ਸਿਹਤ ਮੰਤਰੀ ਵੱਲੋਂ ਐੱਨਐੱਚ ਕਾਮਿਆਂ ਦੀਆਂ ਮੰਗਾਂ ਮੰਨਣ ਦਾ ਭਰੋਸਾ
ਰਵਿੰਦਰ ਰਵੀ
ਬਰਨਾਲਾ, 27 ਨਵੰਬਰ
ਨੈਸ਼ਨਲ ਹੈਲਥ ਮਿਸ਼ਨ ਐਂਪਲਾਈਜ਼ ਯੂਨੀਅਨ ਵੱਲੋਂ ਲੜੇ ਲੰਮੇ ਸੰਘਰਸ਼ ਕਾਰਨ ਸਿਹਤ ਮੰਤਰੀ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮਿਸ਼ਨ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ 2 ਲੱਖ ਤੱਕ ਦਾ ਇਲਾਜ ਮੁਫ਼ਤ ਅਤੇ 40 ਲੱਖ ਦਾ ਦੁਰਘਟਨਾ ਜੀਵਨ ਬੀਮਾ ਕਰਨ ਦਾ ਫ਼ੈਸਲਾ ਕੀਤਾ ਗਿਆ। ਨੈਸ਼ਨਲ ਹੈਲਥ ਮਿਸ਼ਨ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ, ਸੂਬਾ ਜਨਰਲ ਸਕੱਤਰ ਗੁਲਸ਼ਨ ਸ਼ਰਮਾ ਅਮਰਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਕਿਰਨਜੀਤ ਕੌਰ ਪ੍ਰੈੱਸ ਸਕੱਤਰ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਇਸ ਸਿਹਤ ਬੀਮੇ ਨੂੰ ਲਾਗੂ ਕਰਵਾਉਣ ਵਿੱਚ ਪੰਜਾਬ ਸਰਕਾਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਅਤੇ ਪੰਜਾਬ ਦੇ 9500 ਸਿਹਤ ਕਰਮਚਾਰੀਆਂ ਦੀ ਸਿਹਤ ਦੀ ਫਿਕਰ ਕਰਦੇ ਹੋਏ ਸਰਕਾਰ ਤੋਂ ਇਹ ਬੀਮਾ ਪਾਲਸੀ ਲਾਗੂ ਕਰਵਾਈ। ਯੂਨੀਅਨ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਿਹਤ ਸਕੱਤਰ ਕੁਮਾਰ ਰਾਹੁਲ, ਮਿਸ਼ਨ ਡਾਇਰੈਕਟਰ ਘਣਸ਼ਿਆਮ ਥੋਰੀ ਅਤੇ ਸੂਬਾ ਵਿੱਤ ਮੈਨੇਜਰ ਸੌਰਭ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਿਹਤ ਮੰਤਰੀ ਵੱਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦੋ ਮਹੀਨਿਆਂ ’ਚ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਹਜ਼ਾਰਾਂ ਸਿਹਤ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਅਤੇ ਹੋਰ ਬਾਕੀ ਮੰਗਾਂ ਨੂੰ ਦੋ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਜਗਦੇਵ ਸਿੰਘ ਮਾਨਸਾ, ਹਰਪਾਲ ਸਿੰਘ ਸੋਢੀ, ਡਾਕਟਰ ਸੁਮਿਤ ਕਪਾਹੀ, ਦਿਨੇਸ਼ ਕੁਮਾਰ ਪਟਿਆਲਾ, ਅਨੀਤਾ ਸ਼ਰਮਲ ਹੁਸ਼ਿਆਰਪੁਰ, ਮੰਜੂ ਬਾਂਸਲ ਬਰਨਾਲਾ, ਡਾ. ਪ੍ਰਭਜੋਤ ਕੌਰ ਕਪੂਰਥਲਾ, ਡਾ. ਸਿਮਰ ਪਾਲ ਸਿੰਘ ਮੋਗਾ, ਜਸ਼ਨ ਫਤਿਹਗੜ੍ਹ ਸਾਹਿਬ, ਡਾ. ਸ਼ਿਵਰਾਜ ਡਾ. ਜਤਿੰਦਰ, ਡਾ. ਸੁਨੀਲ ਤਰਗੋਤਰਾ, ਰਣਜੀਤ ਕੌਰ ਬਠਿੰਡਾ ਤੇ ਦੀਪਿਕਾ ਸ਼ਰਮਾ ਪਠਾਨਕੋਟ ਹਾਜ਼ਰ ਸਨ।