ਪਾਵਰਕੌਮ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਸਿਹਤ ਵਿਗੜੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਜੂਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਸਬੰਧਤ 21 ਮੰਗਾਂ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀਆਂ 16 ਜਥੇਬੰਦੀਆਂ ਵੱਲੋਂ ਇੱਥੇ ਲਾਇਆ ਗਿਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਪ੍ਰਦਰਸ਼ਨ ਦੌਰਾਨ ਮਰਨ ਵਰਤ ‘ਤੇ ਬੈਠੇ ਪੰਜ ਕਿਸਾਨ ਆਗੂਆਂ ਦੀ ਹਾਲਤ ਅੱਜ ਢਿੱਲੀ ਨਜ਼ਰ ਆਈ ਪਰ ਹੌਸਲੇ ਬੁਲੰਦ ਦਿਖਾਈ ਦਿੱਤੇ। ਆਗੂਆਂ ਨੇ ਡਾਕਟਰੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਆਗੂਆਂ ਦਾ ਭਾਰ ਕਾਫ਼ੀ ਘਟ ਗਿਆ ਹੈ।
ਸੰਘਰਸ਼ ਜਾਰੀ ਰੱਖਦਿਆਂ ਅੱਜ ਕਿਸਾਨ ਬੀਬੀਆਂ ਸਮੇਤ ਵੱਡੀ ਗਿਣਤੀ ਕਿਸਾਨਾਂ ਨੇ ਫੁਹਾਰਾ ਚੌਕ ਤੱਕ ਰੋਸ ਮਾਰਚ ਕੱਢਿਆ ਅਤੇ ਬਿਜਲੀ ਨਿਗਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਦਾ ਪੁਤਲਾ ਫੂਕਿਆ। ਕਿਸਾਨਾਂ ਦੇ ਧਰਨੇ ਕਾਰਨ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਹੋਣ ਕਰਕੇ 794 ਮੁਲਾਜ਼ਮ ਤੇ ਅਧਿਕਾਰੀ ਅੱਜ ਦਫ਼ਤਰ ਨਹੀਂ ਜਾ ਸਕੇ।
ਇੰਡੀਅਨ ਫਾਰਮਰ ਐਸੋਸੀਏਸ਼ਨ ਤੋਂ ਸਤਨਾਮ ਸਿੰਘ ਬਹਿਰੂ, ਟੌਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਢੈਂਠਲ, ਵੇਰਕਾ ਮਿਲਕ ਪਲਾਂਟ ਤੋਂ ਪਵਨਦੀਪ ਸਿੰਘ ਗੁਰਦਾਸਪੁਰ, ਵੈਟਰਨਰੀ ਫਾਰਮਾਸਿਸਟ ਯੂਨੀਅਨ ਤੋਂ ਬਲਰਾਜ ਸਿੰਘ ਨੇ ਅੱਜ ਧਰਨੇ ‘ਚ ਸ਼ਿਕਰਤ ਕਰਦਿਆਂ ਕਿਸਾਨੀ ਸੰਘਰਸ਼ ਵਿੱਚ ਹਰ ਸੰਭਵ ਸਾਥ ਦੇਣ ਦਾ ਐਲਾਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਬਿਜਲੀ, ਪਾਣੀ ਅਤੇ ਪਖ਼ਾਨੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦਾ ਮੁੱਢਲਾ ਫ਼ਰਜ਼ ਹੈ ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਉਨ੍ਹਾਂ ਨੂੰ ਅਜੇ ਤੱਕ ਅਜਿਹੀ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਇਸ ਦੇ ਰੋਸ ਵਜੋਂ ਮਰਨ ‘ਤੇ ਬੈਠੇ ਕਿਸਾਨ ਆਗੂਆਂ ਨੇ ਸਰਕਾਰ ਦੇ ਬਾਈਕਾਟ ਦਾ ਐਲਾਨ ਕੀਤਾ। ਜਗਜੀਤ ਸਿੰਘ ਡੱਲੇਵਾਲ ਨੇ ਖਦਸ਼ਾ ਪ੍ਰਗਟਾਇਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੰਗ ਕਰਨ ਲਈ ਸੂਬੇ ਵਿੱਚ ਬਿਜਲੀ ਦੇ ਕੱਟ ਲਗਾਏ ਜਾ ਸਕਦੇ ਹਨ।
ਧਰਨਾਕਾਰੀ ਕਿਸਾਨਾਂ ਖ਼ਿਲਾਫ਼ ਬਿਜਲੀ ਚੋਰੀ ਦਾ ਕੇਸ ਦਰਜ
ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰ ਦੇ ਤਿੰਨੇ ਗੇਟ ਬੰਦ ਕਰਕੇ ਧਰਨੇ ‘ਤੇ ਬੈਠੇ ਸੰਯੁਕਤ ਕਿਸਾਨ ਮੋਰਚੇ ਦੇ 12 ਆਗੂਆਂ ਖ਼ਿਲਾਫ਼ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬਿਜਲੀ ਨਿਗਮ ਦੇ ਚੋਰੀ ਰੋਕੂ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਬਿਜਲੀ ਨਿਗਮ ਦੇ ਐੱਸਈ ਧਨਵੰਤ ਸਿੰਘ ਨੇ ਦੱਸਿਆ ਕਿ ਇਹ ਕੇਸ ਸੀਨੀਅਰ ਕਾਰਜਕਾਰੀ ਇੰਜਨੀਅਰ ਪੱਛਮ ਵੰਡ ਮੰਡਲ ਪzwnj;ਟਿਆਲਾ ਦੀ ਸ਼ਿਕਾਇਤ ‘ਤੇੇ ਦਰਜ ਕੀਤਾ ਗਿਆ ਹੈ ਅਤੇ ਸ਼ਿਕਾਇਤ ਦੀ ਕਾਪੀ ਥਾਣਾ ਡਿਵੀਜ਼ਨ ਨੰਬਰ-4 ਵਿਚ ਵੀ ਭੇਜ ਦਿੱਤੀ ਸੀ। ਬਿਜਲੀ ਨਿਗਮ ਨੇ ਮੀਡੀਆ ਨੂੰ ਇਕ ਫੋਟੋ ਜਾਰੀ ਹੈ, ਜਿਸ ਵਿੱਚ ਖੰਭੇ ਤੋਂ ਕੁੰਡੀ ਲਗਾ ਕੇ ਇੱਕ ਏਸੀ ਕੁਨੈਕਸ਼ਨ ਜੋੜਿਆ ਦਿਖਾਈ ਦੇ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਲੋਕ ਭਲਾਈ ਵੈੱਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਸੁਖਜੀਤ ਸਿੰਘ ਹਰਦੋ ਝੰਡੇ, ਦਸੂਹਾ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ, ਪਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਦੋਆਬਾ ਵੈੱਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ, ਬੀਕੇਯੂ ਆਜ਼ਾਦ ਪ੍ਰਧਾਨ ਅਮਰਜੀਤ ਸਿੰਘ ਰੱੜਾ, ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ, ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ, ਕਿਸਾਨ ਯੂਥ ਵਿੰਗ ਪੰਜਾਬ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।