For the best experience, open
https://m.punjabitribuneonline.com
on your mobile browser.
Advertisement

ਹਾਈ ਕੋਰਟ ਨੇ ਦਿੱਲੀ ’ਚ ਵਧ ਰਹੇ ਤਾਪਮਾਨ ’ਤੇ ਚਿੰਤਾ ਪ੍ਰਗਟਾਈ

10:39 AM Jun 03, 2024 IST
ਹਾਈ ਕੋਰਟ ਨੇ ਦਿੱਲੀ ’ਚ ਵਧ ਰਹੇ ਤਾਪਮਾਨ ’ਤੇ ਚਿੰਤਾ ਪ੍ਰਗਟਾਈ
ਵਿਜੈ ਚੌਕ ਵਿੱਚ ਲੂ ਤੋੋਂ ਬਚਣ ਲਈ ਮੂੰਹ ’ਤੇ ਕੱਪੜਾ ਬੰਨ੍ਹ ਕੇ ਜਾਂਦੀਆਂ ਹੋਈਆਂ ਔਰਤਾਂ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਦਿੱਲੀ ਵਿੱਚ ਹਾਲ ਹੀ ਵਿੱਚ ਤਾਪਮਾਨ ਵਧ ਕੇ 52.3 ਡਿਗਰੀ ਸੈਲਸੀਅਸ ਹੋਣ ਦਾ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੇ ਮੌਜੂਦਾ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਇਹੀ ਪਹੁੰਚ ਅਪਣਾਉਂਦੀ ਰਹੀ ਤਾਂ ਕੌਮੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਵੇਗੀ। ਦਿੱਲੀ ਦੇ ਮੁੰਗੇਸ਼ਪੁਰ ਖੇਤਰ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।
ਜਸਟਿਸ ਤੁਸ਼ਾਰ ਰਾਓ ਗੇਡੇਲਾ ਨੇ ਕਿਹਾ, “ਇਸ ਤੱਥ ਦਾ ਨਿਆਂਇਕ ਨੋਟਿਸ ਲਿਆ ਗਿਆ ਹੈ ਕਿ 30 ਮਈ ਨੂੰ ਦਿੱਲੀ ਵਿੱਚ ਅਧਿਕਾਰਤ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜੇ ਅਜੋਕੀ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਇਸੇ ਤਰ੍ਹਾਂ ਦਾ ਰਵੱਈਆ ਅਪਣਾਉਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸ਼ਹਿਰ ਇਕ ਬੰਜਰ ਮਾਰੂਥਲ ਬਣ ਕੇ ਰਹਿ ਜਾਵੇਗਾ।” ਹਾਈ ਕੋਰਟ ਨੇ ਪਹਿਲਾਂ ਆਪਣੇ ਸਾਬਕਾ ਜੱਜ ਨਜਮੀ ਵਜ਼ੀਰੀ ਨੂੰ ਦਿੱਲੀ ਵਿੱਚ ਜੰਗਲਾਂ ਦੀ ਸੰਭਾਲ ਨਾਲ ਸਬੰਧਤ ਸ਼ਹਿਰ ਦੇ ਅਧਿਕਾਰੀਆਂ ਦੀ ਅੰਦਰੂਨੀ ਵਿਭਾਗੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਵਜ਼ੀਰੀ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਆਪਣੀ ਡਿਊਟੀ ਨਿਭਾਉਣ ਤੋਂ ਅਸਮਰੱਥ ਹਨ।
ਅਦਾਲਤ ਨੇ ਕਿਹਾ, ‘‘ਇਹ ਅਦਾਲਤ ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜਿੱਥੇ ਚੇਅਰਮੈਨ (ਜਸਟਿਸ ਵਜ਼ੀਰੀ) ਦਫਤਰੀ ਥਾਂ ਜਾਂ ਕਲੈਰੀਕਲ ਅਤੇ ਸਹਾਇਕ ਸਟਾਫ ਜਾਂ ਇੱਥੋਂ ਤੱਕ ਕਿ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਹੈ।’’ ਉਨ੍ਹਾਂ ਕਿਹਾ, “ਹਾਲਾਂਕਿ ਵਿਭਾਗ (ਜੰਗਲਾਤ ਅਤੇ ਜੰਗਲੀ ਜੀਵ) ਨੂੰ ਵੱਖ-ਵੱਖ ਸਮਰੱਥਾਵਾਂ ਵਿੱਚ ਸਟਾਫ਼ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬਜਾਏ ਵਿਭਾਗ ਨੂੰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਅੱਗੇ ਵਧਾਉਣ ਦਾ ਨਿਰਦੇਸ਼ ਦੇਣਾ ਉਚਿਤ ਸਮਝਿਆ ਗਿਆ ਹੈ ਤਾਂ ਜੋ ਕਿਸੇ ਵੀ ਸਥਿਤੀ ਵਿੱਚ ਮਨਜ਼ੂਰੀ ’ਚ 15 ਜੂਨ ਤੋਂ ਵੱਧ ਕੋਈ ਦੇਰੀ ਨਾ ਕੀਤੀ ਜਾਵੇ।’’
ਐਡਵੋਕੇਟ ਆਰ. ਅਰੁਣਾਦਰੀ ਅਈਅਰ ਵੱਲੋਂ ਦਾਇਰ ਕੀਤੀ ਗਈ ਕਮੇਟੀ ਦੇ ਚੇਅਰਮੈਨ ਦੀ ਰਿਪੋਰਟ ਅਨੁਸਾਰ ਦਿੱਲੀ ਸਰਕਾਰ ਨੂੰ ਬੁਨਿਆਦੀ ਢਾਂਚੇ, ਕਲੈਰੀਕਲ ਕਰਮਚਾਰੀਆਂ, ਸਹਾਇਤਾ ਕਰਮਚਾਰੀਆਂ ਅਤੇ ਟਰਾਂਸਪੋਰਟ ਦੀ ਜ਼ਰੂਰਤ ਬਾਰੇ ਸੂਚਿਤ ਕੀਤਾ ਗਿਆ ਸੀ ਜੋ ਕਿ ਚੇਅਰਮੈਨ ਨੂੰ ਆਪਣੀ ਜ਼ਿੰਮੇਵਾਰੀ ਨੂੰ ਕੁਸ਼ਲਤਾ ਨਾਲ ਨਿਭਾਉਣ ਲਈ ਜ਼ਰੂਰੀ ਹੋਵੇਗਾ। ਹਾਈ ਕੋਰਟ ਨੇ ਕਿਹਾ ਕਿ ਸਮਰੱਥ ਅਥਾਰਟੀ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਅਗਲੇ 15 ਦਿਨਾਂ ਦੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਰਦੇਸ਼ ਦਿੱਤੇ, “ਸੁਣਵਾਈ ਦੀ ਅਗਲੀ ਤਰੀਕ ਪਹਿਲਾਂ ਹੀ 29 ਜੁਲਾਈ ਨੂੰ ਨਿਰਧਾਰਤ ਕੀਤੀ ਗਈ ਹੈ, ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਚੇਅਰਮੈਨ ਅਤੇ ਕਮੇਟੀ ਦੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਅਤੇ ਜ਼ਰੂਰਤਾਂ ਉਸ ਤੋਂ ਪਹਿਲਾਂ ਹੀ ਕੰਮ ਕਰਨ ਦੀ ਸਥਿਤੀ ਵਿੱਚ ਹੋਣਗੀਆਂ।

Advertisement

ਦਿੱਲੀ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਦਰਜ

ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤਾਪਮਾਨ ਤੋਂ 4.2 ਡਿਗਰੀ ਜ਼ਿਆਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸਵੇਰੇ 9 ਵਜੇ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 184 ਦਰਜ ਕੀਤਾ ਗਿਆ।

Advertisement
Author Image

sukhwinder singh

View all posts

Advertisement
Advertisement
×