ਜਲੰਧਰ ਵਿੱਚ ਹਰਿਵੱਲਭ ਸੰਗੀਤ ਸੰਮੇਲਨ ਦਾ ਆਗਾਜ਼ 29 ਨੂੰ
ਹਤਿੰਦਰ ਮਹਿਤਾ
ਜਲੰਧਰ, 26 ਦਸੰਬਰ
ਭਾਰਤੀ ਕਲਾਸੀਕਲ ਸੰਗੀਤ ਨੂੰ ਸਮਰਪਿਤ ਸੰਸਥਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾ ਸਭਾ ਵੱਲੋਂ ਹਰਿਵੱਲਭ ਸੰਗੀਤ ਸੰਮੇਲਨ ਦਾ ਆਗਾਜ਼ 29 ਦਸੰਬਰ ਨੂੰ ਕਰਵਾਇਆ ਜਾਵੇਗਾ ਤੇ ਇਹ ਸੰਮੇਲਨ 31 ਦਸੰਬਰ ਤਕ ਚੱਲੇਗਾ। ਇਸ ਤੋਂ ਪਹਿਲਾਂ ਕਰਵਾਏ ਜਾ ਰਹੇ ਸੰਗੀਤ ਮੁਕਾਬਲਿਆਂ ਵਿੱਚ ਅੱਜ ਦੂਜੇ ਦਿਨ ਸ਼ਾਸਤਰੀ ਗਾਇਨ ਸੀਨੀਅਰ ਵਰਗ ਅਤੇ ਨਾਨ ਪਰਕਸ਼ਨ ਜੂਨੀਅਰ ਵਰਗ ਦੇ ਮੁਕਾਬਲੇ ਕਰਾਏ ਗਏ। ਹਰਿਵੱਲਭ ਸੰਗੀਤ ਸੰਮੇਲਨ ਤੋਂ ਪਹਿਲਾਂ ਚਾਰ ਦਿਨ ਸੰਗੀਤ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਸੰਗੀਤ ਪ੍ਰੇਮੀ ਹਿੱਸਾ ਲੈਂਦੇ ਹਨ।
ਸਭਾ ਦੇ ਮੈਂਬਰਾਂ ਅਤੇ ਜੱਜਾਂ ਵੱਲੋਂ ਅੱਜ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਸਵਾਮੀ ਸੰਤ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਅਤੇ ਹਰਿਵੱਲਭ ਵੰਦਨਾ ਪੇਸ਼ ਕੀਤੀ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮੁਕਾਬਲੇ ਦੇ ਜੂਨੀਅਰ ਗਰੁੱਪ ਵਿਚ ਮਨਪ੍ਰੀਤ ਕੌਰ ਬਰੇਲੀ ਨੇ ਪਹਿਲਾ, ਜੁਝਾਰ ਸਿੰਘ ਦਿੱਲੀ ਨੇ ਦੂਜਾ ਸਥਾਨ ਅਤੇ ਮਾਨਸ ਪੰਤ ਅਤੇ ਸਤਨੂਰ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿਚ ਸੁਖਮਨ ਸਿੰਘ ਅੰਮ੍ਰਿਤਸਰ ਪਹਿਲੇ, ਭਾਵਿਆ ਦਿੱਲੀ ਦੂਜੇ ਅਤੇ ਇਸ਼ਾਨ ਗੋਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਭਾ ਦੇ ਡਾਇਰੈਕਟਰ ਇੰਜਨੀਅਰ ਐੱਸਐੱਸ.ਅਜੀਮਲ, ਜਨਰਲ ਸਕੱਤਰ ਦੀਪਕ ਬਾਲੀ, ਅਰੁਣ ਮਿਸ਼ਰਾ, ਮਦਨ ਰਾਣਾ, ਡਾ. ਕੁਲਵਿੰਦਰ ਦੀਪ, ਰਮੇਸ਼ ਮੌਦਗਿੱਲ, ਸੰਗਤ ਰਾਮ, ਗੁਰਮੀਤ ਸਿੰਘ, ਡਾ. ਅਸ਼ੋਕ ਉਪਾਧਿਆਏ, ਡਾ. ਜੋਤੀ ਮਿਤੂ, ਡਾ. ਸੁਧਾ ਸ਼ਰਮਾ, ਡਾ. ਪੂਨਮ ਸ਼ਰਮਾ, ਡਾ. ਲਤਾ, ਬਲਵਿੰਦਰ ਬੈਂਸ, ਡਾ. ਗਾਵਿਸ਼ ਰਾਏ, ਗੀਤਾ ਬਾਵਰਾ, ਵੀਕੇ ਗੁਪਤਾ, ਸੰਦੀਸ਼ ਸੌਂਧੀ, ਗੁਰਵਿੰਦਰ ਸਿੰਘ ਨਾਮਧਾਰੀ, ਵੰਦਨਾ ਸ਼ਰਮਾ, ਸੀਮਾ ਭਗਤ, ਰਿਤੂ ਭਾਰਦਵਾਜ, ਸਮੀਰ ਸ਼ਰਮਾ ਹਾਜ਼ਰ ਸਨ।