For the best experience, open
https://m.punjabitribuneonline.com
on your mobile browser.
Advertisement

ਬਰਨਾਲਾ ਦੀ ਪਛਾਣ ਰਹੇ ਇਤਿਹਾਸਕ ਕਿਲ੍ਹੇ ਨੇ ਹੋਂਦ ਗਵਾਈ

09:30 AM Feb 12, 2024 IST
ਬਰਨਾਲਾ ਦੀ ਪਛਾਣ ਰਹੇ ਇਤਿਹਾਸਕ ਕਿਲ੍ਹੇ ਨੇ ਹੋਂਦ ਗਵਾਈ
ਕਿਲ੍ਹੇ ਦੇ ਗੁਰਦੁਆਰਾ ਸਾਹਿਬ ਦੀ ਬਚੀ ਇਮਾਰਤ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਫਰਵਰੀ
ਕਿਸੇ ਸਮੇਂ ਬਰਨਾਲਾ ਦੀ ਸ਼ਾਨ ਰਹੇ ਸ਼ਹਿਰ ਦੇ ਇਤਿਹਾਸਕ ਕਿਲ੍ਹੇ ਦੀ ਹੋਂਦ ਲਗਭਗ ਖ਼ਤਮ ਹੋ ਚੁੱਕੀ ਹੈ। ਕੋਈ ਵੇਲਾ ਸੀ ਜਦੋਂ ਸਮੁੱਚਾ ਸ਼ਹਿਰ ਇਸ ਮਾਣਮੱਤੇ ਕਿਲ੍ਹੇ ਦੇ ਇਰਦ-ਗਿਰਦ ਵਸਿਆ ਹੋਇਆ ਸੀ। ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਕਿਲ੍ਹੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਹੀ ਇਸਦੀ ਆਖ਼ਰੀ ਨਿਸ਼ਾਨੀ ਵਜੋਂ ਬਚੀਆਂ ਹਨ।
ਦੱਸਣਯੋਗ ਹੈ ਕਿ 1722 ਈਸਵੀ ਵਿੱਚ ਪਟਿਆਲਾ ਰਿਆਸਤ ਦੇ ਮਹਾਰਾਜਾ ਬਾਬਾ ਆਲਾ ਸਿੰਘ ਨੇ ਬਰਨਾਲਾ ਸ਼ਹਿਰ ਵਸਾ ਕੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਅਤੇ ਇੱਥੇ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਕਿਲ੍ਹੇ ਵਿੱਚ ਮਹਾਰਾਜੇ ਦੀ ਅਦਾਲਤ ਵਿੱਚ ਦਰਬਾਰ ਲੱਗਦਾ ਸੀ। ਗੁਨਾਹਗਾਰਾਂ ਨੂੰ ਕੈਦ ਕਰਨ ਲਈ ਇਸ ਵਿੱਚ ਜੇਲ੍ਹ ਵੀ ਬਣਾਈ ਗਈ ਸੀ। ਕਚਹਿਰੀਆਂ ਅਤੇ ਜੇਲ੍ਹ ਦਾ ਕੰਮ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇੱਥੇ ਚੱਲਦਾ ਰਿਹਾ। ਸੰਨ 1985 ਵਿੱਚ ਨਵੀਂ ਇਮਾਰਤ ਬਨਣ ਉਪਰੰਤ ਕਚਹਿਰੀ ਅਤੇ 1994 ਵਿੱਚ ਜੇਲ੍ਹ ਇੱਥੋਂ ਤਬਦੀਲ ਹੋ ਗਈ। ਕਿਲ੍ਹੇ ਦੇ ਢਾਹੁਣ ਤੋਂ ਪਹਿਲਾਂ ਬਹੁਤ ਹਿੱਸਾ ਨਾਜਾਇਜ਼ ਕਬਜ਼ਿਆਂ ਹੇਠ ਆ ਗਿਆ ਸੀ। ਇਸਦੇ ਬਾਹਰੀ ਏਰੀਏ ਵਿੱਚ ਇੱਕ ਡੀਐੱਸਪੀ ਦਫ਼ਤਰ ਵੀ ਬਣਿਆ ਹੋਇਆ ਹੈ। ਇਸ ਕਿਲ੍ਹੇ ਨੂੰ ਖ਼ਤਮ ਕਰਨ ਪਿੱਛੇ ਇਸਦੇ ਵਾਰਿਸਾਂ ਦੀ ਹੀ ਵੱਡੀ ਭੂਮਿਕਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ 2005 ਵਿੱਚ ਇਸ ਕਿਲ੍ਹੇ ਦੀ ਜਗ੍ਹਾ ਨੂੰ ਸਰਕਾਰ ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਹਵਾਲੇ ਕਰ ਦਿੱਤਾ ਜਿਸਨੇ ਨੇ ਲਗਭਗ ਸਾਰੇ ਕਿਲ੍ਹੇ ਨੂੰ ਢਾਹ ਕੇ­ ਪਾਰਕਿੰਗ ਅਤੇ ਪਾਰਕਾਂ ਵਿੱਚ ਤਬਦੀਲ ਕਰ ਦਿੱਤਾ। ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸੰਸਥਾ ਨੇ ਇਸ ਇਤਿਹਾਸਕ ਧਰੋਹਰ ਨੂੰ ਢਾਹੇ ਜਾਣ ਦਾ ਵਿਰੋਧ ਤੱਕ ਨਾ ਕੀਤਾ। ਇਸ ਸਮੇਂ ਕਿਲ੍ਹੇ ਦੀ ਜਗ੍ਹਾ ’ਤੇ ਕੇਵਲ ਇੱਕ ਗੁਰਦੁਆਰਾ ਚੁੱਲ੍ਹਾ ਬਾਬਾ ਆਲਾ ਸਿੰਘ ਦੀ ਨਿਸ਼ਾਨੀ ਹੀ ਬਚੀ ਰਹਿ ਗਈ ਹੈ, ਜਿੱਥੇ ਕਿਸੇ ਸਮੇਂ ਬਾਬਾ ਆਲਾ ਸਿੰਘ ਨੇ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਸੀ। ਇਸ ਗੁਰੂ ਘਰ ਵਿੱਚ ਉਸ ਵੇਲੇ ਦੇ ਬਣੇ ਚੁੱਲ੍ਹੇ ਅੱਜ ਵੀ ਸਥਾਪਤ ਹਨ। ਗੁਰੂ ਘਰ ਬਣੇ ਹੋਣ ਕਰਕੇ ਇਹ ਇਮਾਰਤ ਢਾਹੁਣ ਤੋਂ ਬਚ ਗਈ।
ਪੁਰਾਤਨ ਵਿਭਾਗ ਵੀ ਇਸ ਇਤਿਹਾਸਕ ਗੁਰਦੁਆਰੇ ਦੀ ਸਾਂਭ ਸੰਭਾਲ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਸਮਾਜ ਸੇਵੀ ਭੋਲਾ ਸਿੰਘ ਵਿਰਕ ਦਾ ਕਹਿਣਾ ਹੈ ਕਿ ਕਿਲ੍ਹਾ ਸ਼ਹਿਰ ਦੀ ਇਤਿਹਾਸਕ ਧਰੋਹਰ ਸੀ, ਜਿਸਨੂੰ ਸੰਭਾਲਣ ਦੀ ਲੋੜ ਸੀ। ਹੁਣ ਇਸ ਸਮੁੱਚੇ ਇਲਾਕੇ ਨੂੰ ਸਰਕਾਰ ਬਾਬਾ ਆਲਾ ਸਿੰਘ ਦੀ ਯਾਦਗਾਰ ਵਜੋਂ ਵਿਕਸਿਤ ਕਰੇ।

Advertisement

Advertisement
Author Image

Advertisement
Advertisement
×