ਗੇਮਿੰਗ ਜ਼ੋਨ ਹਾਦਸੇ ਦਾ ਗੁਜਰਾਤ ਹਾਈ ਕੋਰਟ ਨੇ ਲਿਆ ਨੋਟਿਸ
ਅਹਿਮਦਾਬਾਦ/ਰਾਜਕੋਟ, 26 ਮਈ
ਗੁਜਰਾਤ ਹਾਈ ਕੋਰਟ ਨੇ ਰਾਜਕੋਟ ਵਿਚ ਸ਼ਨਿੱਚਰਵਾਰ ਨੂੰ ਵਾਪਰੇ ਗੇਮਿੰਗ ਜ਼ੋਨ ਹਾਦਸੇ ਦਾ ਨੋੋਟਿਸ ਲੈਂਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ‘ਵਿਅਕਤੀ ਵੱਲੋਂ ਸਹੇੜੀ ਆਫ਼ਤ’ ਹੈ। ਜਸਟਿਸ ਬੀਰੇਨ ਵੈਸ਼ਨਵ ਤੇ ਜਸਟਿਸ ਦੇਵਨ ਦੇਸਾਈ ਦੇ ਬੈਂਚ ਨੇ ਕਿਹਾ ਕਿ ਅਜਿਹੇ ਗੇਮਿੰਗ ਜ਼ੋਨ ਕਿਸੇ ਸਮਰੱਥ ਅਥਾਰਿਟੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਗੈਰ ਹੀ ਚਲਾਏ ਜਾ ਰਹੇ ਹਨ। ਬੈਂਚ ਨੇ ਅਹਿਮਦਾਬਾਦ, ਵਡੋਦਰਾ, ਸੂਰਤ ਤੇ ਰਾਜਕੋਟ ਨਗਰ ਨਿਗਮਾਂ ਦੇ ਵਕੀਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੋਮਵਾਰ ਨੂੰ ਅਦਾਲਤ ਅੱਗੇ ਪੇਸ਼ ਹੋ ਕੇ ਦੱਸਣ ਕਿ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਤਹਿਤ ਅਧਿਕਾਰੀਆਂ ਨੇ ਇਨ੍ਹਾਂ ਯੂਨਿਟਾਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਗੇਮਿੰਗ ਜ਼ੋਨ ਸਥਾਪਤ ਕਰਨ ਜਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ। ਅਦਾਲਤ ਇਸ ਪਟੀਸ਼ਨ ’ਤੇ ਸੋਮਵਾਰ ਨੂੰ ਅੱਗੇ ਸੁਣਵਾਈ ਕਰੇਗੀ। ਇਸ ਦੌਰਾਨ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਘਟਨਾ ਦੇ ਸਬੰਧ ’ਚ ਪੁਲੀਸ ਨੇ ਗੇਮਿੰਗ ਜ਼ੋਨ ਦੇ ਛੇ ਭਾਈਵਾਲਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ ਤੇ ਗੇਮਿੰਗ ਜ਼ੋਨ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੇਮਿੰਗ ਜ਼ੋਨ ਵਿਚ ਸ਼ਨਿੱਚਰਵਾਰ ਸ਼ਾਮ ਨੂੰ ਲੱਗੀ ਅੱਗ ਕਰਕੇ 27 ਵਿਅਕਤੀਆਂ ਦੀ ਮੌਤ ਤੇ ਤਿੰਨ ਜਣੇ ਜ਼ਖ਼ਮੀ ਹੋਏ ਹਨ। ਗੁਜਰਾਤ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਸੀ, ਜੋ 72 ਘੰਟਿਆਂ ਵਿਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ‘ਸਿਟ’ ਮੈਂਬਰਾਂ ਨੇ ਸ਼ਨਿੱਚਰਵਾਰ ਦੇਰ ਰਾਤ ਸਥਾਨਕ ਪ੍ਰਸ਼ਾਸਨ ਨਾਲ ਬੈਠਕ ਕੀਤੀ। ਬੈਠਕ ਵਿਚ ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਮੌਜੂਦ ਸਨ। ਅੱਗ ਕਰਕੇ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ, ਜਿਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਹੈ। ਅਧਿਕਾਰੀਆਂ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਲਈ ਲਾਸ਼ਾਂ ਦੇ ਡੀਐੱਨਏ ਨਮੂਨੇ ਇਕੱਤਰ ਕੀਤੇ ਗਏ ਹਨ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਸਵੇਰੇ ਨਾਨਾ-ਮਾਵਾ ਰੋਡ ’ਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਮਗਰੋਂ ਹਸਪਤਾਲ ਵਿਚ ਜ਼ਖ਼ਮੀਆਂ ਨੂੰ ਵੀ ਮਿਲੇ। ਹਾਦਸੇ ਦੇ ਪੀੜਤਾਂ ਵਿਚ ਚਾਰ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 12 ਸਾਲ ਤੋੋਂ ਘੱਟ ਹੈ। ਬੈਂਚ ਨੇ ਕਿਹਾ, ‘‘ਅਸੀਂ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹ ਕੇ ਹੈਰਾਨ ਹਾਂ, ਜਿਨ੍ਹਾਂ ਤੋਂ ਸੰਕੇਤ ਮਿਲਦੇ ਹਨ ਕਿ ਰਾਜਕੋਟ ’ਚ ਗੇਮਿੰਗ ਜ਼ੋਨ ਨੂੰ ਬਣਾਉਣ ਲਈ ਗੁਜਰਾਤ ਸਮੱਗਰ ਆਮ ਵਿਕਾਸ ਕੰਟਰੋਲ ਰੈਗੂਲੇਟਰ (ਜੀਡੀਸੀਆਰ) ਵਿਚਲੀਆਂ ਚੋਰ-ਮੋਰੀਆਂ ਦਾ ਫਾਇਦਾ ਚੁੱਕਿਆ ਗਿਆ ਹੈ। ਜਿਵੇਂ ਕਿ ਅਖ਼ਬਾਰਾਂ ’ਚ ਛਪਿਆ ਹੈ ਕਿ ਗੇਮਿੰਗ ਜ਼ੋਨ ਸਮਰੱਥ ਅਧਿਕਾਰੀਆਂ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਬਣੇ ਹਨ।’’
ਦੂਜੇ ਪਾਸੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੱਸਿਆ ਕਿ ਅੱਜ ਤੜਕੇ ਰਾਜਕੋਟ ਤਾਲੁਕਾ ਪੁਲੀਸ ਵੱਲੋਂ ਦਰਜ ਐੱਫਆਈਆਰ ’ਚ ਧਵਲ ਕਾਰਪੋਰੇਸ਼ਨ ਦੇ ਮਾਲਕ ਧਵਲ ਠਾਕਰ, ਰੇਸਵੇਅ ਐਂਟਰਪ੍ਰਾਈਜ਼ ਦੇ ਭਾਈਵਾਲਾਂ ਅਸ਼ੋਕ ਸਿੰਘ ਜਡੇਜਾ, ਕੀਰਤ ਸਿੰਘ ਜਡੇਜਾ, ਪ੍ਰਕਾਸ਼ ਚੰਦ ਹਿਰੇਨ, ਯੁਵਰਾਜ ਸਿੰਘ ਸੋਲੰਕੀ ਅਤੇ ਰਾਹੁਲ ਰਾਠੌੜ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾ 304, 308, 337, 338 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਾਜਕੋਟ ਦੇ ਡੀਸੀਪੀ (ਅਪਰਾਧ) ਪਾਰਥਰਾਜ ਸਿੰਹ ਗੋਹਿਲ ਨੇ ਕਿਹਾ ਕਿ ਟੀਆਰਪੀ ਗੇਮ ਜ਼ੋਨ ਦੀ ਸੰਚਾਲਕ ਰੇਸਵੇਅ ਐਂਟਰਪ੍ਰਾਈਜ਼ ਦੇ ਇੱਕ ਭਾਈਵਾਲ ਯੁਵਰਾਜ ਸਿੰਘ ਸੋਲੰਕੀ ਅਤੇ ਇਸ ਦੇ ਮੈਨੇਜਰ ਨਿਤਿਨ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਹਿਲ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਪਰਾਧ ਸ਼ਾਖਾ ਦੀਆਂ ਵੱਖ-ਵੱਖ ਟੀਮਾਂ ਕਾਇਮ ਕੀਤੀਆਂ ਗਈਆਂ ਹਨ। ਰਾਜਕੋਟ ਦੇ ਪੁਲੀਸ ਕਮਿਸ਼ਨਰ ਰਾਜੂ ਭਾਰਗਵ ਨੇ ਕਿਹਾ ਕਿ ਸਥਾਨਕ ਪੁਲੀਸ ਨੇ ਨਵੰਬਰ 2023 ’ਚ ਗੇਮਿੰਗ ਜ਼ੋਨ ਲਈ ਬੁਕਿੰਗ ਲਾਇਸੰਸ ਦਿੱਤਾ ਸੀ, ਜਿਸ ਨੂੰ 1 ਜਨਵਰੀ ਤੋਂ 31 ਦਸੰਬਰ 2024 ਤੱਕ ਰੀਨਿਊ ਕੀਤਾ ਗਿਆ ਸੀ। ਅਧਿਕਾਰੀ ਮੁਤਾਬਕ, ‘‘ਗੇਮ ਜ਼ੋਨ ਨੂੰ ਰੋਡ ਤੇ ਬਿਲਡਿੰਗ ਵਿਭਾਗ ਵੱਲੋਂ ਮਨਜ਼ੂਰੀ ਮਿਲ ਗਈ ਸੀ। ਇਸ ਨੇ ਫਾਇਰ ਐੱਨਓਸੀ ਲੈਣ ਲਈ ਅੱਗ ਸੁਰੱਖਿਆ ਉਪਕਰਨ ਦਾ ਸਰਟੀਫਿਕੇਟ ਵੀ ਜਮ੍ਹਾਂ ਕਰਵਾ ਦਿੱਤਾ ਸੀ, ਜੋ ਪ੍ਰਕਿਰਿਆ ਅਧੀਨ ਸੀ, ਜਿਹੜਾ ਹਾਲੇ ਪੂਰਾ ਨਹੀਂ ਹੋਇਆ।’’ ਇਸੇ ਦੌਰਾਨ ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਵੱਲੋਂ ਇਹਤਿਆਤੀ ਅੇ ਸੁਰੱਖਿਆ ਕਦਮਾਂ ਵਜੋਂ ਵੱਖ-ਵੱਖ ਥਾਵਾਂ ’ਤੇ ਸਾਰੇ ਗੇਮ ਜ਼ੋਨਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ ਕੌਮੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਗੁਜਰਾਤ ਸਰਕਾਰ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ