ਰੂਸ ਦੀ ਨਿੱਜੀ ਫ਼ੌਜ ਦੇ ਮੁਖੀ ਨੇ ਕੀਤੀ ਬਗ਼ਾਵਤ
ਕੀਵ, 24 ਜੂਨ
ਹਥਿਆਰਬੰਦ ਬਗ਼ਾਵਤ ਦਾ ਸੱਦਾ ਦੇਣ ਵਾਲੀ ਵੈਗਨਰ ਪ੍ਰਾਈਵੇਟ ਫ਼ੌਜ ਨੇ ਰੂਸ ਦੇ ਇਕ ਅਹਿਮ ਸ਼ਹਿਰ ‘ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਬਗ਼ਾਵਤ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਗੇ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਮਗਰੋਂ ਮਾਸਕੋ ਅਤੇ ਹੋਰ ਅਹਿਮ ਸ਼ਹਿਰਾਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦੇ ਫ਼ੈਸਲਿਆਂ ਦਾ ਵਿਰੋਧ ਕਰਦਿਆਂ ਵੈਗਨਰ ਫ਼ੌਜ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੂਸ ਦੇ ਪ੍ਰਮੁੱਖ ਸ਼ਹਿਰ ਰੋਸਤੋਵ-ਆਨ-ਦੌਨ ਵਿਚ ਦਾਖ਼ਲ ਹੋ ਗਏ ਹਨ। ਪ੍ਰਿਗੋਜ਼ਿਨ ਨੇ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਰੋਸਤੋਵ-ਆਨ-ਦੌਨ ਵਿੱਚ ਰੂਸੀ ਫ਼ੌਜੀ ਹੈੱਡਕੁਆਰਟਰ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਹ ਹੈੱਡਕੁਆਰਟਰ ਯੂਕਰੇਨ ਵਿੱਚ ਜੰਗ ਦੀ ਨਿਗਰਾਨੀ ਕਰਦਾ ਹੈ। ਪ੍ਰਿਗੋਜ਼ਿਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਹਵਾਈ ਪੱਟੀ ਸਮੇਤ ਸ਼ਹਿਰ ਵਿੱਚ ਸਥਿਤ ਫ਼ੌਜੀ ਟਿਕਾਣਿਆਂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਦੱਖਣੀ ਰੂਸੀ ਸ਼ਹਿਰ ‘ਚ ਦਾਖ਼ਲ ਹੋਣ ‘ਚ ਕਿਵੇਂ ਕਾਮਯਾਬ ਰਿਹਾ ਅਤੇ ਉਸ ਨਾਲ ਕਿੰਨੇ ਕੁ ਲੜਾਕੇ ਹਨ। ਵੈਗਨਰ ਦੀ ਬਗ਼ਾਵਤ ਨਾਲ ਯੂਕਰੇਨ ਜੰਗ ‘ਤੇ ਅਸਰ ਪਵੇਗਾ ਕਿਉਂਕਿ ਹੁਣ ਕੀਵ ਨੇ ਵੀ ਰੂਸ ਦੇ ਕਮਜ਼ੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂਕਰੇਨ ਜੰਗ ‘ਚ ਵੈਗਨਰ ਲੜਾਕਿਆਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਬਖਮੁਤ ਸ਼ਹਿਰ ‘ਤੇ ਕਬਜ਼ਾ ਯਕੀਨੀ ਬਣਾਇਆ ਸੀ। ਪ੍ਰਿਗੋਜ਼ਿਨ ਲਗਾਤਾਰ ਰੂਸੀ ਫ਼ੌਜ ‘ਤੇ ਦੋਸ਼ ਲਾਉਂਦਾ ਆ ਰਿਹਾ ਸੀ ਕਿ ਉਸ ਦੇ ਜਵਾਨਾਂ ਨੂੰ ਹਥਿਆਰ ਅਤੇ ਹੋਰ ਗੋਲੀ-ਸਿੱਕਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਹੈ। ਪ੍ਰਿਗੋਜ਼ਿਨ ਨੇ ਕਿਹਾ ਕਿ ਉਸ ਦੇ ਲੜਾਕੇ ਬੱਚਿਆਂ ਨੂੰ ਕੁਝ ਨਹੀਂ ਆਖ ਰਹੇ ਹਨ ਪਰ ਜੇਕਰ ਕੋਈ ਵੀ ਉਨ੍ਹਾਂ ਦੇ ਰਾਹ ‘ਚ ਅੜਿੱਕਾ ਬਣਿਆ ਤਾਂ ਉਸ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ। ਪ੍ਰਿਗੋਜ਼ਿਨ ਨੇ ਕਿਹਾ ਕਿ ਉਸ ਦਾ ਉਦੇਸ਼ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਸਜ਼ਾ ਦੇਣਾ ਹੈ ਕਿਉਂਕਿ ਰੂਸ ਦੀ ਫ਼ੌਜ ਨੇ ਯੂਕਰੇਨ ‘ਚ ਵੈਗਨਰ ਦੇ ਕੈਂਪਾਂ ‘ਤੇ ਰਾਕੇਟਾਂ, ਹੈਲੀਕਾਪਟਰਾਂ ਅਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਫ਼ੌਜ ਮੁਖੀ ਜਨਰਲ ਵਲੇਰੀ ਗੇਰਾਸਿਮੋਵ ਦੀ ਸ਼ੋਇਗੂ ਨਾਲ ਮੀਟਿੰਗ ਮਗਰੋਂ ਵੈਗਨਰ ਨੂੰ ਤਬਾਹ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਂਜ ਰੱਖਿਆ ਮੰਤਰਾਲੇ ਨੇ ਵੈਗਨਰ ਕੈਂਪਾਂ ‘ਤੇ ਹਮਲੇ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਵੈਗਨਰ ਦੇ ਲੜਾਕਿਆਂ ਨੇ ਇਕ ਰੂਸੀ ਫ਼ੌਜੀ ਹੈਲੀਕਾਪਟਰ ਨੂੰ ਡੇਗ ਲਿਆ ਹੈ ਜਿਸ ਨੇ ਆਮ ਲੋਕਾਂ ਦੇ ਕਾਫ਼ਲੇ ‘ਤੇ ਗੋਲਾਬਾਰੀ ਕੀਤੀ ਸੀ। -ਏਪੀ
ਬੁਰਾਈ ਦੇ ਰਾਹ ‘ਤੇ ਚੱਲਣ ਵਾਲਾ ਖੁਦ ਤਬਾਹ ਹੋ ਜਾਂਦੈ: ਜ਼ੈਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਕਿਹਾ ਕਿ ਜੋ ਵੀ ਬੁਰਾਈ ਦਾ ਰਾਹ ਅਪਣਾਉਂਦਾ ਹੈ, ਉਹ ਖੁਦ ਤਬਾਹ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰੂਸ ਨੇ ਆਪਣੀ ਸਰਕਾਰ ਦੀਆਂ ਕਮਜ਼ੋਰੀਆਂ ਅਤੇ ਪਾਗਲਪਣ ‘ਤੇ ਪਰਦਾ ਪਾਉਣ ਲਈ ਪ੍ਰਚਾਰ ਦੀ ਵਰਤੋਂ ਕੀਤੀ। ਹੁਣ ਇੰਨੀ ਗੜਬੜ ਹੋ ਗਈ ਹੈ ਕਿ ਕਿਸੇ ਵੀ ਝੂਠ ਨੂੰ ਛੁਪਾਇਆ ਨਹੀਂ ਜਾ ਸਕਦਾ ਹੈ। ਜ਼ੈਲੇਂਸਕੀ ਨੇ ਕਿਹਾ ਕਿ ਰੂਸ ਜੇਕਰ ਆਪਣੀ ਫ਼ੌਜ ਅਤੇ ਲੜਾਕਿਆਂ ਨੂੰ ਯੂਕਰੇਨ ‘ਚ ਹੋਰ ਲੰਬੇ ਸਮੇਂ ਤੱਕ ਰਖਦਾ ਹੈ ਤਾਂ ਉਸ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਧਰ ਅਮਰੀਕਾ ਵੱਲੋਂ ਰੂਸ ਦੇ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹ ਇਹ ਮੁੱਦਾ ਜੀ-7 ਮੁਲਕਾਂ ਨਾਲ ਚੁੱਕਣਗੇ। -ਏਪੀ