ ਬੱਝਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਸ ਸ਼ਹਿਰ ਨੇ ਬਹੁਤ ਤਰੱਕੀ ਕੀਤੀ।

Advertisement

ਪੁਰਾਣੇ ਵੇਲਿਆਂ ’ਚ ਸ਼ਹਿਰ ਦਾ ਇੱਕ ਬਾਜ਼ਾਰ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਗੱਲ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਹੁੰਦੀ ਹੋਵੇ ਤਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਅਧੂਰੀ ਹੈ। ਇਹ ਸਿੱਖਾਂ ਦਾ ਕੇਂਦਰੀ ਅਸਥਾਨ ਹੈ। ਇਸ ਦਾ ਰੁਤਬਾ ਸਿੱਖਾਂ ਵਿੱਚ ਇਸ ਤਰ੍ਹਾਂ ਹੈ ਜਿਵੇਂ ਮੁਸਲਮਾਨਾਂ ਵਿੱਚ ਮੱਕਾ, ਇਸਾਈਆਂ ਵਿੱਚ ਵੈਟੀਕਨ ਸਿਟੀ, ਹਿੰਦੂਆਂ ਵਿੱਚ ਕਾਸ਼ੀ (ਵਾਰਾਨਸੀ) ਤੇ ਬੋਧੀਆਂ ਵਿੱਚ ਬੋਧ ਗਯਾ ਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਸਿੱਖ ਰੋਜ਼ਾਨਾ ਹੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੀ ਅਰਦਾਸ ਕਰਦਾ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਪ੍ਰਮੁੱਖ ਸਿੱਖਾਂ ਨਾਲ ਸਲਾਹ ਕਰਨ ਉਪਰੰਤ ਸੁਲਤਾਨਵਿੰਡ, ਤੁੰਗ, ਗੁੰਮਟਾਲਾ ਅਤੇ ਗਿੱਲਵਾਲੀ ਪਿੰਡਾਂ ਦੇ ਵਿਚਕਾਰ ‘ਨਵਾਂ ਨਗਰ’ ਵਸਾਉਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਨਵਾਂ ਨਗਰ ਵਸਾਇਆ ਜਿਸ ਨੂੰ ਚੱਕ ਗੁਰੂ, ਗੁਰੂ ਕਾ ਚੱਕ, ਚੱਕ ਰਾਮਦਾਸ ਜਾਂ ਰਾਮਦਾਸਪੁਰਾ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਵਿੱਚ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ। ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਅਗਵਾਈ ਹੇਠ ਸਿੱਖ ਸੰਗਤ ਦੀ ਸੇਵਾ ਨਾਲ ਸੰਪੂਰਨ ਹੋਇਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸਦੀ ਨੀਂਹ 1645 ਬਿਕਰਮੀ (1588 ਈ.) ਨੂੰ ਰੱਖੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਅਤੇ ਹੋਰ ਸਿੱਖਾਂ ਦੁਆਰਾ ਕੀਤਾ ਗਿਆ। ਪੰਜਵੇਂ ਗੁਰੂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਜੋ ਸਮੁੱਚੀ ਮਾਨਵਤਾ ਨੂੰ ਬਰਾਬਰੀ ਦਾ ਸੰਦੇਸ਼ ਦ੍ਰਿੜ੍ਹ ਕਰਵਾਉਂਦੇ ਹਨ। ਇਸੇ ਅਸਥਾਨ ’ਤੇ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ 1661 ਬਿਕਰਮੀ (1604 ਈ.) ਨੂੰ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਇਸ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਅਤੇ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਸੰਗਤ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਦੀ ਹੈ। ਇਹ ਕੀਰਤਨ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਣ ਤੱਕ ਨਿਰੰਤਰ ਚਲਦਾ ਰਹਿੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁ-ਮੰਜ਼ਿਲਾ ਲੰਗਰ ਹਾਲ ਹੈ ਜਿੱਥੇ 24 ਘੰਟੇ ਅਤੁੱਟ ਲੰਗਰ ਵਰਤਦਾ ਹੈ ਅਤੇ ਸੰਗਤ ਬਿਨਾਂ ਕਿਸੇ ਭੇਦ-ਭਾਵ ਦੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਹੈ।
ਅੰਮ੍ਰਿਤਸਰ ਨਗਰ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਅੰਮ੍ਰਿਤਸਰ ਨਗਰ (ਸ਼ਹਿਰ) ਦਾ ਮੁੱਢ ਸ੍ਰੀ ਗੁਰੂ ਰਾਮਦਾਸ ਜੀ ਦੀ ਰਿਹਾਇਸ਼ (ਘਰ) ਗੁਰੂ ਕਾ ਮਹਿਲ ਤੋਂ ਬੱਝਿਆ। ਇਸ ਅਸਥਾਨ ’ਤੇ ਹੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਅੱਜ ਇਸ ਰਿਹਾਇਸ਼ੀ ਅਸਥਾਨ ’ਤੇ ਗੁਰਦੁਆਰਾ ਗੁਰੂ ਕੇ ਮਹਿਲ ਸੁਸ਼ੋਭਿਤ ਹੈ।
ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ (ਸ਼ਹਿਰ) ਦੇ ਵਿਕਾਸ ਲਈ ਵੱਖ-ਵੱਖ ਅਸਥਾਨਾਂ ਤੋਂ 52 ਕਿੱਤਿਆਂ ਦੇ ਲੋਕ ਉੱਥੇ ਲਿਆ ਕੇ ਵਸਾਏ। ਗੁਰੂ ਜੀ ਨੇ ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਜੋ ਕਿ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਕੰਮਲ ਕਰਵਾਈ। ਇਸ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਖੁਦਵਾਇਆ ਤੇ ਗੁਰਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਬਣਵਾਇਆ। ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਹੀ ਸ੍ਰੀ ਅੰਮ੍ਰਿਤਸਰ ਨਗਰ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਬਾਜ਼ਾਰ ਅੰਮ੍ਰਿਤਸਰ ਦਾ ਸਭ ਤੋਂ ਪਹਿਲਾ (ਪੁਰਾਣਾ) ਬਜ਼ਾਰ ਹੈ। ਮੌਜੂਦਾ ਸਮੇਂ ਇਸ ਬਾਜ਼ਾਰ ਵਿੱਚ ਜ਼ਿਆਦਾਤਰ ਸੋਨੇ ਚਾਂਦੀ ਦਾ ਕੰਮ ਹੁੰਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਸ ਸ਼ਹਿਰ ਨੇ ਬਹੁਤ ਤਰੱਕੀ ਕੀਤੀ। ਉਸ ਸਮੇਂ ਇਸ ਦਾ ਸ਼ੁਮਾਰ ਹਿੰਦੋਸਤਾਨ ਦੇ ਵੱਡੇ ਅਤੇ ਪ੍ਰਮੁੱਖ ਵਪਾਰਕ ਸ਼ਹਿਰਾਂ ਵਿੱਚ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਹ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਉਸ ਸਮੇਂ ਦੇ ਸਾਰੇ ਉੱਘੇ ਸਿੱਖ ਘਰਾਣਿਆਂ ਦੇ ਅੰਮ੍ਰਿਤਸਰ ਵਿੱਚ ਕੱਟੜੇ, ਹਵੇਲੀਆਂ, ਕਿਲ੍ਹੇ, ਬਾਗ ਤੇ ਰਿਹਾਇਸ਼ਾਂ ਹੁੰਦੀਆਂ ਸਨ। ਅੰਮ੍ਰਿਤਸਰ ਉਸ ਸਮੇਂ ਵਪਾਰ ਦਾ ਵੱਡਾ ਕੇਂਦਰ ਸੀ। ਹਰ ਇੱਕ ਕੱਟੜੇ ਦਾ ਆਪਣਾ ਬਜ਼ਾਰ ਅਤੇ ਮੰਡੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਅਮੀਰ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਇੱਥੋਂ ਦਾ ਰੁਖ਼ ਕੀਤਾ। ਮਹਾਰਾਜੇ ਨੇ ਮਾਰਵਾੜੀ ਵਪਾਰੀਆਂ ਨੂੰ ਇੱਥੇ ਲਿਆ ਕੇ ਵਸਾਇਆ। ਮਾਰਵਾੜੀ ਵਪਾਰੀਆਂ ਦਾ ਵਪਾਰਕ ਕੇਂਦਰ 32 ਹੱਟਾ ਅੱਜ ਵੀ ਅੰਮ੍ਰਿਤਸਰ ਵਿੱਚ ਮੌਜੂਦ ਹੈ। ਇਨ੍ਹਾਂ ਵਪਾਰੀਆਂ ਦਾ ਵਾਸਾ ਸ. ਜੱਸਾ ਸਿੰਘ ਆਹਲੂਵਾਲੀਆ ਦੇ ਕਿਲ੍ਹੇ ਵਿੱਚ ਕੀਤਾ ਗਿਆ। ਇਨ੍ਹਾਂ ਵਪਾਰੀਆਂ ਦੀਆਂ ਅਗਲੀਆਂ ਪੀੜ੍ਹੀਆਂ ਅੱਜ ਵੀ ਇਸ ਕਿਲ੍ਹੇ ਅਤੇ ਆਲੇ-ਦੁਆਲੇ ਮੌਜੂਦ ਹਨ ਅਤੇ ਵਪਾਰ ਕਰ ਰਹੇ ਹਨ। ਕਸ਼ਮੀਰੀ ਵਪਾਰੀ ਵੀ ਰੁਜ਼ਗਾਰ ਦੀ ਭਾਲ ਵਿੱਚ ਅੰਮ੍ਰਿਤਸਰ ਆਏ ਅਤੇ ਇੱਥੇ ਪੱਕੇ ਤੌਰ ’ਤੇ ਵੱਸ ਗਏ। ਇਨ੍ਹਾਂ ਦੇ ਅੰਮ੍ਰਿਤਸਰ ਵੱਸਣ ਨਾਲ ਸ਼ਾਲ ਉਦਯੋਗ ਵੱਡੇ ਪੱਧਰ ’ਤੇ ਸ਼ੁਰੂ ਹੋਇਆ। ਸੁੰਦਰ ਅਤੇ ਭਾਰੀ ਪਸ਼ਮੀਨੇ ਦੀਆਂ ਸ਼ਾਲਾਂ ਇੱਥੋਂ ਵਿਦੇਸ਼ਾਂ ਵਿੱਚ ਵਿਕਣ ਲਈ ਜਾਂਦੀਆਂ ਸਨ। ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਮੱਧ ਏਸ਼ੀਆ ਤੱਕ ਰੇਸ਼ਮ ਦੇ ਕੱਪੜੇ ਅਤੇ ਸੁੱਕੇ ਮੇਵਿਆਂ ਦਾ ਵਪਾਰ ਅੰਮ੍ਰਿਤਸਰ ਰਾਹੀਂ ਹੋਣ ਲੱਗਾ। 1830 ਈਸਵੀ ਦੇ ਨੇੜੇ ਤੇੜੇ ਇੱਕ ਫਰਾਂਸੀਸੀ ਯਾਤਰੀ ਜੈਕੋਏਮੋਂ ਆਇਆ। ਉਸ ਦੇ ਅੰਦਾਜ਼ੇ ਅਨੁਸਾਰ ਉਸ ਸਮੇਂ ਅੰਮ੍ਰਿਤਸਰ ਸ਼ਹਿਰ ਦੀ ਆਬਾਦੀ ਇੱਕ ਲੱਖ ਤੋਂ ਵੀ ਜ਼ਿਆਦਾ ਸੀ। ਅੰਮ੍ਰਿਤਸਰ ਬਾਰੇ ਇੱਕ ਟ੍ਰੈਕਟ ਵਿੱਚ ਹਿਊਗਲ ਨਾਂ ਦੇ ਕਿਸੇ ਯੂਰੋਪੀਅਨ ਦਾ ਜ਼ਿਕਰ ਵੀ ਮਿਲਦਾ ਹੈ। ਉਸ ਦੇ ਕਥਨ ਅਨੁਸਾਰ ਅੰਮ੍ਰਿਤਸਰ ਉੱਤਰੀ ਭਾਰਤ ਵਿੱਚ ਸਭ ਤੋਂ ਅਮੀਰ ਸ਼ਹਿਰ ਸੀ। ਇਤਿਹਾਸਕਾਰ ਗਣੇਸ਼ ਦਾਸ ਅਨੁਸਾਰ ਸਿੱਖ ਰਾਜ ਵੇਲੇ ਅੰਮ੍ਰਿਤਸਰ ਸਭ ਤੋਂ ਵੱਡਾ ਸ਼ਹਿਰ ਸੀ।
1849 ਵਿੱਚ ਪੰਜਾਬ ਅੰਗਰੇਜ਼ੀ ਰਾਜ ਹੇਠਾਂ ਆ ਗਿਆ ਤਾਂ ਅੰਗਰੇਜ਼ਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਕੇ ਲਾਹੌਰ ਦੇ ਵਿਕਾਸ ਵਾਸਤੇ ਬਹੁਤ ਕੰਮ ਕੀਤਾ। ਲਾਹੌਰ ਵਿੱਚ ਕਾਲਜ, ਯੂਨੀਵਰਸਿਟੀ, ਨਵੀਆਂ ਕਾਲੋਨੀਆਂ ਬਣਾ ਕੇ ਉੱਥੋਂ ਦੀ ਉੱਨਤੀ ਦਾ ਮੁੱਢ ਬੰਨ੍ਹ ਦਿੱਤਾ। ਵਿੱਦਿਅਕ ਅਦਾਰੇ ਲਾਹੌਰ ਵਿੱਚ ਖੁੱਲ੍ਹਣ ਕਰਕੇ ਸਾਰੇ ਪੰਜਾਬ ਤੋਂ ਅਮੀਰ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉੱਥੇ ਵਸਣ ਲੱਗੇ। ਪੰਜਾਬ ਦੀ ਪਹਿਲੀ ਮਰਦਮਸ਼ੁਮਾਰੀ 1881 ਈਸਵੀ ਵਿੱਚ ਹੋਈ। 1849 ਤੋਂ 1881 ਤੀਕ ਅੰਗਰੇਜ਼ਾਂ ਵੱਲੋਂ ਲਾਹੌਰ ਦਾ ਲਗਭਗ 32 ਸਾਲ ਵਿਕਾਸ ਕਰਨ ਤੋਂ ਬਾਅਦ ਵੀ ਪਹਿਲੀ ਮਰਦਮਸ਼ੁਮਾਰੀ ਵਿੱਚ ਇਹ ਆਬਾਦੀ ਪੱਖੋਂ ਅੰਮ੍ਰਿਤਸਰ ਤੋਂ ਛੋਟਾ ਸੀ। ਅੰਗੇਰਜ਼ਾਂ ਵੱਲੋਂ ਕਰਵਾਈ ਮਰਦਮਸ਼ੁਮਾਰੀ ਅਨੁਸਾਰ ਲਾਹੌਰ ਦੀ ਆਬਾਦੀ ਲਗਭਗ ਇੱਕ ਲੱਖ ਉਨਿੰਜਾ ਹਜ਼ਾਰ ਅਤੇ ਅੰਮ੍ਰਿਤਸਰ ਦੀ ਆਬਾਦੀ ਇੱਕ ਲੱਖ ਬਵਿੰਜਾ ਹਜ਼ਾਰ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਆਬਾਦੀ ਪੱਖੋਂ ਲਾਹੌਰ ਤੋਂ ਪੱਛੜ ਗਿਆ। 1941 ਵਿੱਚ ਲਾਹੌਰ ਦੀ ਆਬਾਦੀ ਛੇ ਲੱਖ ਇਕੱਤਰ ਹਜ਼ਾਰ ਅਤੇ ਅੰਮ੍ਰਿਤਸਰ ਦੀ ਆਬਾਦੀ ਤਿੰਨ ਲੱਖ ਇਕਾਨਵੇਂ ਹਜ਼ਾਰ ਦਰਜ ਕੀਤੀ ਗਈ।
1947 ਦੀ ਵੰਡ ਵੇਲੇ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ। ਵੰਡ ਤੋਂ ਪਹਿਲਾਂ ਪੰਜਾਬ ਦੇ ਦੋਵੇਂ ਵੱਡੇ ਸ਼ਹਿਰ ਲਾਹੌਰ ਅਤੇ ਅੰਮ੍ਰਿਤਸਰ ਮਾਝਾ (ਬਾਰੀ ਦੁਆਬ) ਖਿੱਤੇ ਵਿੱਚ ਪੈਂਦੇ ਸਨ। ਵੰਡ ਵੇਲੇ ਅੰਮ੍ਰਿਤਸਰ ਸਾਂਝੇ ਪੰਜਾਬ ਦਾ ਲਾਹੌਰ ਤੋਂ ਬਾਅਦ ਦੂਜਾ ਅਤੇ ਹਿੰਦੋਸਤਾਨ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਸੀ। 1947 ਦੇਸ਼ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਵੱਡਾ ਸ਼ਹਿਰ ਬਣ ਗਿਆ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਾ ਦਿੱਤਾ। ਫਿਰ ਵੀ 1981 ਦੀ ਜਨਗਣਨਾ ਤੀਕ ਇਹ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ, ਪਰ 1991 ਦੀ ਜਨਗਣਨਾ ਵਿੱਚ ਲੁਧਿਆਣਾ ਪਹਿਲੇ ਸਥਾਨ ’ਤੇ ਆ ਗਿਆ। 1982 ਤੋਂ 1992-93 ਤੀਕ ਪੰਜਾਬ ਮਾੜੇ ਹਾਲਾਤ ਵਿੱਚ ਰਿਹਾ ਜਿਸ ਦਾ ਸਭ ਤੋਂ ਵੱਧ ਮਾੜਾ ਅਸਰ ਅੰਮ੍ਰਿਤਸਰ ’ਤੇ ਪਿਆ। ਪੰਜਾਬ ਦੇ ਹਾਲਾਤ ਸੁਧਰਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਸ਼ੁਰੂ ਹੋਣ ਸਦਕਾ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਦਰਸ਼ਨਾਂ ਲਈ ਅੰਮ੍ਰਿਤਸਰ ਆਉਣ ਲੱਗੇ। ਇਸ ਕਾਰਨ ਅੰਮ੍ਰਿਤਸਰ ਦੀ ਆਰਥਿਕਤਾ ਮੁੜ ਲੀਹਾਂ ’ਤੇ ਆ ਗਈ। ਇੱਥੇ ਵੱਡੀ ਗਿਣਤੀ ਵਿੱਚ ਨਵੇਂ ਹੋਟਲ, ਰੈਸਤਰਾਂ, ਢਾਬੇ ਤੇ ਦੁਕਾਨਾਂ ਖੁੱਲ੍ਹ ਗਈਆਂ। ਇਨ੍ਹਾਂ ਨਾਲ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਵਧਿਆ। ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ। ਅੱਜ ਦੇ ਸਮੇਂ ਵਿੱਚ ਸੈਰ-ਸਪਾਟਾ ਦੁਨੀਆ ਦਾ ਸਭ ਤੋਂ ਵੱਡਾ ਕਾਰੋਬਾਰ ਬਣ ਗਿਆ ਹੈ। ਇਸ ਸਮੇਂ ਅੰਮ੍ਰਿਤਸਰ ਵਿੱਚ ਰੋਜ਼ਾਨਾ 1 ਲੱਖ ਤੋਂ ਵੱਧ ਯਾਤਰੂ ਆ ਰਹੇ ਹਨ। ਅਜੋਕੇ ਸਮੇਂ ਕੋਈ ਖਿੱਤਾ ਤਦ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਖਿੱਤੇ ਵਿੱਚ ਉਦਯੋਗਿਕ, ਵਪਾਰਕ ਜਾਂ ਸੈਰ ਸਪਾਟੇ ਦਾ ਸ਼ਹਿਰ ਹੋਵੇ। ਪੰਜਾਬ ਦੇ ਵਿਕਾਸ ਲਈ ਅੰਮ੍ਰਿਤਸਰ ਹੀ ਸਭ ਤੋਂ ਢੁਕਵਾਂ ਸ਼ਹਿਰ ਹੈ। ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਾਰਨ ਲਈ ਹੋਰ ਵਿਕਸਤ ਕਰਨ ਦੀ ਲੋੜ ਹੈ। ਕ੍ਰਿਕਟ ਅੱਜ ਦੁਨੀਆ ਦੀ ਹਰਮਨ ਪਿਆਰੀ ਖੇਡ ਹੈ। ਨੌਜਵਾਨ ਪੀੜ੍ਹੀ ਕ੍ਰਿਕਟ ਦੀ ਦੀਵਾਨੀ ਹੈ। ਦੁਨੀਆ ਭਰ ਤੋਂ ਕ੍ਰਿਕਟ ਪ੍ਰੇਮੀ ਕੌਮਾਂਤਰੀ ਕ੍ਰਿਕਟ ਮੈਚ ਤੇ ਆਈ.ਪੀ.ਐਲ. ਮੈਚ ਦੇਖਣ ਲਈ ਆਉਂਦੇ ਹਨ। ਜੇਕਰ ਅੰਮ੍ਰਿਤਸਰ ਵਿੱਚ ਨਵਾਂ ਕੌਮਾਂਤਰੀ ਕ੍ਰਿਕਟ ਮੈਦਾਨ ਬਣਾ ਦਿੱਤਾ ਜਾਵੇ ਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਇੱਥੇ ਆਉਣਗੇ ਜਿਸ ਨਾਲ ਸ਼ਹਿਰ ਦੇ ਵਪਾਰ ਤੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਸੋ ਅੰਮ੍ਰਿਤਸਰ ਵਿਖੇ ਕਿਸੇ ਢੁੁਕਵੇਂ ਸਥਾਨ ’ਤੇ ਕ੍ਰਿਕਟ ਸਟੇਡੀਅਮ ਬਣਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਵਾਹਗਾ ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦਾ ਵਪਾਰ ਜੋ ਕਿ ਪਿਛਲੇ ਸਮੇਂ ਤੋਂ ਬੰਦ ਹੈ, ਸੜਕ ਤੇ ਰੇਲ ਮਾਰਗਾਂ ਰਾਹੀਂ ਪੱਕੇ ਤੌਰ ’ਤੇ ਦਿਨ ਰਾਤ 24 ਘੰਟੇ ਚੱਲਣਾ ਚਾਹੀਦਾ ਹੈ। ਇਹ ਵਪਾਰ ਅੱਗੋਂ ਮੱਧ ਏਸ਼ੀਆ ਤੇ ਯੂਰਪ ਤੀਕ ਹੋਣਾ ਚਾਹੀਦਾ ਹੈ।
ਸਿੱਖਾਂ ਤੇ ਹਿੰਦੂਆਂ ਦੇ ਬਹੁਤ ਸਾਰੇ ਧਰਮ ਅਸਥਾਨ ਦੇਸ਼ ਵੰਡ ਵੇਲੇ ਪਾਕਿਸਤਾਨ ਵਿਖੇ ਰਹਿ ਗਏ। ਹਿੰਦੂ ਸਿੱਖ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਪਾਕਿਸਤਾਨ ਦੇ ਮੁਸਲਮਾਨ ਵੀਰ ਹਿੰਦੋਸਤਾਨ ਵਿੱਚ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। 1947 ਦੀ ਦੇਸ਼ ਵੰਡ ਵੇਲੇ ਇਧਰੋਂ ਉਧਰ ਤੇ ਉਧਰੋਂ ਇਧਰ ਗਏ ਬਜ਼ੁਰਗ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੇ ਪਿਤਾ ਪੁਰਖੀ ਪਿੰਡ ਸ਼ਹਿਰ ਦੇਖਣਾ ਚਾਹੁੰਦੇ ਹਨ। ਇਸ ਲਈ ਭਾਰਤ ਪਾਕਿਸਤਾਨ ਦੋਵਾਂ ਹਕੂਮਤਾਂ ਨੂੰ ਨਿਯਮ ਤੇ ਸ਼ਰਤਾਂ ਵਿਚਾਰਨੀਆਂ ਚਾਹੀਦੀਆਂ ਹਨ। ਇਸ ਨਾਲ ਦੋਵੇਂ ਸ਼ਹਿਰਾਂ ਵਿੱਚ ਸੈਲਾਨੀਆਂ ਦੀ ਵਪਾਰਕ, ਧਾਰਮਿਕ ਅਤੇ ਸਭਿਆਚਾਰਕ ਸਾਂਝ ਸੁਰਜੀਤ ਹੋਵੇਗੀ।
ਅੰਗਰੇਜ਼ਾਂ ਦੇ ਰਾਜ ਸਮੇਂ ਉੱਘੇ ਸਿੱਖ ਵਿਦਵਾਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਉਨ੍ਹਾਂ ਦੇ ਧਰਮ ਤੇ ਮੂਲ ਨਾਲ ਜੋੜਨ ਲਈ ਅੰਮ੍ਰਿਤਸਰ ਵਿਖੇ ਸਿੱਖਿਆ ਦਾ ਉੁੱਚ ਅਦਾਰਾ ਸਥਾਪਿਤ ਕਰਨ ਬਾਰੇ ਸੋਚਿਆ। ਸਿੱਖ ਰਾਜਿਆਂ ਤੇ ਰਈਸ ਸਿੱਖਾਂ ਦੀ ਮਾਲੀ ਮਦਦ ਨਾਲ ਸਾਲ 1892 ਵਿੱਚ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ। ਪਿੰਡ ਕੋਟ ਖਾਲਸਾ ਦੇ ਲੋਕਾਂ ਨੇ ਸੈਂਕੜੇ ਕਿੱਲੇ ਜ਼ਮੀਨ ਦਾਨ ਕੀਤੀ। ਖਾਲਸਾ ਕਾਲਜ 1895 ਵਿੱਚ ਸ਼ੁਰੂ ਹੋਇਆ। ਇਸ ਦੀ ਸ਼ਾਨਦਾਰ ਇਮਾਰਤ ਦਾ ਡਿਜ਼ਾਈਨ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਜੰਮਪਲ ਭਾਈ ਰਾਮ ਸਿੰਘ ਨੇ ਬਣਾਇਆ।
ਪੰਜਾਬ ਦੇ ਨੇਤਾਵਾਂ, ਅਫਸਰਸ਼ਾਹੀ, ਵਿਦਵਾਨਾਂ, ਸਨਅਤਕਾਰਾਂ ਤੇ ਅਵਾਮ ਨੂੰ ਇਕੱਠੇ ਹੋ ਕੇ ਅੰਮ੍ਰਿਤਸਰ ਦਾ ਵਿਕਾਸ ਕਰਨਾ ਚਾਹੀਦਾ ਹੈ ਤਾਂ ਜੋ ਇਹ ਸ਼ਹਿਰ ਗੁਰੂ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦੇ ਸਮੇਂ ਵਾਂਗ ਤਰੱਕੀ ਕਰ ਸਕੇ। ਇਸ ਨਾਲ ਸਮੁੱਚੇ ਪੰਜਾਬ ਦੀ ਤਰੱਕੀ ਹੋਵੇਗੀ। ਇਸ ਸਦਕਾ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਅੰਮ੍ਰਿਤਸਰ ਤੇ ਪੰਜਾਬ ਦੀ ਤਰੱਕੀ ’ਤੇ ਮਾਣ ਕਰ ਸਕਣਗੇ।
ਸੰਪਰਕ: 98148-98179

Advertisement
Author Image

Advertisement