For the best experience, open
https://m.punjabitribuneonline.com
on your mobile browser.
Advertisement

ਝੱਖੜ ਤੇ ਮੀਂਹ ਨੇ ਕਣਕ ਦੀ ਫਸਲ ਧਰਤੀ ’ਤੇ ਵਿਛਾਈ

08:09 AM Mar 31, 2024 IST
ਝੱਖੜ ਤੇ ਮੀਂਹ ਨੇ ਕਣਕ ਦੀ ਫਸਲ ਧਰਤੀ ’ਤੇ ਵਿਛਾਈ
ਪਿੰਡ ਭਾਰ ਸਿੰਘ ਪੁਰਾ ਵਿੱਚ ਕਣਕ ਦੇ ਹੋਏ ਨੁਕਸਾਨ ਬਾਰੇ ਦੱਸਦੇ ਪੀੜਤ ਕਿਸਾਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 30 ਮਾਰਚ
ਤੜਕਸਾਰ ਚੱਲੀਆਂ ਤੇਜ਼ ਹਵਾਵਾਂ ਨੇ ਕਈ ਥਾਂ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜ਼ੋਰਦਾਰ ਗੜਕਦੀ ਆਸਮਾਨੀ ਬਿਜਲੀ ਨੇ ਕਿਸਾਨਾਂ ਨੂੰ ਡੂੰਘਿਆ ਫਿਕਰਾਂ ਵਿੱਚ ਪਾ ਦਿੱਤਾ। ਇਸ ਤੇਜ਼ ਤੁਫਾਨ ਨੇ ਜਿੱਥੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਉੱਥੇ ਕਈ ਸੜਕਾਂ ’ਤੇ ਦਰੱਖਤ ਡਿੱਗਣ ਨਾਲ ਲੰਮਾ ਸਮਾਂ ਆਵਾਜਾਈ ਪ੍ਰਭਾਵਿਤ ਰਹੀ। ਇਸ ਤੇਜ਼ ਤੁਫਾਨ ਕਾਰਨ ਜਲੰਧਰ ਜ਼ਿਲ੍ਹੇ ਵਿੱਚ ਹੀ ਇੱਕ ਹਜ਼ਾਰ ਤੋਂ ਵੱਧ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਤੇ ਖੰਭੇ ਨੁਕਸਾਨੇ ਗਏ। ਇਸੇ ਕਾਰਨ ਸ਼ਹਿਰਾਂ ਵਿੱਚ ਤਾਂ ਬਿਜਲੀ 10 ਤੋਂ 12 ਘੰਟੇ ਪ੍ਰਭਾਵਿਤ ਰਹੀ। ਕਣਕ ਦਾ ਸਭ ਤੋਂ ਵੱਧ ਨੁਕਸਾਨ ਨੂਰਮਹਿਲ, ਫਿਲ਼ੌਰ, ਸ਼ਾਹਕੋਟ ਤੇ ਲੋਹੀਆ ਇਲਾਕਿਆਂ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਜ਼ਿਆਦਾ ਨੁਕਸਾਨ ਉਨ੍ਹਾਂ ਕਣਕਾਂ ਨੂੰ ਹੋਇਆ ਜਿਨ੍ਹਾਂ ਨੂੰ ਤਾਜ਼ਾ ਪਾਣੀ ਲੱਗਾ ਹੋਇਆ ਸੀ। ਬਦਲਦੇ ਮੌਸਮ ਦੀ ਸਭ ਤੋਂ ਵੱਧ ਮਾਰ ਖੇਤੀ ਖੇਤਰ ਵਿੱਚ ਪੈ ਰਹੀ ਹੈ ਕਿਉਂਕਿ ਖੇਤੀ ਦਾ ਸਾਰਾ ਸਰਕਲ ਮੌਸਮ ’ਤੇ ਹੀ ਨਿਰਭਰ ਕਰ ਰਿਹਾ ਹੈ। ਫਿਲੌਰ ਤਹਿਸੀਲ ਦੇ ਪਿੰਡ ਭਾਰ ਸਿੰਘਪੁਰਾ ਦੇ ਕਿਸਾਨਾਂ ਨੇ ਆਪਣੀਆਂ ਨੁਕਸਾਨੀਆਂ ਫ਼ਸਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਉਨ੍ਹਾਂ ਦੀਆਂ ਕਣਕਾਂ 80 ਫੀਸਦ ਤੱਕ ਨੁਕਸਾਨੀਆਂ ਗਈਆਂ ਹਨ। ਹਾਲਾਂ ਕਿ ਖੇਤੀਬਾੜੀ ਵਿਭਾਗ ਇਨ੍ਹਾਂ ਤੁਫਾਨੀ ਹਵਾਵਾਂ ਨਾਲ ਕਣਕ ਤੇ ਹੋਰ ਫਸਲਾਂ ਦਾ ਨੁਕਸਾਨ 5 ਫੀਸਦ ਹੀ ਹੋਇਆ ਦੱਸਿਆ ਜਾ ਰਿਹਾ ਹੈ। ਵਿਭਾਗ ਦਾ ਮੰਨਣਾ ਸੀ ਕਿ ਅਸਲ ਸਥਿਤੀ ਦਾ ਪਤਾ ਪਹਿਲੀ ਅਪਰੈਲ ਨੂੰ ਲੱਗ ਸਕਦਾ ਹੈ। ਮੁੱਖ ਖੇਤੀ ਬਾੜੀ ਅਫਸਰ ਜਸਵੰਤ ਸਿੰਘ ਰਾਏ ਦਾ ਕਹਿਣਾ ਸੀ ਕਿ ਤੇਜ਼ ਚੱਲੀਆਂ ਹਵਾਵਾਂ ਨਾਲ ਕਣਕ ਦਾ ਨੁਕਸਾਨ ਬਹੁਤਾ ਨਹੀਂ ਹੋਇਆ। ਉਨ੍ਹਾਂ ਥਾਵਾਂ ’ਤੇ ਹੀ ਕਣਕਾਂ ਲੰਮੀਆਂ ਪਈਆ ਹਨ ਜਿੱਥੇ ਕਿਸਾਨਾਂ ਨੇ ਪਾਣੀ ਲਾਇਆ ਹੋਇਆ ਸੀ।
ਉਧਰ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੇ ਮੁਲਾਜ਼ਮ ਅੱਜ ਸਾਰਾ ਦਿਨ ਬਿਜਲੀ ਦੀਆਂ ਟੁੱਟੀਆਂ ਤਾਰਾਂ ਨੂੰ ਕੱਸਦੇ ਰਹੇ। ਜਿੱਥੇ ਖੰਭੇ ਡਿੱਗ ਗਏ ਸਨ ਉਨ੍ਹਾਂ ਨੂੰ ਮੁੜ ਤੋਂ ਖੜੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰੀ ਮੁਸ਼ਕੱਤ ਤੋਂ ਬਾਅਦ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾ ਸਕੀ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਤੇਜ਼ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਮੌਜੂਦਾ ਬੱਦਲਵਾਈ ਵਾਲੇ ਮੌਸਮ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ, ਕਿਉਂਕਿ ਫ਼ਸਲ ਜਲਦੀ ਵਾਢੀ ਲਈ ਤਿਆਰ ਹੋ ਰਹੀ ਹੈ। ਜ਼ਿਲ੍ਹੇ ਵਿੱਚ ਸ਼ਨਿਚਰਵਾਰ ਤੜਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਇਸ ਨਾਲ ਭਾਵੇਂ ਫ਼ਸਲਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਪਰ ਖਾਸਾ ਇਲਾਕੇ ’ਚ ਤੇਜ਼ ਹਵਾਵਾਂ ਨਾਲ ਕਣਕ ਦੀ ਫਸਲ ਕਈ ਥਾਈਂ ਖੇਤਾਂ ਵਿੱਚ ਵਿਛ ਗਈ ਹੈ। ਕਿਸਾਨ ਇਸ ਗੱਲੋਂ ਚਿੰਤਤ ਹਨ ਕਿ ਮੌਜੂਦਾ ਮੌਸਮ ਕਾਰਨ ਭਾਰੀ ਮੀਂਹ ਪੈ ਸਕਦਾ ਹੈ।
ਖੇਤੀ ਮਾਹਿਰਾਂ ਅਨੁਸਾਰ ਵਾਢੀ ਦੇ ਨੇੜੇ ਭਾਰੀ ਮੀਂਹ ਦਾਣਿਆਂ ਦੀ ਚਮਕ ਨੂੰ ਨੁਕਸਾਨ ਪਹੁੰਚਾਉਣ ਲਈ ਜਾਣਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਫਸਲ ਵੇਚਣ ਵਿੱਚ ਸਮੱਸਿਆ ਆਉਂਦੀ ਹੈ। ਜੇਕਰ ਗੜੇਮਾਰੀ ਦੇ ਨਾਲ ਮੀਂਹ ਪੈਂਦਾ ਹੈ, ਤਾਂ ਇਸ ਦਾ ਅਸਰ ਕਣਕ ਦੇ ਝਾੜ ’ਤੇ ਵੀ ਪੈਂਦਾ ਹੈ, ਕਿਉਂਕਿ ਇਹ ਸਿੱਟੇੇ ’ਚੋਂ ਦਾਣੇ ਧੋ ਦਿੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਹਲਕੀ ਬਾਰਿਸ਼ ਨੇ ਵੀ ਉਨ੍ਹਾਂ ਨੂੰ ਚਿੰਤਾ ’ਚ ਪਾਇਆ ਹੈ, ਕਿਉਂਕਿ ਉਨ੍ਹਾਂ ਨੂੰ ਕਣਕ ਦੀ ਵਾਢੀ ਤੋਂ ਵੱਡੀਆਂ ਉਮੀਦਾਂ ਹਨ। ਇਸ ਸੀਜ਼ਨ ਵਿੱਚ ਮੁਕਾਬਲਤਨ ਠੰਢੀ ਸਰਦੀ ਹੋਣ ਕਾਰਨ ਕਿਸਾਨਾਂ ਨੂੰ ਇਸ ਸਾਲ ਕਣਕ ਦਾ ਝਾੜ ਵਧਣ ਦੀ ਆਸ ਹੈ। ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਸਿਰਫ ਹਲਕੀ ਬਾਰਿਸ਼ ਹੋਈ ਅਤੇ ਇਸ ਤਰ੍ਹਾਂ ਫਸਲਾਂ ਨੂੰ ਕੋਈ ਖਤਰਾ ਨਹੀਂ ਹੈ। ਅਸਲ ਵਿੱਚ ਇਹ ਥੋੜੀ ਮਦਦ ਕਰ ਸਕਦਾ ਹੈ ਕਿਉਂਕਿ ਇਸ ਨੇ ਤਾਪਮਾਨ ਨੂੰ ਘਟਾ ਦਿੱਤਾ ਹੈ, ਜੋ ਕਿ ਕਣਕ ਦੀ ਫਸਲ ਲਈ ਚੰਗਾ ਹੈ।

Advertisement

Advertisement
Author Image

sanam grng

View all posts

Advertisement
Advertisement
×