ਕੋਠਾਗੁਰੂ ਦੇ ਸਿਹਤ ਸਬ-ਸੈਂਟਰ ਦੀ ਹਾਲਤ ਖਸਤਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਨਵੰਬਰ
ਬਲਾਕ ਭਗਤਾ ਭਾਈ ਦੇ ਵੱਡੇ ਪਿੰਡ ਕੋਠਾਗੁਰੂ ਦੇ ਸਰਕਾਰੀ ਸਿਹਤ ਸਬ ਸੈਂਟਰ ਦੀ ਬੇਹੱਦ ਖਸਤਾ ਹਾਲਤ ਇਮਾਰਤ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਇਮਾਰਤ ਦੀ ਖਸਤਾ ਹਾਲਤ ਕਾਰਨ ਇੱਥੋਂ ਦੇ ਸਟਾਫ਼ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ ਤਿੰਨ ਦਹਾਕੇ ਪਹਿਲਾਂ ਬਣੀ ਸਬ ਸੈਂਟਰ ਦੀ ਇਮਾਰਤ ਇਸ ਸਮੇਂ ਬਹੁਤ ਹੀ ਜ਼ਿਆਦਾ ਨੀਵੀਂ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਨਗਰ ਦੀ ਸਮਾਜ ਸੇਵੀ ਸੰਸਥਾ ਵੱਲੋਂ ਇਸ ਇਮਾਰਤ ਵਿੱਚ ਭਰਤ ਪਾ ਕੇ ਉੱਚਾ ਕੀਤਾ ਗਿਆ ਸੀ, ਜੋ ਹੁਣ ਫਿਰ ਕਾਫੀ ਨੀਵੀਂ ਹੋ ਚੁੱਕੀ ਹੈ। ਇਸ ਦੇ ਦਰਵਾਜ਼ਿਆਂ ਦੀ ਉਚਾਈ ਬਹੁਤ ਘੱਟ ਹੋਣ ਕਾਰਨ ਇਨ੍ਹਾਂ ਵਿੱਚੋਂ ਦੀ ਲੰਘਣ ਸਮੇਂ ਦਿੱਕਤ ਆਉਂਦੀ ਹੈ। ਇਮਾਰਤ ਦੀ ਛੱਤ ਤੋਂ ਸੀਮਿੰਟ ਦੀਆਂ ਪੇਪੜੀਆਂ ਡਿੱਗ ਰਹੀਆਂ ਹਨ ਤੇ ਬਰਸਾਤ ਵਿੱਚ ਛੱਤ ਲੀਕ ਕਰਨ ਲੱਗ ਜਾਂਦੀ ਹੈ। ਇੱਥੇ ਬਣੇ ਬਾਥਰੂਮ ਦੀ ਹਾਲਤ ਵੀ ਤਰਸਯੋਗ ਹੈ। ਨਗਰ ਕੋਠਾ ਗੁਰੂ ਦੀ ਆਬਾਦੀ ਕਰੀਬ 12 ਹਜ਼ਾਰ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਇੱਥੇ ਜਲਦ ਆਧੁਨਿਕ ਸਹੂਲਤਾਂ ਵਾਲੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾਵੇ।