For the best experience, open
https://m.punjabitribuneonline.com
on your mobile browser.
Advertisement

ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ

09:33 PM Jun 29, 2023 IST
ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ
Advertisement

ਪਰਮਜੀਤ ਢੀਂਗਰਾ

Advertisement

ਅੱਜਕੱਲ੍ਹ ਪੈਸੇ ਦਾ ਦੌਰ ਦੌਰਾ ਹੈ। ਹਰ ਕੋਈ ਧਨਵਾਨ ਬਣਨਾ ਚਾਹੁੰਦਾ ਹੈ। ਵੱਡੇ ਵੱਡੇ ਸਰਮਾਏਦਾਰ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਕਈ ਇਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਬੜੇ ਖ਼ੁਸ਼ ਹੁੰਦੇ ਹਨ ਤੇ ਆਪਣੇ ਅੰਦਰ ਉਨ੍ਹਾਂ ਵਰਗਾ ਬਣਨ ਲਈ ਇੱਕ ਨਕਲੀ ਤੋਤਾ ਪਾਲ ਲੈਂਦੇ ਹਨ ਜੋ ਹਰ ਸਮੇਂ ਮਾਇਆ ਮਾਇਆ ਦਾ ਰੌਲਾ ਪਾ ਕੇ ਚੀਕੀ ਜਾਂਦਾ ਹੈ। ਲੋਕ ਬੜੀਆਂ ਉਦਾਹਰਣਾਂ ਦੇਂਦੇ ਹਨ ਕਿ ਕਫ਼ਨ ਨੂੰ ਖੀਸਾ ਨਹੀਂ ਹੁੰਦਾ, ਸਿਕੰਦਰ, ਕਾਰੂੰ ਵਰਗੇ ਖਾਲੀ ਹੱਥ ਤੁਰ ਗਏ, ਪਰ ਫਿਰ ਵੀ ਮਨ ਨੂੰ ਧਰਵਾਸ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਮਾਇਆ ਦੀ ਸਰਦਾਰੀ ਕਾਇਮ ਹੈ ਤੇ ਬਾਬਾ ਜੀ ਦੇ ਕਹਿਣ ਅਨੁਸਾਰ ਪਾਪਾਂ ਬਾਝੋਂ ਇਕੱਠੀ ਨਹੀਂ ਹੋ ਸਕਦੀ ਅਤੇ ਮਰਨ ‘ਤੇ ਮਨੁੱਖ ਦੇ ਨਾਲ ਨਹੀਂ ਜਾਂਦੀ, ਪਰ ਮਨੁੱਖ ਪਾਪ ਤੇ ਪਾਪ ਕਰਦਾ ਹੈ ਤੇ ਧਨ ਦੇ ਵੱਡੇ ਵੱਡੇ ਅੰਬਾਰ ਖੜ੍ਹੇ ਕਰ ਕੇ ਇੱਕ ਦਿਨ ਰਾਮ ਨਾਮ ਸੱਤ ਹੋ ਜਾਂਦਾ ਹੈ।

ਮਾਇਆ ਜੋੜਨ ਲਈ ਜਿੰਨੇ ਪਾਪੜ ਵੇਲਣੇ ਪੈਂਦੇ ਨੇ ਉਸ ਤੋਂ ਵੱਧ ਪਾਪ ਕਰਨੇ ਪੈਂਦੇ ਨੇ। ਚੋਰੀਆਂ ਚਕਾਰੀਆਂ, ਠੱਗੀਆਂ ਠੋਰੀਆਂ, ਜੋੜ ਤੋੜ ਸਭ ਜੁਗਤਾਂ ਜਿਸ ਨੂੰ ਆ ਗਈਆਂ ਉਹ ਨਾਢੂ ਖਾਂ ਬਣ ਗਿਆ ਸਮਝੋ। ਫਿਰ ਰਾਣੀ ਖਾਂ ਦਾ ਸਾਲਾ ਬਣਦਿਆਂ ਚਿਰ ਨਹੀਂ ਲੱਗਦਾ। ਪਰ ਮਾਇਆ ਦਬੋਚਣ ਵਾਲੀਆਂ ਗਿਰਝਾਂ ਉਨ੍ਹਾਂ ਦੀਆਂ ਵੀ ਪਿਓ ਨੇ। ਉਨ੍ਹਾਂ ਤੋਂ ਬਚਣ ਦੀ ਜਿਸ ਨੂੰ ਕਲਾ ਆ ਗਈ, ਉਹ ਕਾਰੂੰ ਬਾਦਸ਼ਾਹ ਤੋਂ ਘੱਟ ਨਹੀਂ। ਆਓ ਸੋਨੇ ਦਾ ਆਂਡਾ ਦੇਣ ਵਾਲੀ ਇੱਕ ਮੁਰਗੀ ਦੀ ਕਥਾ ਯਾਦ ਕਰੀਏ। ਸ਼ਾਇਦ ਮਾਇਆ ਦੇ ਅਰਥ ਚੰਗੀ ਤਰ੍ਹਾਂ ਸਮਝ ਆ ਜਾਣ।

ਪੁਰਾਣੇ ਸਮਿਆਂ ਵਿੱਚ ਇੱਕ ਨਾਈ ਹੁੰਦਾ ਸੀ। ਉਹਦੇ ਕੋਲ ਇੱਕ ਚਮਤਕਾਰੀ ਮੁਰਗੀ ਸੀ ਜੋ ਹਰ ਰੋਜ਼ ਸੋਨੇ ਦਾ ਆਂਡਾ ਦਿੰਦੀ ਸੀ। ਨਾਈ ਦੇ ਮਨ ਵਿੱਚ ਹੋਰ ਧਨਵਾਨ ਬਣਨ ਦੀ ਇੱਛਾ ਪੈਦਾ ਹੋ ਗਈ। ਉਹਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਕਿ ਮੁਰਗੀ ਇੱਕ ਦੀ ਥਾਂ ਰੋਜ਼ ਦੋ ਆਂਡੇ ਦੇਵੇ। ਮੁਰਗੀ ਕੋਲ ਸੋਨੇ ਦੇ ਆਂਡੇ ਦੇਣ ਦਾ ਵਰ ਸੀ। ਉਹਨੇ ਗਿਣਤੀ ਦੋ ਕਰ ਦਿੱਤੀ, ਪਰ ਨਾਈ ਦੀ ਤਮਾ ਵਧਣ ਲੱਗੀ। ਉਹ ਰਾਤ ਨੂੰ ਸੁੱਤਾ ਪਿਆ ਵੀ ਸੋਚਦਾ ਰਹਿੰਦਾ ਕਿ ਆਂਡਿਆਂ ਦੀ ਗਿਣਤੀ ਕਿਵੇਂ ਵਧਾਈ ਜਾਵੇ। ਦਿਨੇ ਉਹ ਸਾਧਾਂ, ਬਾਬਿਆਂ, ਜੋਤਸ਼ੀਆਂ ਦੇ ਡੇਰੇ ਚੱਕਰ ਕੱਟਦਾ ਰਹਿੰਦਾ ਤੇ ਸ਼ਾਮ ਨੂੰ ਕਈ ਤਰ੍ਹਾਂ ਦੇ ਉਪਾਅ ਇਕੱਠੇ ਕਰ ਲਿਆਂਦਾ। ਫਿਰ ਉਨ੍ਹਾਂ ਨੂੰ ਅਜ਼ਮਾਉਂਦਾ।

ਮੁਰਗੀ ਉਹਦੀ ਮਨਸ਼ਾ ਤਾੜ ਗਈ ਤੇ ਬੋਤਲ ਵਾਲੇ ਜਿੰਨ ਵਾਂਗ ਉਹਨੇ ਇੱਕ ਦਿਨ ਨਾਈ ਨੂੰ ਕਿਹਾ, ”ਹੁਕਮ ਮੇਰੇ ਆਕਾ?” ਨਾਈ ਨੇ ਬਿਨਾ ਕਿਸੇ ਦੇਰੀ ਦੇ ਆਪਣੀ ਇੱਛਾ ਪ੍ਰਗਟ ਕਰ ਦਿੱਤੀ ਕਿ ਮੈਂ ਧਨਵਾਨ ਬਣਨਾ ਚਾਹੁੰਦਾ ਹਾਂ ਤੇ ਉਹ ਵੀ ਰਾਤੋ ਰਾਤ। ਮੁਰਗੀ ਨੇ ਧਰਵਾਸਾ ਦਿੰਦਿਆਂ ਕਿਹਾ, ”ਠੀਕ ਹੈ ਮੇਰੇ ਆਕਾ, ਜਿਵੇਂ ਹੁਕਮ, ਬਾਂਦੀ ਤਿਆਰ ਹੈ।”

ਮੁਰਗੀ ਨੇ ਅਗਲੇ ਦਿਨ ਆਂਡਿਆਂ ਦੀ ਗਿਣਤੀ ਵਧਾ ਦਿੱਤੀ। ਹਰ ਰੋਜ਼ ਇਹ ਗਿਣਤੀ ਵਧਣ ਲੱਗੀ ਤੇ ਅਖੀਰ ਟੋਕਰੀਆਂ ਭਰ ਗਈਆਂ ਤੇ ਗਿਣਤੀ ਕਰਨੀ ਮੁਸ਼ਕਿਲ ਹੋ ਗਈ।

ਨਾਈ ਨੂੰ ਅਮੀਰ ਬਣਿਆ ਦੇਖ ਇੱਕ ਦਿਨ ਈਸਪ ਉਹਦੇ ਕੋਲ ਆ ਬਿਰਾਜਿਆ। ਨਾਈ ਨੇ ਅਮੀਰ ਬਣਨ ਦੀ ਕਹਾਣੀ ਉਹਨੂੰ ਸੁਣਾ ਦਿੱਤੀ। ਈਸਪ ਸਿਆਣਾ ਸੀ। ਉਹਨੇ ਸੋਚਿਆ ਕਿ ਸਾਰੇ ਧਨਵਾਨ ਬਣਨ ਵਾਲਿਆਂ ਨੂੰ ਇਸ ਕਥਾ ਦਾ ਪਤਾ ਲੱਗਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਧਨਵਾਨ ਬਣਨ ਦੀ ਇੱਛਾ ਨੂੰ ਬੂਰ ਪੈ ਸਕੇ। ਉਹਨੇ ਸਾਰੀਆਂ ਅਖ਼ਬਾਰਾਂ ਵਿੱਚ ਇਹ ਕਹਾਣੀ ਸੱਚੀ ਕਹਿ ਕੇ ਛਪਵਾ ਦਿੱਤੀ।

ਸਰਕਾਰ ਕੋਲ ਬਾਜ਼ ਦੀ ਅੱਖ ਵਾਲਾ ਮਹਿਕਮਾ ਹੁੰਦਾ ਹੈ ਵਿਜੀਲੈਂਸ ਜਿਹੜਾ ਹਰ ਵੇਲੇ ਸ਼ਿਕਾਰ ਦੀ ਟੋਹ ਵਿੱਚ ਰਹਿੰਦਾ। ਸਰਕਾਰ ਭਾਵੇਂ ਸੌਂ ਜਾਵੇ ਪਰ ਇਹ ਮਹਿਕਮਾ ਕਦੇ ਨਹੀਂ ਸੌਂਦਾ। ਇਹਦੀ ਨੀਂਹ ਹੀ ਜਾਗਦੇ ਰਹਿਣ ਲਈ ਰੱਖੀ ਗਈ ਹੈ। ਜਦੋਂ ਇਸ ਮਹਿਕਮੇ ਦੇ ਆਹਲਾ ਅਫ਼ਸਰਾਂ ਨੇ ਇਹ ਖ਼ਬਰ ਪੜ੍ਹੀ ਤਾਂ ਉਨ੍ਹਾਂ ਨੂੰ ਨਾਨਕੇ ਜਾਣ ਜਿੰਨਾ ਚਾਅ ਚੜ੍ਹ ਗਿਆ। ਦਿਨ ਚੜ੍ਹਣ ਤੋਂ ਪਹਿਲਾਂ ਜਦੋਂ ਅਜੇ ਸਰਘੀ ਵੇਲਾ ਹੁੰਦਾ ਹੈ ਤੇ ਅਗਲਾ ਜਨਮ ਸੰਵਾਰਣ ਦੀ ਸੋਚ ਰੱਖਣ ਵਾਲੇ ਇਸ ਧਰਤੀ ਦੇ ਨਰਕੀ ਜਿਊੜੇ ਨਹਾ ਧੋ ਕੇ ਧਰਮ ਦੁਆਰਿਆਂ ਵੱਲ ਕੂਚ ਕਰਦੇ ਨੇ। ਸਿਹਤ ਦੀ ਰਾਖੀ ਕਰਨ ਵਾਲੇ ਫ਼ੌਜੀਆਂ ਵਾਂਗ ਪੈਰਾਂ ਦਾ ਤਾਲ ਮੇਲ ਬਿਠਾਉਂਦੇ, ਦਾਤਣ ਚੱਬ ਚੱਬ ਉਹਦੀ ਜੇਹੀ ਤੇਹੀ ਫੇਰ ਦੇਂਦੇ ਹਨ ਤੇ ਸੜਕ ‘ਤੇ ਥੁੱਕ ਥੁੱਕ ਕੇ ਬਾਗ-ਬੂਟੀਆਂ ਪਾ ਦਿੰਦੇ ਹਨ, ਇਹੋ ਜਿਹੇ ਸੁਹਾਵਣੇ ਸਮੇਂ ਵਿਜੀਲੈਂਸ ਵਾਲੇ ਵੀ ਲੰਗਰ ਲੰਗੋਟੇ ਕੱਸ ਕੇ ਰੱਖਦੇ ਹਨ।

ਝੁਗਲਮਾਟੇ ਵਿੱਚ ਬਿਨਾ ਕਿਸੇ ਦੇਰੀ ਦੇ ਵਿਜੀਲੈਂਸ ਨੇ ਨਾਈ ਦੇ ਘਰ ਰੇਡ ਕਰ ਦਿੱਤੀ ਤੇ ਸੋਨੇ ਦੇ ਆਂਡਿਆਂ ਦੀਆਂ ਟੋਕਰੀਆਂ ਸਮੇਤ ਨਾਈ ਨੂੰ ਚੁੱਕ ਲਿਆਂਦਾ। ਜਦੋਂ ਨੂੰ ਲੋਕ ਜਾਗਦੇ, ਬੈੱਡ-ਟੀ ਪੀਂਦੇ ਤਦ ਤੱਕ ਨਾਈ ‘ਤੇ ਟੈਕਸ ਚੋਰੀ ਤੋਂ ਲੈ ਕੇ ਆਮਦਨ ਤੋਂ ਵੱਧ ਰੁਪਏ ਤੇ ਜਾਇਦਾਦ ਬਣਾਉਣ ਦੇ ਕੇਸ ਪੈ ਚੁੱਕੇ ਸਨ। ਵਿਜੀਲੈਂਸ ਦੇ ਨਾਲ ਨਾਲ ਦੂਸਰੇ ਸਰਕਾਰੀ ਮਹਿਕਮੇ ਆਪਣੀ ਆਪਣੀ ਕਾਰਗੁਜ਼ਾਰੀ ਪਾਉਣ ਲਈ ਕਾਹਲੇ ਪੈ ਗਏ। ਨਾਈ ਦੇ ਰਿਮਾਂਡ ਤੋਂ ਪਹਿਲਾਂ ਹੀ ਕਈ ਮਹਿਕਮਿਆਂ ਨੇ ਵੱਖ ਵੱਖ ਧਾਰਾਵਾਂ ਵਿੱਚ ਕੇਸਾਂ ਦੇ ਅੰਬਾਰ ਲਾ ਦਿੱਤੇ। ਪ੍ਰੈਸ ਕਾਨਫਰੰਸਾਂ ਵਿੱਚ ਵੇਰਵੇ ਦੱਸ ਦੱਸ ਕੇ ਅਫ਼ਸਰ ਮੁੱਛਾਂ ਨੂੰ ਵੱਟ ਚਾੜ੍ਹ ਰਹੇ ਸਨ। ਪ੍ਰੈਸ ਵਾਲੇ ਮੁੱਛ ਮਰੋੜ ਚਾਹ ਪੀ ਕੇ ਸਟੋਰੀਆਂ ਘੜ ਰਹੇ ਸਨ।

ਓਧਰ ਨਾਈ ਦੀ ਜਿਰ੍ਹਾ ਸ਼ੁਰੂ ਹੋ ਚੁੱਕੀ ਸੀ। ਸਵਾਲ ਦਰ ਸਵਾਲ ਪੁੱਛੇ ਜਾ ਰਹੇ ਸਨ। ਨਾਈ ਵਾਰ ਵਾਰ ਸਫ਼ਾਈਆਂ ਦੇ ਰਿਹਾ ਸੀ ਕਿ ਉਹਨੇ ਇੱਕ ਵਾਰ ਇੱਕ ਜਾਦੂਗਰ ਦੀ ਦਾੜ੍ਹੀ ਬਣਾਈ ਸੀ ਤੇ ਉਹਨੇ ਖ਼ੁਸ਼ ਹੋ ਕੇ ਉਹਨੂੰ ਇੱਕ ਤਲਿਸਮੀ ਮੁਰਗੀ ਦਿੱਤੀ ਸੀ ਜੋ ਹਰ ਰੋਜ਼ ਸੋਨੇ ਦਾ ਆਂਡਾ ਦਿੰਦੀ ਸੀ। ਥੋੜ੍ਹਾ ਜਿਹਾ ਅਮੀਰ ਬਣਨ ਲਈ ਹੀ ਉਹ ਸੋਨੇ ਦੇ ਆਂਡਿਆਂ ਦੀ ਗਿਣਤੀ ਵਧਾਉਣ ਵਿੱਚ ਕਾਮਯਾਬ ਹੋ ਗਿਆ ਸੀ। ਉਹ ਤਾਂ ਇੱਕ ਇਮਾਨਦਾਰ ਨਾਈ ਹੈ। ਉਹ ਕੋਈ ਟੈਕਸ ਚੋਰ, ਬਲੈਕੀਆ ਜਾਂ ਨਸ਼ੇ ਦਾ ਵਪਾਰੀ ਨਹੀਂ, ਨਾ ਹੀ ਉਹ ਕੋਈ ਨਾਜਾਇਜ਼ ਕਾਰੋਬਾਰ ਕਰਦਾ ਹੈ। ਜੇ ਤੁਹਾਨੂੰ ਯਕੀਨ ਨਹੀਂ ਤਾਂ ਈਸਪ ਨੂੰ ਪੁੱਛ ਲਓ, ਪਰ ਸਰਕਾਰ ਨੂੰ ਯਕੀਨ ਨਹੀਂ ਸੀ।

ਹੁਣ ਮਸਲਾ ਟੇਢਾ ਹੋ ਗਿਆ। ਪਹਿਲਾਂ ਵਿਜੀਲੈਂਸ ਵਾਲਿਆਂ ਮੁਰਗੀ ਕਾਬੂ ਕਰ ਕੇ ਉਹਦਾ ਰਿਮਾਂਡ ਲੈ ਲਿਆ। ਪਰ ਮੁਰਗੀ ਕੁਝ ਨਹੀਂ ਬੋਲੀ ਤੇ ਨਾ ਉਹਨੇ ਸੋਨੇ ਦਾ ਆਂਡਾ ਦਿੱਤਾ। ਉਂਜ ਵੀ ਉਹ ਸੋਨੇ ਦੇ ਜ਼ਿਆਦਾ ਆਂਡੇ ਦਿੰਦੀ ਦਿੰਦੀ ਥੱਕ ਕੇ ਕਮਜ਼ੋਰ ਹੋ ਗਈ ਸੀ। ਉਹਦੇ ਰਿਮਾਂਡ ਵਿੱਚ ਵਾਰ ਵਾਰ ਵਾਧਾ ਹੋ ਰਿਹਾ ਸੀ, ਪਰ ਉਹਦੀ ਗੱਲ ਵਿਜੀਲੈਂਸ ਨੂੰ ਸਮਝ ਨਹੀਂ ਸੀ ਆ ਰਹੀ। ਅਖੀਰ ਉਨ੍ਹਾਂ ਉਹਨੂੰ ਰਿਹਾਅ ਕਰ ਦਿੱਤਾ।

ਅਗਲਾ ਮਸਲਾ ਸੀ ਜਾਦੂਗਰ ਦੀ ਭਾਲ ਦਾ। ਉਹਦੀ ਭਾਲ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਜਾਦੂਗਰ ਦੇ ਹੁਲੀਏ ਦੇ ਪੋਸਟਰ ਥਾਂ ਥਾਂ ਚਿਪਕਾ ਦਿੱਤੇ। ਹਰ ਬੱਸ ਅੱਡੇ, ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਤੇ ਏਥੋਂ ਤੱਕ ਕਿ ਮਾਲ ਪਲਾਜ਼ਿਆਂ, ਟੋਲ ਪਲਾਜ਼ਿਆਂ ‘ਤੇ ਵੀ ਇਸ਼ਤਿਹਾਰ ਲਾ ਦਿੱਤੇ ਗਏ। ਪਰ ਅਜੇ ਤੱਕ ਜਾਦੂਗਰ ਦਾ ਪਤਾ ਨਹੀਂ ਸੀ ਲੱਗ ਸਕਿਆ। ਹੋ ਸਕਦਾ ਉਹ ਵਿਦੇਸ਼ ਭੱਜ ਗਿਆ ਹੋਵੇ। ਬਹੁਤੇ ਠੱਗਾਂ ਲਈ ਵਿਦੇਸ਼ ਸੁਰੱਖਿਅਤ ਠਾਹਰ ਹੁੰਦੀ ਹੈ। ਨਾਲੇ ਜਿਸ ਕੋਲ ਸੋਨੇ ਦੀ ਲੰਕਾ ਜਿੰਨਾ ਸੋਨਾ ਹੋਵੇ ਉਹ ਕੁਝ ਵੀ ਖਰੀਦ ਸਕਦਾ ਹੈ। ਇਸ ਲਈ ਹਵਾਈ ਅੱਡਿਆਂ ‘ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤੇ ਗਏ। ਵਿਰੋਧੀ ਧਿਰਾਂ ਵਾਲੇ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਸਨ ਕਿ ਉਹ ਜਾਣਬੁੱਝ ਕੇ ਜਾਦੂਗਰ ਨੂੰ ਪੇਸ਼ ਨਹੀਂ ਕਰ ਰਹੀ ਕਿਉਂਕਿ ਜਾਦੂਗਰ ਕੋਲ ਬਹੁਤ ਵੱਡੇ ਵੱਡੇ ਪੋਲਟਰੀ ਫਾਰਮ ਹਨ ਜਿੱਥੇ ਲੱਖਾਂ ਕਰੋੜਾਂ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗੀਆਂ ਹਨ। ਪਰ ਸਰਕਾਰ ਆਪਣਾ ਪੱਲਾ ਝਾੜ ਕੇ ਕਹਿ ਰਹੀ ਸੀ ਕਿ ਉਹਨੂੰ ਕੁਝ ਪਤਾ ਨਹੀਂ। ਕਾਨੂੰਨ ਆਪਣਾ ਕੰਮ ਕਰੇਗਾ। ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਉਂਜ ਸਰਕਾਰ ਦੀ ਚੁੱਪ ਦੇ ਲੋਕ ਕਈ ਮਤਲਬ ਕੱਢ ਰਹੇ ਸਨ।

ਨਾਈ ਵਿਚਾਰਾ ਜੁਡੀਸ਼ੀਅਲ ਕਸਟਡੀ ਵਿੱਚ ਦਿਨ ਕੱਟ ਰਿਹਾ ਸੀ। ਮੁਰਗੀ ਕਮਜ਼ੋਰ ਹੋ ਕੇ ਮਰ ਚੁੱਕੀ ਸੀ। ਇਸ ਕੇਸ ਵਿਚਾਲੇ ਹੁਣ ਸਰਕਾਰ ਆ ਚੁੱਕੀ ਸੀ। ਵਿਰੋਧੀ ਧਿਰ ਤੇ ਸਰਕਾਰ ਵਿੱਚ ਨੋਕ ਝੋਕ ਚੱਲ ਰਹੀ ਸੀ। ਜਾਦੂਗਰ ਦਾ ਪਤਾ ਲੱਗ ਚੁੱਕਾ ਸੀ ਕਿ ਦੇਸ਼ ਵਿੱਚ ਹੀ ਹੈ ਪਰ ਉਸ ਨੂੰ ਹੱਥ ਪਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਜਾਦੂਗਰ ਕਹਿੰਦੇ ਸਰਕਾਰ ਤੋਂ ਵੀ ਤਾਕਤਵਰ ਤੇ ਧਨਵਾਨ ਹੈ। ਇਸ ਲਈ ਵਿਜੀਲੈਂਸ ਸਮੇਤ ਸਾਰੇ ਮਹਿਕਮਿਆਂ ਨੇ ਕਲੋਜ਼ਰ ਰਿਪੋਰਟ ਪੇਸ਼ ਕਰ ਕੇ ਮੁੱਦਾ ਖ਼ਤਮ ਕਰਨ ਦੀ ਤਿਆਰੀ ਕਰ ਲਈ ਸੀ। ਨਾਈ ਦਾ ਕੀ ਬਣਿਆ ਇਸ ਬਾਰੇ ਕੋਈ ਨਹੀਂ ਜਾਣਦਾ। ਨਾਲੇ ਜਿਸ ਮਾਮਲੇ ਵਿੱਚ ਸਰਕਾਰ ਆ ਜਾਏ ਉਹਦਾ ਸਾਰ ਨਹੀਂ ਹੁੰਦਾ, ਜਿਸ ਦਾ ਸਾਰ ਨਹੀਂ ਹੁੰਦਾ ਉਹਦੇ ਬਾਰੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ ਤੇ ਨਾ ਉਹਦਾ ਕੋਈ ਜਵਾਬ ਦਿੱਤਾ ਜਾ ਸਕਦਾ ਹੈ। ਜਵਾਬ ਦਿੱਤਾ ਜਾ ਸਕਦਾ ਹੁੰਦਾ ਤਾਂ ਈਸਪ ਜ਼ਰੂਰ ਸਵਾਲ ਪੁੱਛਦਾ। ਹੁਣ ਉਹਨੂੰ ਵੀ ਲੱਗਦਾ ਕਿ ਚੁੱਪ ਰਹਿਣ ਵਿੱਚ ਹੀ ਭਲਾ ਹੈ। ਸਵਾਲਾਂ ਦਾ ਮੌਸਮ ਬੀਤ ਚੁੱਕਿਆ, ਜਵਾਬਾਂ ਨੂੰ ਮਾਰਨ ਦਾ ਹੁਕਮ ਦਿੱਤਾ ਜਾ ਚੁੱਕਿਆ ਸੀ। ਇਹੀ ਮਾਇਆ ਦੀ ਖੇਡ ਹੈ ਜਿਸ ਨੂੰ ਸਮਝਣ ਲਈ ਈਸਪ ਦੁਬਾਰਾ ਜੰਮਣ ਦੀ ਸੋਚ ਰਿਹਾ ਹੈ।

ਸੰਪਰਕ: 94173-58120

Advertisement
Tags :
Advertisement
Advertisement
×