ਗਰਮੀ ਨੇ ਲੁਧਿਆਣਵੀਆਂ ਦੀਆਂ ਤਰੇਲੀਆਂ ਕਢਾਈਆਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਈ
ਅਤਿ ਦੀ ਗਰਮੀ ਨੇ ਜਿੱਥੇ ਲੋਕਾਂ ਦੀਆਂ ਤਰੇਲੀਆਂ ਕਢਾ ਦਿੱਤੀਆਂ ਹਨ, ਉਥੇ ਹੀ ਸ਼ਹਿਰ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੀ ਲੋਕ ਬਿਜਲੀ ਦੇ ਕੱਟਾਂ ਤੋਂ ਬਹੁਤ ਪ੍ਰੇਸ਼ਾਨ ਹਨ। ਤਪਦੀ ਗਰਮੀ ਵਿੱਚ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸ਼ਹਿਰ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਦੋ ਤੋਂ ਚਾਰ ਘੰਟੇ ਦੇ ਕੱਟ ਲੱਗ ਰਹੇ ਹਨ। ਪੌਸ਼ ਇਲਾਕੇ ਤੋਂ ਲੈ ਕੇ ਸਲੱਮ ਏਰੀਆ ਤੱਕ ਸਾਰੇ ਬਿਜਲੀ ਦੇ ਕੱਟਾਂ ਨਾਲ ਜੂਝ ਰਹੇ ਹਨ।
ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ, ਜਿਥੇ ਪੂਰੇ ਦਿਨ ਵਿੱਚ 2 ਤੋਂ 4 ਘੰਟੇ ਤੱਕ ਬਿਜਲੀ ਦਾ ਕੱਟ ਨਾ ਲੱਗਦਾ ਹੋਵੇ। ਸਵੇਰੇ ਤੇ ਸ਼ਾਮ ਨੂੰ ਤਾਂ ਕਈ ਇਲਾਕਿਆਂ ਵਿੱਚ 2 ਘੰਟੇ ਦੇ ਕੱਟ ਪੱਕੇ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸ਼ਹਿਰ ਦੇ ਸੰਤ ਈਸ਼ਰ ਸਿੰਘ ਨਗਰ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਦੁਪਹਿਰ ਵੇਲੇ ਬਿਜਲੀ ਦੇ ਕੱਟ ਲੱਗਣ ਤੋਂ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਪਾਵਰਕੌਮ ਵੱਲੋਂ ਦਿੱਤੇ ਗਏ ਨੰਬਰ ’ਤੇ ਫੋਨ ਕਰਦੇ ਹਨ ਤਾਂ ਉਥੇਂ ਕੋਈ ਵੀ ਜਾਣਕਾਰੀ ਨਹੀਂ ਮਿਲਦੀ। ਇਲਾਕੇ ਦੇ ਪ੍ਰਿੰਸ ਗੁਪਤਾ ਤੇ ਅਵਿਨਾਸ਼ ਦਾ ਕਹਿਣਾ ਹੈ ਕਿ ਸਿਰਫ਼ ਉਨ੍ਹਾਂ ਦੇ ਇਲਾਕੇ ਵਿੱਚ ਹੀ ਨਹੀਂ, ਬਲਕਿ ਪੂਰੇ ਸ਼ਹਿਰ ਦਾ ਇਹੀ ਹਾਲ ਹੈ। ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਪਰ ਫਿਰ ਵੀ ਸਰਕਾਰ ਬਿਜਲੀ ਨਹੀਂ ਦੇ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁਫਤ ਬਿਜਲੀ ਦਾ ਕੀ ਕਰਨਗੇ ਜੇਕਰ ਬਿਜਲੀ ਆਏਗੀ ਹੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਬਿਜਲੀ ਨਾ ਹੋਣ ਕਾਰਨ ਸਾਰਾ ਦਿਨ ਬੱਚੇ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਦਾ ਹੀ ਹਾਲ ਬਸਤੀ ਜੋਧੇਵਾਲ, ਕਾਕੋਵਾਲ ਰੋਡ. ਨੂਰਵਾਲਾ ਰੋਡ, ਸ਼ਿਵਪੁਰੀ, ਮਿਹਰਨਬਾਨ, ਮਾਡਲ ਟਾਊਨ, ਜਵਾਹਰ ਨਗਰ ਕੈਂਪ, ਬੀਆਰਐੱਸ ਨਗਰ, ਗੁਰਦੇਵ ਨਗਰ, ਸੰਤ ਨਗਰ, ਸ਼ਿਵਾਜੀ ਨਗਰ, ਤਾਜਪੁਰ ਰੋਡ, ਟਿੱਬਾ ਰੋਡ ਸਣੇ ਬਾਕੀ ਸ਼ਹਿਰ ਦੇ ਇਲਾਕਿਆਂ ਦਾ ਵੀ ਹੈ।
ਚੋਣ ਪ੍ਰਚਾਰ ਵਿੱਚ ਛਾਇਆ ਬਿਜਲੀ ਦਾ ਮੁੱਦਾ
ਚੋਣ ਪ੍ਰਚਾਰ ਦੌਰਾਨ ਵਿਰੋਧੀ ਲਗਾਤਾਰ ਬਿਜਲੀ ਨਾ ਆਉਣ ਦਾ ਮੁੱਦਾ ਚੁੱਕ ਰਹੇ ਹਨ। ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਸ਼ਹਿ ਦੇ ਅੰਦਰੂਨੀ ਇਲਾਕੇ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਦਾ ਮੁੱਦਾ ਚੁੱਕ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਹਨ। ਉਮੀਦਵਾਰਾਂ ਦਾ ਕਹਿਣ ਹੈ ਕਿ ਮੁਫ਼ਤ ਬਿਜਲੀ ਦਾ ਕੀ ਫਾਇਦਾ, ਜਦੋਂ ਬਿਜਲੀ ਆਉਣੀ ਹੀ ਨਹੀਂ।