ਪਾਤੜਾਂ ਵਿੱਚ ਕੌਮੀ ਮਾਰਗ ਦੇ ਪੁਲ ਬਣਨ ਦੀ ਆਸ ਬੱਝੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਸਤੰਬਰ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਕਈ ਸਾਲ ਪਹਿਲਾਂ ਕੀਤੇ ਗਏ ਨਵੀਨੀਕਰਨ ਸਮੇਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਅਤੇ ਸੰਗਰੂਰ ਪਟਿਆਲਾ ਚੌਕ ਵਿੱਚ ਬਣਾਏ ਜਾਣ ਵਾਲੇ ਪੁਲ ਸ਼ਹਿਰ ਦੇ ਕੁਝ ਲੋਕਾਂ ਦੇ ਵਿਰੋਧ ਕਾਰਨ ਨਹੀਂ ਸੀ ਬਣ ਸਕੇ। ਹੁਣ ਇਨ੍ਹਾਂ ਚੌਕਾਂ ਵਿੱਚ ਹਾਦਸਿਆਂ ਅਤੇ ਆਵਾਜਾਈ ਦੀ ਆ ਰਹੀ ਮੁਸ਼ਕਿਲ ਕਾਰਨ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਕੌਮੀ ਮਾਰਗ ਦੇ ਪ੍ਰਾਜੈਕਟ ਡਾਇਰੈਕਟਰ ਦੁਆਰਾ ਭੇਜੀ ਗਈ ਟੀਮ ਨੇ ਚੌਕਾਂ ਦਾ ਦੌਰਾ ਕੀਤਾ। ਰੋਡ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਰੰਕਾਰ ਸਿੰਘ ਅਤੇ ਭਾਜਪਾ ਦੇ ਹਲਕਾ ਸ਼ੁਤਰਾਣਾ ਮੁੱਖੀ ਨਰੈਣ ਸਿੰਘ ਨਰਸੋਤ ਨੇ ਦੱਸਿਆ ਕਿ ਇਹ ਮਾਮਲਾ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੇ ਧਿਆਨ ਵਿੱਚ ਲਿਆਉਣ ਮਗਰੋਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਪਾਤੜਾਂ ਸ਼ਹਿਰ ਦੇ ਇਨ੍ਹਾਂ ਚੌਕਾਂ ’ਤੇ ਪੁਲ ਲਈ ਅਧਿਕਾਰੀਆਂ ਦੀ ਇੱਕ ਟੀਮ ਨੂੰ ਭੇਜਿਆ ਹੈ। ਨੈਸ਼ਨਲ ਹਾਈਵੇਅ ਦੀ ਆਈ ਟੀਮ ਦੇ ਅਧਿਕਾਰੀ ਆਯੂਸ਼ ਕੁਮਾਰ ਅਤੇ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਨੂੰ ਬਣਾਉਣ ਲਈ ਨੈਸ਼ਨਲ ਹਾਈਵੇਅ ਵੱਲੋਂ ਇੱਕ ਡਰਾਇੰਗ ਬਣਾਈ ਗਈ ਸੀ ਜਿਸ ਅਨੁਸਾਰ ਇਨ੍ਹਾਂ ਪੁਲਾਂ ਨੂੰ ਪਿੱਲਰਾਂ ’ਤੇ ਹੀ ਬਣਾਇਆ ਜਾਵੇਗਾ ਅਤੇ ਥੱਲੇ ਵੀ ਇੱਕ ਸੜਕ ਪਹਿਲਾਂ ਦੀ ਤਰ੍ਹਾਂ ਹੀ ਚੱਲਦੀ ਰੱਖੀ ਜਾਵੇਗੀ। ਪ੍ਰਾਜੈਕਟ ਡਾਇਰੈਕਟਰ ਦੇ ਆਦੇਸ਼ਾਂ ’ਤੇ ਮੌਕੇ ’ਤੇ ਆ ਕੇ ਲੋੜ ਅਨੁਸਾਰ ਬਣੀ ਡਰਾਇੰਗ ਵਿੱਚ ਕੁੱਝ ਤਬਦੀਲੀ ਕੀਤੇ ਜਾਣ ਲਈ ਮੌਕਾ ਦੇਖਿਆ ਗਿਆ ਹੈ ਅਤੇ ਛੇਤੀ ਹੈ ਇਸ ਦਾ ਕੰਮ ਪੂਰਾ ਕਰਕੇ ਅਥਾਰਟੀ ਭੇਜ ਦਿੱਤਾ ਜਾਵੇਗਾ।