For the best experience, open
https://m.punjabitribuneonline.com
on your mobile browser.
Advertisement

ਸ਼ਹਿਰ ਦੇ 9 ਵਾਰਡਾਂ ’ਚ ਫਸਣਗੇ ਕੁੰਡੀਆਂ ਦੇ ਸਿੰਗ

06:25 AM Dec 21, 2024 IST
ਸ਼ਹਿਰ ਦੇ 9 ਵਾਰਡਾਂ ’ਚ ਫਸਣਗੇ ਕੁੰਡੀਆਂ ਦੇ ਸਿੰਗ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ
Advertisement
ਟ੍ਰਿਬਿਊਨ ਨਿਊਜ਼ ਸਕਰਵਿਸ
Advertisement

ਲੁਧਿਆਣਾ, 20 ਦਸੰਬਰ

Advertisement

ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਸ਼ਨਿੱਚਰਵਾਰ ਨੂੰ ਚੋਣਾਂ ਹੋਣੀਆਂ ਹਨ। ਇਸ ਸਮੇਂ ਪੂਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ’ਤੇ ਟਿਕੀਆਂ ਹੋਈਆਂ ਹਨ। ਹਰ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਲੁਧਿਆਣਾ ਵਿੱਚ ਆਪਣਾ ਮੇਅਰ ਬਣਾਏਗੀ।

ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਪੁੱਤਰ ਅਮਨ ਬੱਗਾ

ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਗਮ ਚੋਣਾਂ ਦੇ ਪ੍ਰਚਾਰ ਲਈ ਲੁਧਿਆਣਾ ਆਉਣਾ ਪਿਆ, ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਿਛਲੇ ਕਈ ਦਿਨਾਂ ਤੋਂ ਇਥੇ ਚੋਣ ਪ੍ਰਚਾਰ ਕਰ ਰਹੇ ਹਨ। ਉੱਧਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਡੇਰੇ ਲਾਈ ਬੈਠੇ ਹਨ। ਸ਼ੁੱਕਰਵਾਰ ਸ਼ਾਮ ਨੂੰ ਜ਼ਮਾਨਤ ’ਤੇ ਰਿਹਾਅ ਹੋਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਆਉਣ ਮਗਰੋਂ ਚੋਣਾਂ ਹੋਰ ਦਿਲਚਸਪ ਹੋ ਗਈਆਂ ਹਨ।

ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਕੌਰ ਬੱਸੀ

ਲੁਧਿਆਣਾ ਦੇ 9 ਵਾਰਡ ਅਜਿਹੇ ਹਨ ਜੋ ਆਗੂਆਂ ਲਈ ਵੱਕਾਰ ਦਾ ਸਵਾਲ ਬਣ ਗਏ ਹਨ। ਸਾਬਕਾ ਮੰਤਰੀ ਦੀ ਪਤਨੀ ਦੇ ਨਾਲ-ਨਾਲ ‘ਆਪ’ ਵਿਧਾਇਕਾਂ ਦੀਆਂ ਪਤਨੀਆਂ, ਪੁੱਤਰ ਤੇ ਭਰਾ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਹੀ ਵਿਧਾਇਕ ਪੂਰੀ ਵਾਹ ਲਾ ਰਹੇ ਹਨ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਪੁੱਤਰ ਯੁਵਰਾਜ ਸਿੰਘ ਸਿੱਧੂ

ਸ਼ਹਿਰ ਦੇ 9 ਵਾਰਡਾਂ ਵਿੱਚ ਜਾਣੇ-ਪਛਾਣੇ ਚਿਹਰੇ ਚੋਣ ਲੜ ਰਹੇ ਹਨ। ਵਾਰਡ 60 ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਚੋਣ ਮੈਦਾਨ ਵਿੱਚ ਹਨ। ਇਸ ਵਾਰ ਉਨ੍ਹਾਂ ਦਾ ਵਾਰਡ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੀ ਇਸੇ ਵਾਰਡ ਤੋਂ ਲੜ ਰਹੇ ਹਨ ਤੇ ਅਕਾਲੀ ਦਲ ਦਾ ਨੌਜਵਾਨ ਚਿਹਰਾ ਗੁਰਪ੍ਰੀਤ ਸਿੰਘ ਬੱਬਲ ਜੋ ਕੁਝ ਸਮਾਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਇਆ ਸੀ, ਉਹ ਵੀ ‘ਆਪ’ ਵੱਲੋਂ ਇਸੇ ਵਾਰਡ ’ਚ ਚੋਣ ਲੜ ਰਿਹਾ ਹੈ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ

ਵਾਰਡ 77 ਤੋਂ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਪਹਿਲੀ ਵਾਰ ਚੋਣ ਲੜ ਰਹੇ ਹਨ। ਇੱਥੇ ਭਾਜਪਾ ਦੇ ਸਾਬਕਾ ਕੌਂਸਲਰ ਓਪੀ ਰਤਨਾ ਦੀ ਪਤਨੀ ਸਾਬਕਾ ਕੌਂਸਲਰ ਪੂਨਮ ਰਤਨਾ ਤੇ ਕਾਂਗਰਸ ਵੱਲੋਂ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ ਦੀ ਮਾਤਾ ਪ੍ਰਭਜੋਤ ਖੁਰਾਣਾ ਵੀ ਚੋਣ ਲੜ ਰਹੇ ਹਨ। ਵਾਰਡ 90 ਵਿੱਚ ਅਸ਼ੋਕ ਪਰਾਸ਼ਰ ਪੱਪੀ ਦਾ ਭਰਾ ਰਾਕੇਸ਼ ਪਰਾਸ਼ਰ ਛੇਵੀਂ ਵਾਰ ਚੋਣ ਮੈਦਾਨ ਵਿੱਚ ਹੈ। ਪਹਿਲਾਂ ਉਹ ਕਾਂਗਰਸ ਵੱਲੋਂ ਖੜ੍ਹਦੇ ਸਨ ਤੇ ਹੁਣ ‘ਆਪ’ ਵੱਲੋਂ ਲੜ ਰਹੇ ਹਨ। ਉਨ੍ਹਾਂ ਮੁਕਾਬਲੇ ਕਾਂਗਰਸ ਨੇ ਰਾਮ ਮੋਹਨ ਬਹਿਲ ਤੇ ਭਾਜਪਾ ਨੇ ਜਤਿੰਦਰਪਾਲ ਸਿੰਘ ਬੇਦੀ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸੁਖਮੇਲ ਗਰੇਵਾਲ

ਵਾਰਡ 94 ਵਿੱਚ ‘ਆਪ’ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਪੁੱਤਰ ਅਮਨ ਬੱਗਾ ਚੋਣ ਮੈਦਾਨ ਵਿੱਚ ਹੈ ਜਿਸ ਦੇ ਵਿਰੋਧ ਵਿੱਚ ਕਾਂਗਰਸ ਨੇ ਰੇਸ਼ਮ ਨੱਤ ਨੂੰ ਮੈਦਾਨ ਵਿਚ ਉਤਾਰਿਆ ਹੈ। ਦੋਵਾਂ ਵਿੱਚ ਪਹਿਲਾਂ ਵੀ ਕਈ ਵਾਰ ਬਹਿਸਬਾਜ਼ੀ ਹੋ ਚੁੱਕੀ ਹੈ। ਭਾਜਪਾ ਵੱਲੋਂ ਅਮਿਤ ਸ਼ਰਮਾ ਤੇ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਚੋਣ ਲੜ ਰਹੇ ਹਨ।

ਦੀਪਿਕਾ ਸੰਨੀ ਭੱਲਾ

ਵਾਰਡ 61 ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਕੌਰ ਬੱਸੀ ਚੋਣ ਮੈਦਾਨ ਵਿੱਚ ਹਨ। ਉਹ ਪਹਿਲਾਂ ਵੀ ਇਸੇ ਵਾਰਡ ਤੋਂ ਚੋਣ ਲੜ ਚੁੱਕੀ ਹੈ ਤੇ ਗੋਗੀ ਚਾਰ ਵਾਰ ਇਸੇ ਵਾਰਡ ਤੋਂ ਕੌਂਸਲਰ ਰਹਿ ਚੁੱਕੇ ਹਨ। ਗੋਗੀ ਪਹਿਲਾਂ ਆਸ਼ੂ ਦੇ ਖਾਸ ਸਨ ਪਰ ਪਿਛਲੀ ਸਰਕਾਰ ਦੌਰਾਨ ਦੂਰੀ ਬਣ ਗਈ ਤੇ ਗੋਗੀ ‘ਆਪ’ ਵਿੱਚ ਆ ਗਏ। ਸੁਖਚੈਨ ਕੌਰ ਸਾਹਮਣੇ ਕਾਂਗਰਸ ਨੇ ਆਸ਼ੂ ਦੇ ਪੀਏ ਇੰਦਰਜੀਤ ਸਿੰਘ ਇੰਦੀ ਦੀ ਪਤਨੀ ਪਰਮਿੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਜਪਾ ਨੇ ਸ਼ਿਵਾਨੀ ਖੁਸ਼ਾਗਰ ਤੇ ਅਕਾਲੀ ਦਲ ਨੇ ਅਚਲਾ ਭਨੋਟ ਨੂੰ ਟਿਕਟ ਦਿੱਤੀ ਹੈ। ਵਾਰਡ 50 ਵਿੱਚ ਆਤਮਾ ਨਗਰ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਪੁੱਤਰ ਯੁਵਰਤ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹੈ। ਇਥੇ ਕਾਂਗਰਸ ਨੇ ਬੈਂਸ ਦੇ ਕਰੀਬੀ ਪਾਰਿਕ ਸ਼ਰਮਾ ਨੂੰ ਖੜ੍ਹਾਇਆ ਹੈ ਤੇ ਭਾਜਪਾ ਨੇ ਪੁਰਾਣੇ ਵਰਕਰ ਰਾਕੇਸ਼ ਚੰਦਰ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ

ਇਸ ਤੋਂ ਇਲਾਵਾ ਵਾਰਡ 84 ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਕਾਂਗਰਸ ਵੱਲੋਂ ਛੇਵੀਂ ਵਾਰ ਚੋਣ ਲੜ ਰਹੇ ਹਨ। ਇਥੋਂ ਭਾਜਪਾ ਦੇ ਸੀਨੀਅਰ ਆਗੂ ਨੀਰਜ ਵਰਮਾ ਚੋਣ ਲੜ ਰਹੇ ਹਨ ਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਅਨਿਲ ਪਾਰਤੀ ‘ਆਪ’ ਵੱਲੋਂ ਚੋਣ ਲੜ ਰਹੇ ਹਨ। ਤਿੰਨੋਂ ਆਪਣੇ ਇਲਾਕੇ ਦੇ ਵਸਨੀਕ ਹਨ ਤੇ ਇਹ ਸੀਟ ਵੀ ਕਾਫੀ ਦਿਲਚਸਪ ਬਣ ਗਈ ਹੈ।

ਅਸ਼ੋਕ ਪਰਾਸ਼ਰ ਪੱਪੀ ਦਾ ਭਰਾ ਰਾਕੇਸ਼ ਪਰਾਸ਼ਰ

ਵਾਰਡ 69 ਵਿੱਚ ਕਾਂਗਰਸ ਨੇ ਆਸ਼ੂ ਦੇ ਕਰੀਬੀ ਸੰਨੀ ਭੱਲਾ ਦੀ ਪਤਨੀ ਦੀਪਿਕਾ ਸੰਨੀ ਭੱਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ ਅਤੇ ਉਸ ਤੋਂ ਬਾਅਦ ਸੰਨੀ ਭੱਲਾ ਵੀ ਕੌਂਸਲਰ ਰਹਿ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਮਾਲਾ ਢਾਂਡਾ ਨੂੰ ਮੈਦਾਨ ’ਚ ਉਤਾਰਿਆ ਹੈ। ਵਾਰਡ 14 ਵਿੱਚ ‘ਆਪ’ ਵੱਲੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਚਚੇਰੇ ਭਰਾ ਸੁਖਮੇਲ ਗਰੇਵਾਲ ਚੋਣ ਮੈਦਾਨ ਵਿੱਚ ਹਨ, ਜਦਕਿ ਕਾਂਗਰਸ ਨੇ ਮੁਕਾਬਲੇ ਵਿੱਚ ਨੌਜਵਾਨ ਚਿਹਰਾ ਗੁਰਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ। ਨਵਲ ਕਿਸ਼ੋਰ ਜੈਨ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਨ।

ਟਿਕਟਾਂ ਦੀ ਵੰਡ ਤੋਂ ਨਾਰਾਜ਼ ਕਈ ਆਗੂ ਆਜ਼ਾਦ ਉਮੀਦਵਾਰ ਵੀ ਬਣੇ

ਸਿਆਸੀ ਪਾਰਟੀਆਂ ਵੱਲੋਂ ਕਈ ਥਾਈਂ ਆਪਣੇ ਸੀਨੀਅਰ ਤੇ ਟਕਸਾਲੀ ਆਗੂਆਂ ਨੂੰ ਇਸ ਵਾਰ ਟਿਕਟ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਅਜਿਹੇ ਲਗਪਗ ਸਾਰੇ ਹੀ ਸਿਆਸੀ ਆਗੂਆਂ ਨੇ ਇਸ ਵਾਰ ਆਪਣੀਆਂ ਪਾਰਟੀਆਂ ਤੋਂ ਬਾਗੀ ਹੋ ਕੇ ਆਜ਼ਾਦ ਤੌਰ ’ਤੇ ਚੋਣਾਂ ਲੜਨ ਦਾ ਫ਼ੈਸਲਾ ਲੈ ਲਿਆ ਹੈ। ਹਾਲਾਂਕਿ ਕੁਝ ਆਗੂ ਅਜਿਹੇ ਵੀ ਹਨ ਿਜਨ੍ਹਾਂ ਪਾਰਟੀ ਨਾਲ ਬਾਗੀ ਹੋਣ ਦਾ ਫ਼ੈਸਲਾ ਨਹੀਂ ਲਿਆ ਪਰ ਉਨ੍ਹਾਂ ਆਪਣੇ ਪੱਧਰ ’ਤੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਦਾ ਕੋਈ ਉਦਮ ਵੀ ਨਹੀਂ ਕੀਤਾ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਨੂੰ ਆਪਣੇ ਰੁੱਸੇ ਹੋਏ ਆਗੂਆਂ ਤੋਂ ਖਤਰਾ ਵੀ ਦਿਖਾਈ ਦੇ ਰਿਹਾ ਹੈ।

Advertisement
Author Image

Inderjit Kaur

View all posts

Advertisement