ਵਾਰਿਸ ਭਰਾਵਾਂ ਨੇ ਬ੍ਰਿਸਬਨ ਵਿੱਚ ਬੰਨ੍ਹਿਆ ਰੰਗ
ਹਰਜੀਤ ਲਸਾੜਾ
ਬ੍ਰਿਸਬਨ, 28 ਸਤੰਬਰ
ਵਿਰਾਸਤ ਇੰਟਰਟੇਨਮੈਂਟ ਤੇ ਲੀਡਰਜ਼ ਇੰਸਟੀਟਿਊਟ ਵੱਲੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬਨ ਵਿੱਚ ‘ਪੰਜਾਬੀ ਵਿਰਸਾ 2024’ ਕਰਵਾਇਆ ਗਿਆ, ਜਿਸ ਵਿੱਚ ਵਾਰਿਸ ਭਰਾਵਾਂ ਨੇ ਗਾਇਕੀ ਦਾ ਰੰਗ ਬੰਨ੍ਹ ਦਿੱਤਾ। ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਤਿੰਨਾਂ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਆਪਣੀ ਜੋਸ਼ੀਲੀ ਪੇਸ਼ਕਾਰੀ ਦੀ ਸ਼ੁਰੂਆਤ ‘ਸਿਰ ’ਤੇ ਤਾਜ’ ਅਤੇ ‘ਜਾਰੀ ਜੰਗ ਰੱਖਿਓ’ ਨਾਲ ਕੀਤੀ। ਗਾਇਕ ਸੰਗਤਾਰ ਨੇ ਗੀਤ ‘ਈਮੇਲਾਂ ਡਲੀਟ ਹੋ ਗਈਆਂ’ ਤੇ ‘ਦਿਲ ਕੱਚ ਦਾ’ ਆਦਿ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ਤੂੰਬੀ ਰਾਹੀਂ ਯਮਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਗਾਇਕ ਕਮਲ ਹੀਰ ਨੇ ‘ਜੱਟ ਪੂਰਾ ਦੇਸੀ’, ‘ਕਿਵੇਂ ਭੁੱਲਾਂ ਸ਼ੁਦਾਈ ਦਿਲਾ ਮੇਰਿਆ’, ‘ਘਰ ਦੀ ਸ਼ਰਾਬ ਵਰਗੀ’, ‘ਨੱਚਦੀ ਵੇਖ ਕੇ’, ‘ਕੀਹਨੂੰ ਯਾਦ ਕਰ ਕਰ ਹੱਸਦੀ’, ‘ਫੋਟੋ ਵਿਆਹ ਵਾਲੀ’, ‘ਜਿੰਦੇ ਨੀ ਜਿੰਦੇ’, ‘ਮਹੀਨਾ ਭੈੜਾ ਮਈ ਦਾ’, ‘ਕੈਂਠੇ ਵਾਲਾ’, ‘ਸੱਗੀ ਫੁੱਲ’ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅਖੀਰ ਵਿੱਚ ਮਨਮੋਹਨ ਵਾਰਿਸ ਨੇ ਆਪਣੇ ਮਕਬੂਲ ਗੀਤ ‘ਪਿੰਡ ਮੇਰਾ ਚੇਤੇ ਆ ਗਿਆ’, ‘ਚੀਨਾ ਜੱਟ ਦਾ’, ‘ਦਿਲਾਂ ਵਿੱਚ ਰੱਬ ਵੱਸਦਾ’, ‘ਇੱਕ ਕੁੜੀ ਅਜੇ ਵੀ ਚੇਤੇ’, ‘ਕੋਕਾ ਕਰ ਗਿਆ ਧੋਖਾ’, ‘ਦਿਲ ਗੱਭਰੂ ਦਾ’, ‘ਕੱਲੀ ਬਹਿ ਕਿ ਸੋਚੀਂ’, ‘ਕੋਕਾ’, ‘ਸੁੱਤੀ ਪਈ ਨੂੰ ਹਿਚਕੀਆਂ’, ‘ਦੁਨੀਆ ਮੇਲੇ ਜਾਂਦੀ’, ‘ਸ਼ੀਸ਼ਾ’, ‘ਆਜਾ ਭਾਬੀ ਝੂਟ ਲੈ’ ਆਦਿ ਨਾਲ ਇਸ ਪਰਿਵਾਰਕ ਸ਼ੋਅ ਨੂੰ ਬੁਲੰਦੀਆਂ ’ਤੇ ਪਹੁੰਚਾਇਆ।