ਮੱਕੀ ਕਾਸ਼ਤਕਾਰਾਂ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਪਾਲ ਸਿੰਘ ਨੌਲੀ
ਜਲੰਧਰ, 30 ਜੂਨ
ਮੱਕੀ ਦੇ ਮਿੱਥੇ ਗਏ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਅੱਧ ਮੁੱਲ ਵੀ ਕਿਸਾਨਾਂ ਦੇ ਪੱਲੇ ਨਹੀਂ ਪੈ ਰਹੇ। ਦੋਆਬੇ ਦੀਆਂ ਮੰਡੀਆਂ ਤੇ ਖ਼ਾਸ ਕਰ ਕੇ ਜਲੰਧਰ ਤੇ ਕਪੂਰਥਲੇ ਦੀਆਂ ਮੰਡੀਆਂ ਮੱਕੀ ਨਾਲ ਨੱਕੋ-ਨੱਕੀ ਭਰੀਆਂ ਪਈਆਂ ਹਨ। ਕੇਂਦਰ ਸਰਕਾਰ ਵੱਲੋਂ ਮਿੱਥੇ ਭਾਅ ਅਨੁਸਾਰ ਕਿਸਾਨਾਂ ਨੂੰ ਮੱਕੀ ਦਾ ਮੁੱਲ ਨਾ ਮਿਲਣ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਸੰਕਟ ਝੱਲਣਾ ਪੈ ਰਿਹਾ ਹੈ। ਮੱਕੀ ਦਾ ਸਰਕਾਰੀ ਭਾਅ 2090 ਰੁਪਏ ਮਿੱਥਿਆ ਗਿਆ ਹੈ ਪਰ ਕਿਸਾਨਾਂ ਦੇ ਪੱਲੈ ਅੱਧੋਂ-ਡੂਢ ਵੀ ਨਹੀਂ ਪੈ ਰਿਹਾ। ਡੱਲਾ ਪਿੰਡ ਦੀ ਅਨਾਜ ਮੰਡੀ ਵਿੱਚ ਮੱਕੀ ਦੇ ਢੇਰ ਲੱਗ ਪਏ ਹਨ। ਇੱਕ ਆੜਤੀਏ ਨੇ ਦੱਸਿਆ ਕਿ ਸੁੱਕੀ ਮੱਕੀ ਦਾ ਭਾਅ 1600 ਰੁਪਏ ਦਿੱਤਾ ਜਾ ਰਿਹਾ ਹੈ ਜਦੋਂਕਿ ਗਿੱਲੀ ਮੱਕੀ ਦਾ ਭਾਅ 1000 ਰੁਪਏ ਕੁਇੰਟਲ ਦਿੱਤਾ ਜਾ ਰਿਹਾ ਹੈ।
ਮੱਕੀ ਦੀਆਂ ਦੋ ਟਰਾਲੀਆਂ ਲੈ ਕੇ ਆਏ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਮੱਕੀ ਦਾ ਭਾਅ 1000 ਰੁਪਏ ਕੁਇੰਟਲ ਦਿੱਤਾ ਜਾ ਰਿਹਾ ਹੈ। ਮੱਕੀ ਥੋੜ੍ਹੀ ਗਿੱਲੀ ਹੋਣ ਕਾਰਨ ਘੱਟ ਭਾਅ ਮਿਲ ਰਿਹਾ ਹੈ ਪਰ ਮਿੱਥੇ ਭਾਅ ਤੋਂ ਅੱਧ ਮੁੱਲ ਹੀ ਮਿਲੇਗਾ ਇਹ ਕਦੇ ਨਹੀਂ ਸੀ ਸੋਚਿਆ। ਉਨ੍ਹਾਂ ਕਿਹਾ ਕਿ ਮੱਕੀ ਨੂੰ ਝੋਨੇ ਜਿੰਨਾ ਹੀ ਪਾਣੀ ਲਗਾਉਣਾ ਪੈਂਦਾ ਹੈ, ਖਾਦ ਵੀ ਪਾਉਣੀ ਪੈਂਦੀ ਹੈ ਤੇ ਕਟਾਈ ਲਈ ਕੰਬਾਈਨ ਵਾਲਿਆਂ ਨੂੰ ਪੈਸੇ ਦੇਣੇ ਪੈਂਦੇ ਹਨ।
ਇਹੀ ਹਾਲ ਸੁਲਤਾਨਪੁਰ ਲੋਧੀ ਦੀ ਅਨਾਜ ਮੰਡੀ ਦਾ ਸੀ, ਉੱਥੇ ਕੋਈ ਵੀ ਫੜ੍ਹ ਖਾਲੀ ਨਹੀਂ ਸੀ ਸਾਰੇ ਪਾਸੇ ਮੱਕੀ ਦੇ ਢੇਰ ਲੱਗੇ ਪਏ ਸਨ। ਕਿਸਾਨਾਂ ਨੂੰ ਉਮੀਦ ਸੀ ਕਿ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲਣ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਸੁਧਰ ਜਾਵੇਗੀ ਪਰ ਮੱਕੀ ਦਾ ਭਾਅ ਹੀ ਅੱਧਾ ਮਿਲ ਰਿਹਾ ਹੈ। ਕਿਸਾਨ ਜਥੇਬੰਦੀਆਂ ਵੀ ਮੱਕੀ ਦਾ ਭਾਅ ਘੱਟ ਮਿਲਣ ਦਾ ਤਿੱਖਾ ਵਿਰੋਧ ਕਰ ਰਹੀਆਂ ਹਨ।
ਉਧਰ ਆੜ੍ਹਤੀਆਂ ਦਾ ਮੰਨਣਾ ਸੀ ਕਿ ਸੁੱਕੀ ਮੱਕੀ ਨਾ ਆਉਣ ਕਾਰਨ ਭਾਅ ਘੱਟ ਮਿਲ ਰਿਹਾ ਹੈ।