ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ

07:58 AM May 20, 2024 IST
ਇਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ ਨੂੰ ਲੈ ਕੇ ਉਡਾਨ ਭਰਦਾ ਹੋਇਆ ਹੈਲੀਕਾਪਟਰ। -ਫੋਟੋ: ਰਾਇਟਰਜ਼

ਦੁਬਈ, 19 ਮਈ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੂੰ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਅੱਜ ਉੱਤਰ-ਪੂਰਬ ਦੇ ਪਰਬਤੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੀ ਖ਼ਬਰ ਮਿਲਣ ਮਗਰੋਂ ਧੁੰਦ ਵਾਲੇ ਇਸ ਜੰਗਲੀ ਖੇਤਰ ਵਿੱਚ ਬਚਾਅ ਮੁਹਿੰਮ ਆਰੰਭ ਦਿੱਤੀ ਗਈ। ਸਰਕਾਰੀ ਖ਼ਬਰ ਏਜੰਸੀ ‘ਆਈਆਰਐੱਨਏ’ ਦੀ ਖ਼ਬਰ ਮੁਤਾਬਕ ਰਈਸੀ ਦੇ ਨਾਲ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਾਬਦੁੱਲਾਹੀਅਨ, ਇਰਾਨ ਦੇ ਪੂਰਬੀ ਅਜ਼ਰਬਾਇਜਾਨ ਪ੍ਰਾਂਤ ਦੇ ਗਵਰਨਰ ਅਤੇ ਹੋਰ ਅਧਿਕਾਰੀ ਤੇ ਸੁਰੱਖਿਆ ਮੁਲਾਜ਼ਮ ਵੀ ਯਾਤਰਾ ਕਰ ਰਹੇ ਸਨ। ਲੋਕਾਂ ਨੂੰ ਰਾਸ਼ਟਰਪਤੀ ਤੇ ਉਨ੍ਹਾਂ ਦੇ ਨਾਲ ਹੈਲੀਕਾਪਟਰ ਵਿੱਚ ਸਵਾਰ ਹੋਰਾਂ ਦੀ ਜਾਨ ਦੀ ਸਲਾਮਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਬਚਾਅ ਕਰਮੀਆਂ ਦੀਆਂ ਟੀਮਾਂ ਵੱਲੋਂ ਹੈਲੀਕਾਪਟਰ ਦੀ ਭਾਲ ਕੀਤੀ ਜਾ ਰਹੀ ਸੀ, ਪਰ ਧੁੰਦ ਤੇ ਮੀਂਹ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤਾਂ ਆ ਰਹੀਆਂ ਸਨ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਦੀ ਖ਼ਬਰ ਤੋਂ ਮਿਲੀ। ਇਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਉਹ ਅਜੇ ਵੀ ਕੁਝ ਚੰਗਾ ਹੋਣ ਲਈ ਆਸਵੰਦ ਹਨ ਪਰ ਹਾਦਸੇ ਵਾਲੀ ਥਾਂ ਤੋਂ ਆ ਰਹੀ ਜਾਣਕਾਰੀ ਬਹੁਤ ਚਿੰਤਾਜਨਕ ਹੈ। ਉੱਧਰ, ਇਰਾਨੀ ਮੀਡੀਆ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਖ਼ਰਾਬ ਮੌਸਮ ਹੈ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨੀ ਰਾਸ਼ਟਰਪਤੀ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਰਈਸੀ ਇਰਾਨ ਦੇ ਪੂਰਬੀ ਅਜ਼ਰਬਾਇਜਾਨ ਪ੍ਰਾਂਤ ਵਿੱਚ ਜਾ ਰਹੇ ਸਨ। ਸਰਕਾਰੀ ਟੀਵੀ ਵੱਲੋਂ ਘਟਨਾ ਦਾ ਸਥਾਨ ਅਜ਼ਰਬਾਇਜਾਨ ਦੀ ਸਰਹੱਦ ਦੇ ਨਾਲ ਲੱਗਦੇ ਜੁਲਫਾ ਸ਼ਹਿਰ ਨੇੜੇ ਦੱਸਿਆ ਗਿਆ ਹੈ। ਇਹ ਸ਼ਹਿਰ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਉੱਤਰ-ਪੱਛਮ ਵਿੱਚ ਕਰੀਬ 600 ਕਿਲੋਮੀਟਰ ਦੂਰ ਹੈ। ਰਈਸੀ ਐਤਵਾਰ ਨੂੰ ਸਵੇਰੇ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਦੇ ਨਾਲ ਇਕ ਡੈਮ ਦਾ ਉਦਘਾਟਨ ਕਰਨ ਵਾਸਤੇ ਅਜ਼ਰਬਾਇਜਾਨ ਵਿੱਚ ਸਨ। ਦੋਵੇਂ ਦੇਸ਼ਾਂ ਵੱਲੋਂ ਅਰਸ ਨਦੀ ’ਤੇ ਬਣਾਇਆ ਗਿਆ ਇਹ ਤੀਜਾ ਡੈਮ ਹੈ।

ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਹੈਲੀਕਾਪਟਰ ਉਡਾਏ ਜਾਂਦੇ ਹਨ ਪਰ ਕੌਮਾਂਤਰੀ ਪਾਬੰਦੀਆਂ ਕਰ ਕੇ ਇਨ੍ਹਾਂ ਦੇ ਪੁਰਜੇ ਮਿਲਣੇ ਔਖੇ ਹੋ ਜਾਂਦੇ ਹਨ। ਇਸ ਦੀ ਹਵਾਈ ਸੈਨਾ ਦੇ ਜਹਾਜ਼ ਵੀ ਕਾਫੀ ਪੁਰਾਣੇ ਹਨ। ਰਈਸੀ (63) ਇਕ ਕੱਟੜਪੰਥੀ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਦੇਸ਼ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਇਰਾਨ ਦੇ ਸਭ ਤੋਂ ਚੋਟੀ ਦੇ ਆਗੂ ਅਯਾਤੁੱਲ੍ਹਾ ਅਲੀ ਖਮੀਨੀ ਦੇ ਨਜ਼ਦੀਕੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਹ 85 ਸਾਲਾ ਨੇਤਾ (ਖਮੀਨੀ) ਦੀ ਮੌਤ ਹੋਣ ਜਾਂ ਉਨ੍ਹਾਂ ਵੱਲੋਂ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ਇਕ ਸਥਾਨਕ ਸਰਕਾਰੀ ਅਧਿਕਾਰੀ ਨੇ ਘਟਨਾ ਦਾ ਜ਼ਿਕਰ ਕਰਨ ਲਈ ‘ਹਾਦਸਾ’ ਸ਼ਬਦ ਦਾ ਇਸਤੇਮਾਲ ਕੀਤਾ ਪਰ ਉਨ੍ਹਾਂ ਨੇ ਇਕ ਇਰਾਨੀ ਅਖ਼ਬਾਰ ਕੋਲ ਸਵੀਕਾਰ ਕੀਤਾ ਕਿ ਉਹ ਅਜੇ ਘਟਨਾ ਸਥਾਨ ਤੱਕ ਨਹੀਂ ਪਹੁੰਚੇ ਹਨ। ਰਈਸੀ ਦੀ ਸਥਿਤੀ ਬਾਰੇ ਨਾ ਤਾਂ ‘ਆਈਆਰਐੱਨਏ’ ਅਤੇ ਨਾ ਹੀ ਸਰਕਾਰੀ ਟੀਵੀ ਨੇ ਕੋਈ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਸਰਕਾਰੀ ਟੀਵੀ ਨੂੰ ਕਿਹਾ, ‘‘ਰਾਸ਼ਟਰਪਤੀ ਅਤੇ ਉਨ੍ਹਾਂ ਦੇ ਨਾਲ ਕੁਝ ਲੋਕ ਹੈਲੀਕਾਪਟਰ ਰਾਹੀਂ ਵਾਪਸ ਜਾ ਰਹੇ ਸਨ ਅਤੇ ਖ਼ਰਾਬ ਮੌਸਮ ਤੇ ਧੁੰਦ ਕਰ ਕੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ਵਿੱਚ ਉਤਾਰਨਾ ਪਿਆ।’’ ਉਨ੍ਹਾਂ ਕਿਹਾ, ‘‘ਵੱਖ-ਵੱਖ ਬਚਾਅ ਟੀਮਾਂ ਖੇਤਰ ਵਿੱਚ ਜਾ ਰਹੀਆਂ ਹਨ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੂੰ ਹੈਲੀਕਾਪਟਰ ਤੱਕ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ।’’ -ਏਪੀ
Advertisement

Advertisement
Advertisement