ਪੇਡ ਪਾਰਕਿੰਗ ਘਪਲੇ ਬਾਰੇ ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗੀ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 15 ਅਕਤੂਬਰ
‘ਸਮਾਰਟ ਸਿਟੀ’ ਚੰਡੀਗੜ੍ਹ ਦੇ ਕਥਿਤ ਪੇਡ ਪਾਰਕਿੰਗ ਘਪਲੇ ਦੀ ਗੂੰਜ ਕੇਂਦਰ ਸਰਕਾਰ ਤੱਕ ਪਹੁੰਚ ਗਈ ਹੈ। ਇਸ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਦੱਸ ਦਈਏ ਕਿ ਇਸ ਘਪਲੇ ’ਚ ਪਾਰਕਿੰਗ ਚਲਾਉਣ ਵਾਲੀ ਠੇਕੇਦਾਰ ਕੰਪਨੀ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਦਾ ਦੋਸ਼ ਹੈ। ਇਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਯੂਟੀ ਦੇ ਸਲਾਹਕਾਰ ਨੂੰ ਪੱਤਰ ਲਿਖ ਕੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਇਹ ਮਾਮਲਾ ਨਗਰ ਨਿਗਮ ਨੂੰ ਭੇਜ ਦਿੱਤਾ ਹੈ। ਰਿਪੋਰਟ ਦੀ ਮੰਗ ਕਰਦਿਆਂ ਗ੍ਰਹਿ ਮੰਤਰਾਲੇ ਨੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਨਿਗਮ ਦੀ ਲਾਪਰਵਾਹੀ ਕਾਰਨ ਸਰਕਾਰੀ ਖਜ਼ਾਨੇ ਨੂੰ ਪੇਡ ਪਾਰਕਿੰਗ ਦੀ ਲਾਇਸੈਂਸ ਫੀਸ ਵਿਚ 7.26 ਕਰੋੜ ਰੁਪਏ ਅਤੇ 16.66 ਲੱਖ ਰੁਪਏ ਸਟੈਂਪ ਡਿਊਟੀ ਦਾ ਨੁਕਸਾਨ ਹੋਇਆ ਹੈ।
ਦੱਸ ਦੇਈਏ ਕਿ ਫਰਵਰੀ 2023 ਵਿੱਚ ਇਸ ਘਪਲੇ ਬਾਰੇ ਨਗਰ ਨਿਗਮ ਨੇ ਆਪਣੀ ਪਾਰਕਿੰਗ ਸ਼ਾਖਾ ਦੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਸੀ। ਹਾਲਾਂਕਿ ਕੈਗ ਦੀ ਰਿਪੋਰਟ ਅਨੁਸਾਰ ਨਗਰ ਨਿਗਮ ਨੇ ਠੇਕੇਦਾਰ ਖ਼ਿਲਾਫ਼ ਕਈ ਕਦਮ ਚੁੱਕੇ ਹਨ, ਜਿਸ ਵਿੱਚ ਐਫਆਈਆਰ ਦਰਜ ਕਰਨਾ, ਗ੍ਰਿਫ਼ਤਾਰੀ, ਬਲੈਕਲਿਸਟਿੰਗ, ਬੈਂਕ ਗਾਰੰਟੀਆਂ ਨੂੰ ਜ਼ਬਤ ਕਰਨਾ ਅਤੇ ਦੀਵਾਲੀਆ ਕਾਰਵਾਈਆਂ ਤਹਿਤ ਵਸੂਲੀ ਦੀ ਕਾਰਵਾਈ ਸ਼ਾਮਲ ਹੈ।