ਸਿਹਤ ਵਿਭਾਗ ਦੀ ਟੀਮ ਨੇ ਖਾਧ ਪਦਾਰਥਾਂ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ
ਪੱਤਰ ਪੇ੍ਰਕ
ਜਲੰਧਰ, 26 ਜੂਨ
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਘਿਓ ਅਤੇ ਆਈਸ ਕਰੀਮ ਦੇ 10 ਸੈਂਪਲ ਲਏ ਗਏ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੀਮਾ ਜੰਮੂ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਅਵਤਾਰ ਨਗਰ, ਗੜ੍ਹਾ ਰੋਡ, 66 ਫੁਟੀ ਰੋਡ, ਮਿੱਠਾਪੁਰ ਰੋਡ ਸਥਿਤ ਖਾਣ-ਪੀਣ ਵਾਲੇ ਸਾਮਾਨ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਅਧਿਕਾਰੀਆਂ ਵੱਲੋਂ ਘਿਓ ਦੇ ਚਾਰ ਅਤੇ ਆਈਸ ਕਰੀਮ ਦੇ ਛੇ ਸੈਂਪਲ ਭਰੇ ਗਏ। ਡੀ.ਐਚ.ਓ. ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਮਿਆਰੀ ਅਤੇ ਸਾਫ-ਸੁਥਰੇ ਖਾਧ ਪਦਾਰਥ ਮਿਲ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਧ ਪਦਾਰਥਾਂ ਦੇ ਸੈਂਪਲ ਸਟੇਟ ਫੂਡ ਲੈਬਾਰਟਰੀ, ਪੰਜਾਬ ਨੂੰ ਭੇਜੇ ਜਾਣਗੇ ਅਤੇ ਸੈਂਪਲਾਂ ਦੀ ਰਿਪੋਰਟ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ। ਡਾ. ਰੀਮਾ ਨੇ ਅੱਗੇ ਕਿਹਾ ਕਿ ਮਿਲਾਵਟਖੋਰੀ ਇਕ ਗੰਭੀਰ ਅਪਰਾਧ ਹੈ, ਜੋ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰਦੀ ਹੈ, ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਖਾਣ-ਪੀਣ ਵਾਲਾ ਸਾਮਾਨ ਵੇਚਣ ਵਾਲੇ ਅਦਾਰਿਆਂ ਨੂੰ ਐਫ.ਐਸ.ਐਸ.ਏ.ਆਈ. ਦੇ ਮਾਪਦੰਡਾਂ ਅਨੁਸਾਰ ਭੋਜਨ ਉਤਪਾਦਾਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੇ ਸਮਾਨ ਦੀਆਂ ਸਾਰੀਆਂ ਦੁਕਾਨਾਂ ਵਿੱਚ ਐਫ.ਐਸ.ਐਸ.ਏ.ਆਈ. ਲਾਇਸੈਂਸ ਨੂੰ ਦਰਸਾਉਣਾ ਲਾਜ਼ਮੀ ਹੈ।