ਅਧਿਕਾਰੀਆਂ ਦੇ ਭਰੋਸੇ ਮਗਰੋਂ ਹਾਈਵੇਅ ਖੋਲ੍ਹਿਆ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਅਗਸਤ
ਪ੍ਰਸ਼ਾਸਨ ਵੱਲੋਂ ਬੀਮਾ ਕਲੇਮ ਮਹੀਨੇ ਦੇ ਅੰਦਰ ਅੰਦਰ ਸਾਰੇ ਕਿਸਾਨਾਂ ਨੂੰ ਦੇਣ ਭਰੋਸੇ ਮਗਰੋਂ ਕਿਸਨਾਂ ਨੇ ਨੈਸ਼ਨਲ ਹਾਈਵੇਅ-9 ਤੋਂ ਜਾਮ ਹਟਾ ਲਿਆ ਤੇ ਤਿੰਨ ਮਹੀਨਿਆਂ ਤੋਂ ਦਿੱਤਾ ਜਾ ਰਿਹਾ ਧਰਨਾ ਵੀ ਮੁਲਤਵੀ ਕਰ ਦਿੱਤਾ ਹੈ। ਪਿਛਲੇ ਸੌਲਾਂ ਦਿਨਾਂ ਤੋਂ ਟੈਂਕੀ ’ਤੇ ਚੜ੍ਹੇ ਕਿਸਾਨ ਡੀਸੀ ਪਾਰਥ ਗੁਪਤਾ ਦੇ ਭਰੋਸੇ ਮਗਰੋਂ ਹੇਠਾਂ ਉੱਤਰ ਆਏ ਹਨ। ਮਹਿਲਾਵਾਂ ਨੇ ਵੀ ਆਪਣਾ ਧਰਨਾ ਚੁੱਕ ਲਿਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮਹੀਨੇ ਦੇ ਅੰਦਰ ਪੀੜਤ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਨਾ ਮਿਲਿਆ ਤਾਂ ਉਹ ਮੁੜ ਤੋਂ ਇਸ ਤੋਂ ਵੀ ਤਿੱਖਾ ਅੰਦੋਲਨ ਕਰਨਗੇ। ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਨਰਾਇਣ ਖੇੜਾ ’ਚ ਧਰਨਾ ਦਿੱਤਾ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਅੰਦਰ ਆ ਰਹੀਆਂ ਸਾਰੀਆਂ ਦਿੱਕਤਾਂ ਨੂੰ ਦੂਰ ਕਰਕੇ ਬੀਮਾ ਕਲੇਮ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਚੌਪਟਾ ’ਚ ਦਿੱਤਾ ਜਾ ਰਿਹਾ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।