ਸਿਹਤ ਮੰਤਰੀ ਨੇ ਕੈਂਪ ’ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
‘ਆਪ ਦੀ ਸਰਕਾਰ-ਆਪ ਦੇ ਦੁਆਰ’ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਨ ਸੁਵਿਧਾ ਕੈਂਪ ਲਾ ਕੇ ਪਟਿਆਲਾ ਦੇ 14, 16 ਅਤੇ 21 ਨੰਬਰ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਬਹੁਤੀਆਂ ਦਾ ਮੌਕੇ ’ਤੇ ਹੀ ਨਿਪਟਾਰਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸੜਕਾਂ ਦਾ ਪੁੱਟ ਕੇ ਬੁਰਾ ਹਾਲ ਕੀਤਾ ਹੋਇਆ ਸੀ ਤੇ ਪਾਈਪਾਂ ਪਾਉਣ ਦੇ ਕੰਮ ਵੀ ਅਧੂਰੇ ਛੱਡੇ ਗਏ ਸਨ ਜਿਸ ਕਰਕੇ ‘ਆਪ’ ਸਰਕਾਰ ਨੂੰ ਇਨ੍ਹਾਂ ਨੂੰ ਦਰੁਸਤ ਕਰਨ ’ਤੇ ਸਮਾਂ ਲੱਗ ਰਿਹਾ ਹੈ। ਪਿਛਲੀ ਸਰਕਾਰ ਵੱਲੋਂ ਮਹਿੰਗੇ ਭਾਅ ’ਤੇ ਖਰੀਦੀਆਂ ਗਈਆਂ ਲਾਈਟਾਂ ਵੀ ਕਾਮਯਾਬ ਨਹੀਂ ਰਹੀਆਂ, ਪਰ ਹੁਣ ‘ਆਪ’ ਸਰਕਾਰ ਦੌਰਾਨ ਘੱਟ ਰੇਟ ’ਤੇ ਖਰੀਦੀਆਂ ਗਈਆਂ ਉਹੋ ਜਿਹੀਆਂ ਲਾਈਟਾਂ ਠੀਕ ਕੰਮ ਕਰ ਰਹੀਆਂ ਹਨ। ਸਿਹਤ ਮੰਤਰੀ ਨੇ ਫੈਕਟਰੀ ਏਰੀਆ, ਏਕਤਾ ਨਗਰ, ਘੁੰਮਣ ਨਗਰ ਅਤੇ ਅਬਚਲ ਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਵੱਲੋਂ ਰੱਖੀ ਗਈ ਮੰਗ ਤਹਿਤ ਉਨ੍ਹਾਂ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਪੱਕੀ ਸੜਕ ਬਣਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨਾਲ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਤੇ ਐੱਸ.ਐੱਮ.ਓ ਡਾ. ਮੋਨਿਕਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਸਿਹਤ ਮੰਤਰੀ ਨੇ ਪੀਣ ਵਾਲੇ ਪਾਣੀ ਸਬੰਧੀ ਸਮੱਸਿਆਵਾਂ ਦਾ ਜਾਇਜ਼ਾ ਵੀ ਲਿਆ। ਕਈ ਥਾਵਾਂ ’ਤੇ ਵੱਡੀਆਂ ਮੋਟਰਾਂ ਲਾਉਣ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਕਰਨ, ਆਪਣੇ ਖਾਣ-ਪੀਣ ਦਾ ਧਿਆਨ ਰੱਖਣ ਅਤੇ ਪਾਰਕਾਂ ਸਮੇਤ ਆਸ-ਪਾਸ ਦੀ ਸਫ਼ਾਈ ਜ਼ਰੂਰ ਰੱਖਣ। ਇਸ ਮੌਕੇ ਉਨ੍ਹਾਂ ਵੱਲੋਂ ਪਾਰਕਾਂ ਵਿੱਚ ਖੁਸ਼ਬੂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਉਣ ’ਤੇ ਵੀ ਜ਼ੋਰ ਦਿੱਤਾ ਗਿਆ।