ਗੁਹਾਟੀ ਹਾਈ ਕੋਰਟ ਵੱਲੋਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ’ਤੇ ਰੋਕ
ਗੁਹਾਟੀ, 25 ਜੂਨ
ਮੁੱਖ ਅੰਸ਼
- ਅਸਾਮ ਕੁਸ਼ਤੀ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਦਿੱਤੇ ਹੁਕਮ
- ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ
ਗੁਹਾਟੀ ਹਾਈ ਕੋਰਟ ਨੇ ਅੱਜ ਅਸਾਮ ਕੁਸ਼ਤੀ ਐਸੋਸੀਏਸ਼ਨ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਦੀਆਂ 11 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ। ਅਸਾਮ ਕੁਸ਼ਤੀ ਐਸੋਸੀਏਸ਼ਨ ਨੇ ਡਬਲਯੂਐੱਫਆਈ, ਭਾਰਤ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਤੇ ਖੇਡ ਮੰਤਰਾਲੇ ਖ਼ਿਲਾਫ਼ ਦਾਇਰ ਪਟੀਸ਼ਨ ‘ਚ ਕਿਹਾ ਕਿ ਉਹ ਡਬਲਯੂਐੱਫਆਈ ਦੇ ਮੈਂਬਰ ਵਜੋਂ ਮਾਨਤਾ ਦੇ ਹੱਕਦਾਰ ਹਨ ਪਰ ਉੱਤਰ ਪ੍ਰਦੇਸ਼ ਦੇ ਗੋਂਡਾ ‘ਚ 15 ਨਵੰਬਰ 2014 ਨੂੰ ਡਬਲਯੂਐੱਫਆਈ ਦੀ ਆਮ ਕੌਂਸਲ ਨੂੰ ਤਤਕਾਲੀ ਕਾਰਜਕਾਰੀ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਅਜਿਹਾ ਨਹੀਂ ਕੀਤਾ ਗਿਆ। ਐਡਹਾਕ ਕਮੇਟੀ ਨੇ ਵੋਟਰ ਸੂਚੀ ਲਈ ਨਾਂ ਭੇਜਣ ਦੀ ਆਖਰੀ ਮਿਤੀ 25 ਜੂਨ ਤੈਅ ਕੀਤੀ ਹੈ ਜਦਕਿ ਡਬਲਯੂਐੱਫਆਈ ਲਈ ਚੋਣਾਂ 11 ਜੁਲਾਈ ਨੂੰ ਹੋਣੀਆਂ ਹਨ। ਪਟੀਸ਼ਨਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸੰਸਥਾ ਨੂੰ ਡਬਲਯੂਐੱਫਆਈ ਤੋਂ ਮਾਨਤਾ ਨਹੀਂ ਮਿਲਦੀ ਤੇ ਉਹ ਵੋਟਰ ਸੂਚੀ ਲਈ ਆਪਣਾ ਨੁਮਾਇੰਦਾ ਨਾਮਜ਼ਦ ਨਹੀਂ ਕਰਵਾਉਂਦੇ ਉਦੋਂ ਤੱਕ ਚੋਣ ਪ੍ਰਕਿਰਿਆ ਰੋਕੀ ਜਾਣੀ ਚਾਹੀਦੀ ਹੈ। ਅਦਾਲਤ ਨੇ ਸਬੰਧਤ ਧਿਰਾਂ ਡਬਲਯੂਐੱਫਆਈ ਦੀ ਐਡਹਾਕ ਕਮੇਟੀ ਤੇ ਖੇਡ ਮੰਤਰਾਲੇ ਨੂੰ ਹਦਾਇਤ ਕੀਤੀ ਕਿ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਕ ਤੱਕ ਉਹ ਡਬਲਯੂਐੱਫਆਈ ਦੀ ਕਾਰਜਕਾਰੀ ਕਮੇਟੀ ਦੀ ਚੋਣ ਪ੍ਰਕਿਰਿਆ ‘ਤੇ ਅੱਗੇ ਨਾ ਵਧਣ। ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਅਸਾਮ ਕੁਸ਼ਤੀ ਐਸੋਸੀਏਸ਼ਨ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਉਹ ਸੂਬੇ ‘ਚ ਕੁਸ਼ਤੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਹ ਡਬਲਯੂਐਫਆਈ ਵੱਲੋਂ ਕਈ ਕੌਮੀ ਤੇ ਸੂਬਾ ਪੱਧਰੀ ਮੁਕਾਬਲੇ ਵੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। -ਪੀਟੀਆਈ