ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਮੌਤ ਮਗਰੋਂ ਜਾਗਿਆ ਸਿਹਤ ਵਿਭਾਗ
ਕਰਮਜੀਤ ਸਿੰਘ ਚਿੱਲਾ
ਬਨੂੜ, 17 ਨਵੰਬਰ
ਪਿੰਡ ਗੀਗੇਮਾਜਰਾ ਵਿੱਚ ਚਾਰ ਦਿਨਾਂ ਦੌਰਾਨ ਪਰਮਪ੍ਰੀਤ ਸਿੰਘ (22) ਦੀ ਡੇਂਗੂ ਅਤੇ ਇੱਕ ਹੋਰ ਨੌਜਵਾਨ ਰਵਿੰਦਰ ਸਿੰਘ(32) ਦੀ ਕਿਸੇ ਲਾਗ ਕਾਰਨ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਅੱਜ ਪਿੰਡ ਵਿੱਚ ਡਾ. ਰਮਨਪ੍ਰੀਤ ਸਿੰਘ ਚਾਵਲਾ ਅਤੇ ਡਾ. ਰਿੰਪੀ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ। ਇਹ ਕੈਂਪ ਸ਼ਨਿਚਰਵਾਰ ਨੂੰ ਵੀ ਜਾਰੀ ਰਹੇਗਾ।
ਮੁਹਾਲੀ ਦੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਅੱਜ ਪਿੰਡ ਗੀਗੇਮਾਜਰਾ ਦਾ ਦੌਰਾ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਵੱਖ-ਵੱਖ ਘਰਾਂ ਵਿੱਚ ਡੇਂਗੂ ਦੇ ਲਾਰਵੇ ਸਬੰਧੀ ਖ਼ੁਦ ਨਿਰੀਖ਼ਣ ਕੀਤਾ। ਵਿਭਾਗ ਦੀ ਟੀਮ ਨੂੰ ਅੱਜ ਪਿੰਡ ਵਿੱਚੋਂ 18 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਸਿਵਲ ਸਰਜਨ ਨੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਪਾਣੀ ਨਾ ਖੜ੍ਹਨ ਦੇਣ, ਫਾਲਤੂ ਵਸਤਾਂ ਵਿੱਚ ਖੜ੍ਹੇ ਪਾਣੀ ਨੂੰ ਤੁਰੰਤ ਕੱਢਣ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ, ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਜ ਕਰਾਉਣ ਦੀ ਸਲਾਹ ਦਿੱਤੀ।
ਐਸਐਮਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਕੱਲ੍ਹ ਨੌਂ ਮਰੀਜ਼ਾਂ ਦੇ ਡੇਂਗੂ ਟੈਸਟ ਦੇ ਸੈਂਪਲ ਲਏ ਗਏ ਸਨ, ਜਿਹੜੇ ਕਿ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵਿੱਚ ਬੁਖਾਰ ਦੇ 11 ਮਰੀਜ਼ ਪਾਏ ਗਏ, ਜਿਨ੍ਹਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ ਅਤੇ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਫੌਗਿੰਗ ਅਤੇ ਐਂਟੀ ਲਾਰਵਾ ਸਪਰੇਅ ਲਗਾਤਾਰ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ।
ਕਈ ਹੋਰ ਪਿੰਡਾਂ ਵਿੱਚ ਡੇਂਗੂ ਅਤੇ ਬੁਖ਼ਾਰ ਦਾ ਚੱਲ ਰਿਹਾ ਹੈ ਜ਼ੋਰ
ਇਸ ਖੇਤਰ ਦੇ ਪਿੰਡ ਗੋਬਿੰਦਗੜ੍ਹ, ਚੁਡਿਆਲਾ ਸੂਦਾਂ ਅਤੇ ਢੇਲਪੁਰ ਵਿੱਚ ਵੀ ਇਨ੍ਹੀਂ ਦਿਨੀਂ ਬੁਖ਼ਾਰ ਦਾ ਬਹੁਤ ਜ਼ੋਰ ਹੈ। ਬੁਖ਼ਾਰ ਕਾਰਨ ਪਲੇਟਲੈੱਟਸ ਘਟਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਿੰਡਾਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੋਲੋਂ ਪਿੰਡਾਂ ਵਿੱਚ ਫੌਗਿੰਗ ਕਰਾਉਣ ਅਤੇ ਮੈਡੀਕਲ ਕੈਂਪ ਲਗਾਉਣ ਦੀ ਅਪੀਲ ਕੀਤੀ ਹੈ।