ਗਾਰਡ ਨੇ ਚੋਰਾਂ ’ਤੇ ਚਲਾਈ ਗੋਲੀ; ਇੱਕ ਜ਼ਖ਼ਮੀ
ਪੱਤਰ ਪ੍ਰੇਰਕ
ਪਠਾਨਕੋਟ, 6 ਫਰਵਰੀ
ਸੁਜਾਨਪੁਰ-ਪਠਾਨਕੋਟ ਰੋਡ ’ਤੇ ਗੈਰੀਸਨ ਇੰਜਨੀਅਰ ਪਾਰਕ ਵਿੱਚ ਬੀਤੀ ਦੇਰ ਰਾਤ ਚੋਰੀ ਕਰਨ ਦੀ ਨੀਅਤ ਨਾਲ ਦੋ ਵਿਅਕਤੀ ਦਾਖਲ ਹੋ ਗਏ ਜਿਸ ਦੌਰਾਨ ਉੱਥੇ ਡਿਊਟੀ ’ਤੇ ਤਾਇਨਾਤ ਗਾਰਡ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਪਹਿਲਾਂ ਹਵਾਈ ਫਾਇਰ ਕੀਤਾ। ਜਦੋਂ ਉਨ੍ਹਾਂ ਗਾਰਡ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਬਚਾਅ ਲਈ ਗੋਲੀ ਚਲਾ ਦਿੱਤੀ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਅਤੇ ਦੂਸਰੇ ਨੂੰ ਮੌਕੇ ’ਤੇ ਫੜ ਲਿਆ ਗਿਆ। ਬਾਅਦ ਵਿੱਚ ਉਸ ਨੂੰ ਸੁਜਾਨਪੁਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਦੀ ਪਹਿਚਾਣ ਮੁਹੰਮਦ ਹੁਸੈਨ ਉਰਫ ਤੇਗ ਅਲੀ ਵਾਸੀ ਪਿੰਡ ਮੁੱਦੇ ਵਜੋਂ ਹੋਈ ਹੈ ਜਦਕਿ ਦੂਸਰੇ ਸਾਥੀ ਦੀ ਪਹਿਚਾਣ ਮੁਸ਼ਤਾਕ ਅਲੀ ਉਰਫ ਸਨੀ ਵਾਸੀ ਮਨਵਾਲ ਵਜੋਂ ਹੋਈ ਹੈ। ਜ਼ਖਮੀ ਨੂੰ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਸੁਜਾਨਪੁਰ ਦੇ ਥਾਣਾ ਮੁਖੀ ਅਮਲੋਕ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗਾਰਡ ਪੂਰਨ ਚੰਦ ਵੱਲੋਂ ਦਿੱਤੇ ਬਿਆਨ ਮੁਤਾਬਕ ਉਹ ਰਾਤ ਨੂੰ ਡਿਊਟੀ ’ਤੇ ਤਾਇਨਾਤ ਸੀ ਕਿ ਰਾਤ 3:30 ਵਜੇ ਦੇ ਕਰੀਬ 2 ਵਿਅਕਤੀ ਗੈਰੀਸਨ ਇੰਜੀਨੀਅਰ ਪਾਰਕ ਵਿੱਚ ਪਿੱਛੋਂ ਚੋਰੀ ਕਰਨ ਲਈ ਅੰਦਰ ਵੜੇ। ਜਦੋਂ ਉਸ ਨੇ ਦੇਖਿਆ ਤਾਂ ਪਹਿਲਾਂ ਹਵਾਈ ਫਾਇਰ ਕੀਤਾ। ਇੰਨੇ ਵਿੱਚ ਦੋਵਾਂ ਨੇ ਲੋਹੇ ਦੀ ਕਿਸੇ ਚੀਜ਼ ਨਾਲ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਲਈ ਉਸ ਨੇ ਆਪਣੇ ਬਚਾਅ ਕਰਦਿਆਂ ਇੱਕ ਨੌਜਵਾਨ ਦੀ ਲੱਤ ’ਤੇ ਗੋਲੀ ਮਾਰੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਸ਼ਤਾਕ ਅਲੀ ’ਤੇ ਪਹਿਲਾਂ ਵੀ ਚੋਰੀਆਂ ਦੇ ਤਿੰਨ ਕੇਸ ਦਰਜ ਹਨ ਜਦਕਿ ਜ਼ਖਮੀ ਹੋਏ ਮੁਹੰਮਦ ਹੁਸੈਨ ਖਿਲਾਫ਼ ਸੁਜਾਨਪੁਰ ਥਾਣੇ ਵਿੱਚ ਦੋ ਮਾਮਲੇ ਤੇ ਇੱਕ ਮਾਮਲਾ ਬੈਜਨਾਥ ਹਿਮਾਚਲ ਪ੍ਰਦੇਸ਼ ਵਿੱਚ ਦਰਜ ਹੈ।