ਸਿਹਤ ਮੰਤਰੀ ਨੇ ਸੰਭਾਲੀ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਦੀ ਕਮਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਕਤੂਬਰ
ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਦੇ ਇਕ ਵਾਰ ਥਿੜਕ ਜਾਣ ਮਗਰੋਂ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਇਸ ਜ਼ਿਲ੍ਹੇ ’ਚ ਜਿਥੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠਾਂ ਉਨ੍ਹਾਂ ਦੀ ਅਗਵਾਈ ਹੇਠਲੇ ਐੱਸਡੀਐੱਮਜ਼ ਤੇ ਹੋਰ ਅਧਿਕਾਰੀਆ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ, ਉਥੇ ਹੀ ਇਸ ਜ਼ਿਲ੍ਹੇ ਵਿਚਲੇ ਇਕਲੌਤੇ ਮੰਤਰੀ ਹੋਣ ਦੇ ਚੱਲਦਿਆਂ ਡਾ. ਬਲਬੀਰ ਸਿੰਘ ਨੇ ਵੀ ਜ਼ਿਲ੍ਹੇ ਭਰ ’ਚ ਹੀ ਮੋਰਚੇ ਸੰਭਾਲ਼ੇ ਹੋਏ ਹਨ। ਇਸ ਕੜੀ ਵਜੋਂ ਉਨ੍ਹਾਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਮੰਡੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾ ਨੇ ਨਾ ਸਿਰਫ਼ ਕਿਸਾਨਾ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ, ਬਲਕਿ ਮੰਡੀ ’ਚ ਮਸ਼ਰੂਫ ਮਜ਼ਦੂਰਾਂ ਨਾਲ ਵੀ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਸਾਰੇ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਾ ਦੇਣ ਆਉਣ ਦਾ ਭਰੋਸਾ ਦਿਤਾ।
ਸਿਹਤ ਮੰਤਰੀ ਨੇ ਅੱਜ ਮੰਡੌੜ, ਧੰਗੇੜਾ, ਲੌਟ, ਬਖ਼ਸ਼ੀਵਾਲਾ ਤੇ ਲੰਗ ਸਮੇਤ ਕਈ ਹੋਰ ਪਿੰਡਾਂ ਵਿਚਲੀਆਂ ਮੰਡੀਆਂ ਤੇ ਖਰੀਦ ਕੇਂਦਰਾਂ ਦਾ ਵੀ ਦੌਰਾ ਕੀਤਾ। ਤਰਕ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮੌਕੇ ’ਤੇ ਹੀ ਅਦਾਇਗੀ ਯਕੀਨੀ ਬਣਾਉਣ ਲਈ ਸਰਕਾਰ ਨੇ ਵਿਹਾਰਕ ਵਿਧੀ ਵਿਕਸਿਤ ਕੀਤੀ ਹੈ ਤੇ ਲਿਫਟਿੰਗ ਸਮੱਸਿਆ ਦੇ ਹੱਲ ਲਈ ਆਰਜੀ ਯਾਰਡ ਵਧਾਏ ਗਏ ਹਨ। ਸਿਹਤ ਮੰਤਰੀ ਨੇ ਮੰਨਿਆ ਕਿ ਕੇਂਦਰੀ ਨੀਤੀਆਂ ਕਰਕੇ ਲਿਫ਼ਟਿੰਗ ਦੀ ਸਮੱਸਿਆ ਤਾਂ ਜ਼ਰੂਰ ਆਈ ਹੈ, ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲਿਫਟਿੰਗ ਵਿੱਚ ਵੀ ਤੇਜ਼ੀ ਆ ਰਹੀ ਹੈ। ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਉਨ੍ਹਾ ਹਦਾਇਤ ਕੀਤੀ ਕਿ ਖਰੀਦ ਸਬੰਧੀ ਕੋਈ ਵੀ ਔਕੜ ਨਾ ਆਉਣ ਦਿੱਤੀ ਜਾਵੇ ਸਰਕਾਰ ਰਾਈਸ ਮਿੱਲਰਾਂ ਸਮੇਤ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਕੁਝ ਮੰਡੀਆਂ ’ਚ ਮੰਤਰੀ ਨੇ ਮੰਡੀ ਮਜ਼ਦੂਰਾਂ ਦੀਆਂ ਵੀ ਵਿਸ਼ੇਸ਼ ਤੌਰ ’ਤੇ ਮੁਸ਼ਕਲਾਂ ਸੁਣੀਆ।