ਸਿਹਤ ਵਿਭਾਗ ਦੀ ਟੀਮ ਵੱਲੋਂ ਬੇਕਰੀ ’ਤੇ ਛਾਪਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਨਵੰਬਰ
ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਨਲੋਈਆਂ ਚੌਕ ਦੇ ਨੇੜੇ ਇਕ ਬੇਕਰੀ ’ਤੇ ਛਾਪਾ ਮਾਰ ਕੇ ਖਾਧ ਪਦਾਰਥਾਂ ਦੇ ਨਮੂਨੇ ਲਏ ਤੇ ਘਟੀਆ ਕਿਸਮ ਦੇ ਵਰਤੇ ਜਾ ਰਹੇ ਮੈਦੇ ਅਤੇ ਤਿਆਰ ਕੀਤੇ ਕਰੀਮ ਰੋਲਾਂ ਨੂੰ ਨਸ਼ਟ ਕਰਵਾਇਆ। ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਡਬਲ ਰੋਟੀਆਂ ਤਿਆਰ ਕਰਨ ਵਾਲੀ ਇਸ ਦੁਕਾਨ ਅੰਦਰ ਸਾਫ਼ ਸਫਾਈ ਦਾ ਬੁਰਾ ਹਾਲ ਸੀ। ਉਨ੍ਹਾਂ ਦੱਸਿਆ ਕਿ ਅੰਦਰ ਪਿਆ ਘਟੀਆ ਕਿਸਮ ਦਾ ਸਾਰਾ ਸਾਮਾਨ ਜ਼ਬਤ ਕਰਕੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਦੁਕਾਨ ਮਾਲਕ ਮੁਹੰਮਦ ਅਸਰਿਫ਼ ਦਾ ਅਣ ਹਾਈਜੀਨ ਦਾ ਚਲਾਨ ਵੀ ਕੱਟਿਆ ਗਿਆ। ਇਸ ਦੇ ਨਾਲ ਹੀ ਉਸ ਨੂੰ ਫੂਡ ਸੇਫਟੀ ਦਾ ਸਰਟੀਫਿਕੇਟ ਬਣਵਾਉਣ ਅਤੇ ਬੇਕਰੀ ਦੀ ਸਾਫ਼ ਸਫ਼ਾਈ ਕਰਵਾਉਣ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ। ਟੀਮ ਵਿਚ ਫੂਡ ਸੇਫ਼ਟੀ ਅਫ਼ਸਰ ਮੁਨੀਸ਼ ਸੋਢੀ, ਨਰੇਸ਼ ਕੁਮਾਰ, ਗੁਰਵਿੰਦਰ ਸ਼ਾਨੇ ਮੌਜੂਦ ਸਨ। ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਇਸ ਬੇਕਰੀ ’ਤੇ ਪਿਛਲੇ ਕਈ ਸਾਲਾਂ ਤੋਂ ਡਬਲ ਰੋਟੀ, ਕਰੀਮ ਰੋਲ ਆਦਿ ਬਣਾਏ ਜਾ ਰਹੇ ਸਨ ਜਿੱਥੋਂ ਕਈ ਨਾਮੀ ਬੇਕਰੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਏ ਗਏ ਨਮੂਨਿਆਂ ਨੂੰ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਹੋਣ ਤੇ ਮਿਲਾਵਟਖੋਰਾਂ ਬਾਰੇ ਵਿਭਾਗ ਨੂੰ ਸੂਚਿਤ ਕਰਨ।