ਡੇਂਗੂ ਤੋਂ ਬਚਾਅ ਕਰਨ ਵਾਲਾ ਸਿਹਤ ਵਿਭਾਗ ਇਲਾਕੇ ਵਿੱਚ ਖੁਦ ਵੰਡ ਰਿਹੈ ਬੀਮਾਰੀਆਂ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 9 ਅਗਸਤ
ਲੋਕਾਂ ਨੂੰ ਸਿਹਤ ਸੰਭਾਲ ਦਾ ਹੋਕਾ ਦੇਣ ਵਾਲਾ ਸਥਾਨਕ ਮਿੰਨੀ ਪੀਐਚਸੀ ਅਤੇ ਮੁਹੱਲਾ ਕਲੀਨਿਕ ਖੁਦ ਬਿਮਾਰ ਨਜ਼ਰ ਆ ਰਿਹਾ ਹੈ। ਡੇਂਗੂ ਤੋਂ ਬਚਾਅ ਲਈ ਜਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਜਾਗਰੂਕ ਮੁਹਿੰਮ ਖ਼ਾਨਾਪੂਰਤੀ ਤੱਕ ਸੀਮਤ ਦਿਖਾਈ ਦੇ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਕਸਬੇ ਦੇ ਪ੍ਰਾਇਮਰੀ ਹੈਲਥ ਸੈਂਟਰ ਦੀ ਹਦੂਦ ਅੰਦਰ ਲੱਗੇ ਗੰਦੇ ਪਾਣੀ ਦੇ ਛੱਪੜ ਤੋਂ ਸਾਫ ਨਜ਼ਰ ਆਉਂਦੀ ਹੈ। ਹਸਪਤਾਲ ਦੀ ਹਦੂਦ ਅੰਦਰ ਬਰਸਾਤੀ ਪਾਣੀ ਕਾਰਨ ਲੱਗੇ ਛੱਪੜ ਉੱਪਰ ਡੇਂਗੂ ਤੇ ਮਲੇਰੀਏ ਦਾ ਲਾਰਵਾ ਇਲਾਕੇ ਦੇ ਲੋਕਾਂ ਨੂੰ ਬੁਖਾਰ ਵੰਡ ਰਿਹਾ ਹੈ। ਉੱਥੇ ਹੀ ਸਿਹਤ ਵਿਭਾਗ ਦੀ ਟੀਮ ਆਪਣੀ ਅਫ਼ਸਰਸ਼ਾਹੀ ਨੂੰ ਖੁਸ਼ ਕਰਨ ਲਈ ਇਲਾਕੇ ਵਿੱਚ ਡੇਂਗੂ ਤੋਂ ਬਚਾਅ ਰੱਖਣ ਲਈ ਬਰਸਾਤੀ ਪਾਣੀ ਨੂੰ ਇਕੱਠਾ ਨਾ ਹੋਣ ਲਈ ਜਾਗਰੂਕ ਕਰਦੀ ਦਿਖਾਈ ਦੇ ਰਹੀ ਹੈ ਅਤੇ ਛੱਪੜਾਂ ਵਿੱਚ ਮੱਛੀਆਂ ਛੱਡ ਰਹੀ ਹੈ। ਜਿ਼ਕਰਯੋਗ ਹੈ ਕਿ ਉਕਤ ਹਸਪਤਾਲ ਦੇ ਅੰਦਰ ਹੀ ਤਹਿਸੀਲ ਕੰਪਲੈਕਸ ਬਣਿਆ ਹੋਇਆ ਹੈ। ਜਿੱਥੇ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਰੋਜ਼ਾਨਾ ਬੈਠਦੇ ਹਨ। ਕਸਬਾ ਨਿਵਾਸੀ ਨਰਿੰਦਰ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨੇ ਆਖਿਆ ਕਿ ਹਸਪਤਾਲ ਦੀ ਹਦੂਦ ਅੰਦਰ ਖੜ੍ਹਾ ਗੰਦਾ ਪਾਣੀ ਬਦਬੂ ਮਾਰਨ ਦੇ ਨਾਲ ਨਾਲ ਆਸਪਾਸ ਦੇ ਲੋਕਾਂ ਵਿੱਚ ਬਿਮਾਰੀਆਂ ਵੰਡ ਰਿਹਾ ਹੈ। ਇਲਾਕੇ ਵਿੱਚ ਡੇਂਗੂ ਦਾ ਪ੍ਰਕੋਪ ਵੀ ਸਿਖਰਾ ’ਤੇ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਡੇਂਗੂ ਪ੍ਰਤੀ ਗੰਭੀਰ ਹੋਣ ਦੀ ਬਜਾਏ ਕਾਗਜੀ ਖ਼ਾਨਾਪੂਰਤੀ ਅਤੇ ਫੋਟੋਆਂ ਖਿਚਵਾਉਣ ਤੱਕ ਸੀਮਤ ਹਨ। ਇਸ ਚਾਰਦਿਵਾਰੀ ਵਿੱਚ ਦੋ ਗਜ਼ਟਿਡ ਅਧਿਕਾਰੀਆਂ ਦੇ ਮੌਜੂਦ ਹੋਣ ਦੇ ਬਾਵਜੂਦ ਇਸ ਛੱਪੜ ਵੱਲ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਆਖਿਆ ਕਿ ਕਸਬਾ ਗੋਇੰਦਵਾਲ ਸਾਹਿਬ ਦਾ ਸਰਕਾਰੀ ਹਸਪਤਾਲ ਖ਼ੁਦ ਬਿਮਾਰ ਹੈ ਅਤੇ ਆਮ ਲੋਕਾਂ ਦੇ ਡੇਂਗੂ ਬਚਾਅ ਸਬੰਧੀ ਦਿੱਤੀਆ ਹਦਾਇਤਾ ਦੇ ਸਬੰਧ ਵਿੱਚ ਮੋਟੇ ਚਲਾਨ ਕੱਟੇ ਜਾਂ ਰਹੇ ਹਨ ਪਰ ਖੁਦ ਵਿਭਾਗ ਦੇ ਅਧਿਕਾਰੀਆਂ ਨੂੰ ਕਸਬਾ ਗੋਇੰਦਵਾਲ ਸਾਹਿਬ ਦੇ ਹਸਪਤਾਲ ਅੰਦਰ ਬਣਿਆ ਛੱਪੜ ਦਿਖਾਈ ਨਹੀਂ ਦੇ ਰਿਹਾ।
ਕੀ ਕਹਿੰਦੇ ਨੇ ਅਧਿਕਾਰੀ
ਮਾਮਲੇ ਸੰਬਧੀ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਆਖਿਆ ਕਿ ਹਸਪਤਾਲ ਦੇ ਆਲੇ ਦੁਆਲੇ ਨੂੰ ਸੰਵਾਰਨ ਲਈ ਐਸਐਮਓ ਮੀਆਵਿੰਡ ਦੀ ਡਿਊਟੀ ਲਗਾਈ ਗਈ ਹੈ। ਗੰਦੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਕੇ ਚਾਰਦੀਵਾਰੀ ਨੂੰ ਦਰੁਸਤ ਕਰਵਾਇਆ ਜਾਵੇਗਾ। ਨਾਇਬ ਤਹਿਸੀਲਦਾਰ ਰਾਜਬ੍ਰਿੰਦਰ ਸਿੰਘ ਨੇ ਆਖਿਆ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਤਹਿਸੀਲ ਦਾ ਚਾਰਜ ਸੰਭਾਲਿਆ ਗਿਆ ਹੈ । ਜਲਦੀ ਹੀ ਗੰਦੇ ਪਾਣੀ ਦੀ ਨਿਕਾਸੀ ਤਾਂ ਢੁੱਕਵਾਂ ਪ੍ਰਬੰਧ ਕਰਕੇ ਛੱਪੜ ਵਾਲੀ ਜਗ੍ਹਾ ਨੂੰ ਸੁੰਦਰ ਪਾਰਕ ਵਿੱਚ ਤਬਦੀਲ ਕੀਤਾ ਜਾਏਗਾ ।