ਫ਼ਸਲਾਂ ਦੇ ਬੀਮੇ ਲਈ ਟੈਂਕੀ ’ਤੇ ਚੜ੍ਹੇ ਦੋ ਕਿਸਾਨਾਂ ਦੀ ਸਿਹਤ ਵਿਗੜੀ
ਪੱਤਰ ਪ੍ਰੇਰਕ
ਏਲਨਾਬਾਦ, 3 ਅਗਸਤ
ਫ਼ਸਲਾਂ ਦੇ ਮੁਆਵਜ਼ੇ ਅਤੇ ਬੀਮਾ ਕਲੇਮ ਦੀ ਮੰਗ ਨੂੰ ਲੈ ਕੇ ਕੱਲ੍ਹ ਪਿੰਡ ਨਰਾਇਣਖੇੜਾ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹੇ ਚਾਰ ਕਿਸਾਨਾਂ ਨੂੰ 36 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਕੋਈ ਹੱਲ ਨਾ ਹੋਣ ਕਾਰਨ ਕਿਸਾਨ ਆਪਣੇ ਫ਼ੈਸਲੇ ’ਤੇ ਅੜੇ ਹੋਏ ਹਨ। ਕਿਸਾਨਾਂ ਨੇ ਟੈਂਕੀ ਦੇ ਉੱਪਰ ਹੀ ਪੂਰੀ ਰਾਤ ਬਿਨਾ ਸੁੱਤਿਆਂ ਬਤੀਤ ਕੀਤੀ।
ਅੱਜ ਦਿਨ ਦੇ ਸਮੇਂ ਦੋ ਕਿਸਾਨਾਂ ਦੀ ਸਿਹਤ ਅਚਾਨਕ ਵਿਗੜ ਗਈ। ਕਿਸਾਨ ਨਰਿੰਦਰਪਾਲ ਸਿੰਘ ਨੂੰ ਬੁਖਾਰ ਅਤੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਜਦੋਂ ਕਿ ਕਿਸਾਨ ਦੀਵਾਨ ਸਹਾਰਨ ਦੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਹੈ। ਅੱਜ ਕਾਂਗਰਸ ਪਾਰਟੀ ਦੇ ਆਗੂ ਡਾਕਟਰ ਕੇਵੀ ਸਿੰਘ, ਇਨੈਲੋ ਨੇਤਾ ਗੋਕਲ ਸੇਤੀਆ, ਅਮੀਰ ਚਾਵਲਾ, ਵੀਰਭਾਨ ਮਹਿਤਾ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਪਿੰਡ ਦੇ ਜਲ ਘਰ ਵਿੱਚ ਹੁਣ ਹੋਰ ਪਿੰਡਾਂ ਤੋਂ ਵੀ ਕਿਸਾਨ ਲਗਾਤਾਰ ਪਹੁੰਚ ਰਹੇ ਹਨ। ਅੱਜ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸਰਕਾਰ ਪੂਰੀ ਤਰ੍ਹਾਂ ਜ਼ਿਮੇਵਾਰ ਹੋਵੇਗੀ। ਟੈਂਕੀ ਤੇ ਚੜ੍ਹੇ ਕਿਸਾਨਾਂ ਭਰਤ ਸਿੰਘ ਵਾਸੀ ਨਰਾਇਣਖੇੜਾ, ਦੀਵਾਨ ਸਹਾਰਨ ਅਤੇ ਨਰਿੰਦਰਪਾਲ ਸਿੰਘ ਵਾਸੀ ਸ਼ੰਕਰਮੰਦੋਰੀ, ਜੈ ਪ੍ਰਕਾਸ਼ ਵਾਸੀ ਨਾਥੂਸਰੀ ਕਲਾਂ ਨੇ ਆਖਿਆ ਕਿ ਜਿੰਨਾ ਸਮਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਟੈਂਕੀ ਤੋਂ ਥੱਲੇ ਨਹੀ ਉੱਤਰਨਗੇ।