ਹਰਿਆਣਾ ਕਮੇਟੀ ਨੇ ਲਖਨੌਰ ਸਾਹਿਬ ’ਚ ਮਨਾਇਆ ਮਾਤਾ ਗੁਜਰ ਕੌਰ ਦਾ ਜਨਮ ਦਿਹਾੜਾ
ਰਤਨ ਸਿੰਘ ਢਿੱਲੋਂ
ਅੰਬਾਲਾ, 22 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰ ਕੌਰ ਦਾ 400 ਸਾਲਾ ਜਨਮ ਦਿਹਾੜਾ ਅੱਜ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਲਖਨੌਰ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਨਾਨਕਾ ਪਿੰਡ ਹੈ। ਦੋ ਦਿਨ ਪਹਿਲਾਂ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ ਅਤੇ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਅਰਵਿੰਦਰ ਸਿੰਘ ਨੂਰ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਦਾਦੂ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਸੇਵ ਸਿੰਘ ਰੰਗੀਲਾ ਅਤੇ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਸੁਣਾ ਕੇ
ਨਿਹਾਲ ਕੀਤਾ।
ਸੰਗਤ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਲਖਨੌਰ ਸਾਹਿਬ ਵਿਖੇ ਸਕੂਲ ਕਾਇਮ ਕਰਨ ਦਾ ਐਲਾਨ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਕਮੇਟੀ ਗੁਰਦੁਆਰਿਆਂ ਦਾ ਸੁਚੱਜਾ ਪ੍ਰਬੰਧ ਹੀ ਨਹੀਂ ਕਰ ਰਹੀ ਬਲਕਿ ਧਰਮ ਪ੍ਰਚਾਰ ਅਤੇ ਸਿੱਖਿਆਂ ਦੇ ਖੇਤਰ ਵਿਚ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦੁਆਰਾ ਨਾਡਾ ਸਾਹਿਬ, ਪੰਜੋਖਰਾ ਸਾਹਿਬ ਅਤੇ ਕੁਰੂਕਸ਼ੇਤਰ ਵਿਚ ਸਰਾਂਵਾਂ ਤਾਮੀਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਹਰਿਆਣਾ ਦੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਪੰਜਾਬੀ ਬੈਠੇ ਹਨ, ਉਸ ਹਰੇਕ ਜ਼ਿਲ੍ਹੇ ਵਿਚ ਗੁਰਦੁਆਰਾ ਕਮੇਟੀ ਸਕੂਲ ਖੋਲ੍ਹੇਗੀ। ਜੀਂਦ ਅਤੇ ਕੁਰੂਕਸ਼ੇਤਰ ਵਿਚ ਜਲਦੀ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇੱਥੇ ਲਖਨੌਰ ਸਾਹਿਬ ਵਿਖੇ ਹਰ ਸਾਲ 22 ਨਵੰਬਰ ਨੂੰ ਮਾਤਾ ਜੀ ਦਾ ਜਨਮ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਇਆ ਜਾਇਆ ਕਰੇਗਾ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਕਾਰ ਸੇਵਾ ਵਾਲਿਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪੇ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ, ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਬਾਬਾ ਅਮਰੀਕ ਸਿੰਘ ਪਟਿਆਲਾ ਕਾਰ ਸੇਵਾ ਵਾਲੇ, ਸਵਾਮੀ ਰਾਜੇਸ਼ਵਰਾਨੰਦ ਆਦਿ ਸ਼ਾਮਲ ਸਨ।