ਵੋਟਾਂ ਦੇ ਵੀਵੀਪੈਟ ਨਾਲ ਮਿਲਾਨ ਸਬੰਧੀ ਅਰਜ਼ੀ ’ਤੇ ਸੁਣਵਾਈ ਅਗਲੇ ਹਫ਼ਤੇ
ਨਵੀਂ ਦਿੱਲੀ, 3 ਅਪਰੈਲ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਵੋਟਰ ਵੈਰੀਫੀਏਬਲ ਪੇਪਰ ਆਡਿਟ ਟ੍ਰੇਲ (ਵੀਵੀਪੈਟ) ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਰਾਹੀਂ ਪਏ ਵੋਟਾਂ ਦੇ ਮਿਲਾਣ ਦੀ ਮੰਗ ਕਰਨ ਵਾਲੀ ਐੱਨਜੀਓ ਦੀ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ। ਐੱਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਜਿਸ ਮਗਰੋਂ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਪਟੀਸ਼ਨ ਨੂੰ ਅਗਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਸੂਚੀਬੱਧ ਕੀਤਾ ਜਾਵੇਗਾ। ਇਸ ਮਾਮਲੇ ’ਚ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸ਼ੰਕਰਨਰਾਇਣਨ ਨੇ ਵੀ ਕਿਹਾ ਕਿ ਚੋਣਾਂ ਨੇੜੇ ਹਨ ਅਤੇ ਜੇਕਰ ਕੇਸ ਦੀ ਸੁਣਵਾਈ ਛੇਤੀ ਨਾ ਹੋਈ ਤਾਂ ਪਟੀਸ਼ਨ ਬੇਕਾਰ ਹੋ ਜਾਵੇਗੀ। ਜਸਟਿਸ ਖੰਨਾ ਨੇ ਕਿਹਾ ਕਿ ਅਦਾਲਤ ਸਥਿਤੀ ਤੋਂ ਜਾਣੂ ਹੈ ਅਤੇ ਅਗਲੇ ਹਫ਼ਤੇ ਇਸ ਮਾਮਲੇ ਦੀ ਸੁਣਵਾਈ ਕਰੇਗੀ। ਉਨ੍ਹਾਂ ਕਿਹਾ,‘‘ਮਿਸਟਰ ਭੂਸ਼ਨ, ਆਖਿਰ ਇਸ ਮਾਮਲੇ ਨੂੰ ਕਿੰਨਾ ਸਮਾਂ ਲੱਗੇਗਾ। ਤੁਸੀਂ ਦੋ ਘੰਟਿਆਂ ਵਿੱਚ ਦਲੀਲਾਂ ਦੇ ਸਕਦੇ ਹੋ ਅਤੇ ਅਸੀਂ ਮਾਮਲੇ ਨੂੰ ਪੂਰਾ ਕਰ ਲਵਾਂਗੇ। ਚਲੋ, ਅਗਲੇ ਹਫ਼ਤੇ ਇਸ ’ਤੇ ਸੁਣਵਾਈ ਕਰਾਂਗੇ।’’ ਜ਼ਿਕਰਯੋਗ ਹੈ ਕਿ ਐੱਨਜੀਓ ਏਡੀਆਰ ਵੱਲੋਂ ਦਾਖ਼ਲ ਅਰਜ਼ੀ ’ਤੇ ਸਿਖਰਲੀ ਅਦਾਲਤ ਨੇ ਪਿਛਲੇ ਸਾਲ 17 ਜੁਲਾਈ ਨੂੰ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ। ਪਟੀਸ਼ਨ ’ਚ ਐੱਨਜੀਓ ਨੇ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਵੋਟਰ ਵੀਵੀਪੈਟ ਰਾਹੀਂ ਇਹ ਪੁਸ਼ਟੀ ਕਰਨ ਦੇ ਯੋਗ ਹੋਣ ਕਿ ਉਨ੍ਹਾਂ ਦਾ ਵੋਟ ਸਹੀ ਥਾਂ ’ਤੇ ਪਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸੇ ਮਾਮਲੇ ਨਾਲ ਸਬੰਧਤ ਇਕ ਹੋਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਜਸਟਿਸ ਬੀ ਆਰ ਗਵਈ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਦੇ ਬੈਂਚ ਨੇ ਚੋਣ ਕਮਿਸ਼ਨ ਅਤੇ ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ 17 ਮਈ ਤੱਕ ਜਵਾਬ ਮੰਗਿਆ ਸੀ। ਇੱਕ ਅਹਿਮ ਘਟਨਾਕ੍ਰਮ ’ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੋਣਾਂ ’ਚ ਵੀਵੀਪੈਟ ਪਰਚੀਆਂ ਦੀ ਪੂਰੀ ਗਿਣਤੀ ਦੀ ਮੰਗ ਵਾਲੀ ਪਟੀਸ਼ਨ ’ਤੇ ਚੋਣ ਕਮਿਸ਼ਨ ਤੇ ਕੇਂਦਰ ਤੋਂ ਜਵਾਬ ਮੰਗਿਆ ਸੀ ਜੋ ਕਿ ਸਿਰਫ਼ ਪੰਜ ਈਵੀਐੱਮ ਦੀਆਂ ਪਰਚੀਆਂ ਦੀ ਪੁਸ਼ਟੀ ਕੀਤੇ ਜਾਣ ਦੀ ਮੌਜੂਦਾ ਰਵਾਇਤ ਤੋਂ ਉਲਟ ਹੈ। -ਪੀਟੀਆਈ