For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਐਲੀਮੈਂਟਰੀ ਸਕੂਲ ਕੁੰਭੜਾ ਦੇ 550 ਬੱਚਿਆਂ ਦੇ ਭਵਿੱਖ ਦੀ ਆਸ-ਬੱਝੀ

07:39 AM Jul 03, 2024 IST
ਸਰਕਾਰੀ ਐਲੀਮੈਂਟਰੀ ਸਕੂਲ ਕੁੰਭੜਾ ਦੇ 550 ਬੱਚਿਆਂ ਦੇ ਭਵਿੱਖ ਦੀ ਆਸ ਬੱਝੀ
ਕੁੰਭੜਾ ਸਕੂਲ ਦੀ ਹੋਂਦ ਬਚਾਉਣ ਲਈ ਚਰਚਾ ਕਰਦੇ ਹੋਏ ਏਡੀਸੀ ਸੋਨਮ ਚੌਧਰੀ ਤੇ ਹੋਰ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਜੁਲਾਈ
ਪਿੰਡ ਵਾਸੀਆਂ ਅਤੇ ਮਾਪਿਆਂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੁੰਭੜਾ ਦੀ ਹੋਂਦ ਬਚਾਉਣ ਅਤੇ ਇੱਥੇ ਪੜ੍ਹਦੇ 550 ਬੱਚਿਆਂ ਦੇ ਭਵਿੱਖ ਦੀ ਆਸ-ਬੱਝ ਗਈ ਹੈ। ਸਕੂਲ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਕੂਲ ਦਾ ਸਟਾਫ਼, ਪਿੰਡ ਵਾਸੀ ਅਤੇ ਦਾਨੀ ਸੱਜਣ ਦੇ ਵਾਰਸ ਆਹਮੋ-ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋਇਆ ਜਾਪਦਾ ਹੈ। ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਅਗਵਾਈ ਹੇਠ ਸਕੂਲ ਜ਼ਮੀਨ ਵਿਵਾਦ ਸਬੰਧੀ ਮੀਟਿੰਗ ਹੋਈ। ਇਸ ਵਿੱਚ ਐੱਸਡੀਐੱਮ, ਡੀਡੀਪੀਓ, ਜ਼ਿਲ੍ਹਾ ਸਿੱਖਿਆ ਅਫ਼ਸਰ, ਲਾਅ ਅਫ਼ਸਰ, ਨਗਰ ਨਿਗਮ ਦੇ ਕਮਿਸ਼ਨਰ, ਸਕੂਲ ਮੁਖੀ ਸੁਖਦੀਪ ਕੌਰ, ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਅਤੇ ਮਨਜੀਤ ਸਿੰਘ ਮੇਵਾ ਅਤੇ ਹੋਰ ਪਤਵੰਤੇ ਹਾਜ਼ਰ ਹੋਏ। ਏਡੀਸੀ ਨੇ ਸਕੂਲ ਦੀ ਮਲਕੀਅਤ ਅਤੇ ਜ਼ਮੀਨ ਦਾਨ ਦੇਣ ਸਬੰਧੀ ਸਾਰੇ ਦਸਤਾਵੇਜ਼ਾਂ ਵਾਚਿਆ।
ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਐਲੀਮੈਂਟਰੀ ਸਕੂਲ ਕੁੰਭੜਾ ਨੂੰ 1978 ਵਿੱਚ ਗੁਰਬਖ਼ਸ਼ ਸਿੰਘ ਨੇ ਜ਼ਮੀਨ ਦਾਨ ਵਿੱਚ ਦਿੱਤੀ ਸੀ ਪਰ ਬਾਅਦ ਵਿੱਚ ਸਿੱਖਿਆ ਵਿਭਾਗ ਅਤੇ ਗ੍ਰਾਮ ਪੰਚਾਇਤ ਨੇ ਦਾਨ ਵਿੱਚ ਮਿਲੀ ਜ਼ਮੀਨ ਦਾ ਇੰਤਕਾਲ ਸਕੂਲ ਦੇ ਨਾਂ ਨਹੀਂ ਕਰਵਾਇਆ ਅਤੇ ਕੁੱਝ ਸਮੇਂ ਬਾਅਦ ਦਾਨੀ ਸੱਜਣ ਦੀ ਮੌਤ ਹੋ ਗਈ। ਮੁਹਾਲੀ ਵਿੱਚ ਜ਼ਮੀਨਾਂ ਦੇ ਭਾਅ ਵਧਣ ਕਾਰਨ ਹੁਣ ਦਾਨੀ ਸੱਜਣ ਦੇ ਵਾਰਸ ਰਣਜੀਤ ਸਿੰਘ ਨੇ ਸਕੂਲ ਨੂੰ ਦਾਨ ਵਿੱਚ ਦਿੱਤੀ ਜ਼ਮੀਨ ਵਾਪਸ ਮੰਗ ਲਈ ਹੈ ਅਤੇ ਇਸ ਸਬੰਧੀ ਮੁਹਾਲੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ।
ਬਲਵਿੰਦਰ ਸਿੰਘ ਕੁੰਭੜਾ ਨੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਰਟੀਆਈ ਰਾਹੀਂ ਸਕੂਲ ਨਾਲ ਸਬੰਧਤ ਰਿਕਾਰਡ ਏਡੀਸੀ ਸਾਹਮਣੇ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਸਕੂਲ ਦੀ ਹੋਂਦ ਬਚਾਉਣ ਲਈ ਆਪਣਾ ਪ੍ਰਾਈਵੇਟ ਵਕੀਲ ਕੀਤਾ ਹੋਇਆ ਹੈ। ਉਨ੍ਹਾਂ ਨੂੰ ਸਕੂਲ ਮੁਖੀ ਦੇ ਨਾਮ ਮਾਲਕੀ ਦਾ ਹੱਕ ਜਤਾਉਣ ਲਈ ਕੇਸ ਦੀ ਪੈਰਵੀ ਲਈ ਵਿਭਾਗੀ ਮਨਜ਼ੂਰੀ ਦੀ ਲੋੜ ਹੈ।
ਏਡੀਸੀ ਸੋਨਮ ਚੌਧਰੀ ਨੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਦਫ਼ਤਰ ’ਚੋਂ ਸਾਰਾ ਰਿਕਾਰਡ ਹਾਸਲ ਕਰਨ। ਬਲਵਿੰਦਰ ਕੁੰਭੜਾ ਨੇ ਏਡੀਸੀ ਨੂੰ ਦੱਸਿਆ ਕਿ ਪਿੰਡ ਦੇ ਪਤਵੰਤੇ ਜਦੋਂ ਕਮਿਸ਼ਨਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਵਫ਼ਦ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×