ਪੰਜਾਬ ’ਚ ਡਿੱਗ ਰਹੇ ਜ਼ਮੀਨੀ ਪਾਣੀ ਨੂੰ ਪਈ ਠੱਲ੍ਹ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਅਕਤੂਬਰ
ਪੰਜਾਬ ਵਿੱਚ ਵਰ੍ਹਿਆਂ ਤੋਂ ਲਗਾਤਾਰ ਹੇਠਾਂ ਜਾ ਰਹੇ ਪਾਣੀ ਨੂੰ ਹੁਣ ਠੱਲ੍ਹ ਪਈ ਹੈ। ਇਹ ਖੁਲਾਸਾ ਕੇਂਦਰੀ ਗਰਾਊਂਡ ਵਾਟਰ ਬੋਰਡ-2024 ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ ਜਿਸ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਨੇ ਇਸ ਰਿਪੋਰਟ ਦਾ ਅਧਾਰ 2023 ਵਿੱਚ ਪਾਣੀਆਂ ਦੀ ਨਾਪੀ ਮਿਕਦਾਰ ਨੂੰ ਬਣਾਇਆ ਹੈ। ਤਾਜ਼ਾ ਖੁਲਾਸੇ ਅਨੁਸਾਰ ਸੂਬੇ ਦੇ 63 ਬਲਾਕ ਅਜਿਹੇ ਹਨ ਜਿੱਥੇ ਜ਼ਮੀਨੀ ਪਾਣੀ ਦੇ ਨਿਕਾਸ ਦਾ ਪੁੱਠਾ ਗੇੜਾ ਸ਼ੁਰੂ ਹੋਇਆ ਹੈ ਅਤੇ ਹਰ ਸਾਲ ਹੇਠਾਂ ਜਾ ਰਹੇ ਪਾਣੀ ਨੂੰ ਬਰੇਕ ਲੱਗੀ ਹੈ। ਸਾਲ 2001-02 ਤੋਂ ਨਰਮਾ ਪੱਟੀ ਵਾਲੇ ਦਰਜਨਾਂ ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਸੀ।
ਪਿਛਲੇ ਵਰ੍ਹੇ ਦੀ ਰਿਪੋਰਟ ਵਿਚ ਪਾਣੀ ਦੀ ਨਿਕਾਸੀ ਸਥਿਰ ਹੋਣ ਦੇ ਸੰਕੇਤ ਮਿਲੇ ਸਨ ਪਰ ਨਵੀਂ ਰਿਪੋਰਟ ਵਿਚ ਪੰਜ ਬਲਾਕਾਂ ਵਿਚ ਨਿਕਾਸੀ ਦੀ ਕੈਟਾਗਰੀ ਬਦਲ ਗਈ ਹੈ। ਸੂਬੇ ਦੇ ਗੁਰੂਹਰਸਹਾਏ ਅਤੇ ਮੱਖੂ ਬਲਾਕ ਹੁਣ ‘ਸੇਫ ਜ਼ੋਨ’ ਵਿਚ ਆ ਗਏ ਹਨ ਜੋ ਸਾਲ ਪਹਿਲਾਂ ਅਰਧ ਨਾਜ਼ੁਕ ਜ਼ੋਨ ਵਿਚ ਸਨ।
ਫ਼ਿਰੋਜ਼ਪੁਰ ਅਤੇ ਸ੍ਰੀ ਹਰਗੋਬਿੰਦਪੁਰ ਬਲਾਕ ਹੱਦ ਤੋਂ ਵੱਧ ਪਾਣੀ ਕੱਢੇ ਜਾਣ ਵਾਲੇ ਜ਼ੋਨ ਤੋਂ ‘ਕ੍ਰਿਟੀਕਲ’ ਜ਼ੋਨ ਵਿਚ ਆ ਗਏ ਹਨ ਜਦੋਂਕਿ ਬਲਾਚੌਰ ‘ਕ੍ਰਿਟੀਕਲ’ ਜ਼ੋਨ ’ਚੋਂ ‘ਸੈਮੀ ਕ੍ਰਿਟੀਕਲ’ ਜ਼ੋਨ ਵਿਚ ਆ ਗਿਆ ਹੈ। ਇਸ ਤਰ੍ਹਾਂ 63 ਬਲਾਕ ਅਜਿਹੇ ਹਨ ਜਿੱਥੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਦੀ ਦਰ ’ਚ ਸੁਧਾਰ ਹੋਇਆ ਹੈ। ਲਗਪਗ 16 ਬਲਾਕ ਅਜਿਹੇ ਹਨ ਜਿੱਥੇ 20 ਫ਼ੀਸਦੀ ਤੋਂ ਵੱਧ ਪਾਣੀ ਦੀ ਸਤਹ ਨੂੰ ਮੋੜਾ ਪਿਆ ਹੈ। ਸੂਬੇ ਵਿਚ ਕੁੱਲ 153 ਬਲਾਕ ਹਨ ਜਿਨ੍ਹਾਂ ਦੀ ਜ਼ਮੀਨੀ ਪਾਣੀ ਦੀ ਮਿਕਦਾਰ ਨੂੰ ਸਾਲ ਵਿਚ ਦੋ ਵਾਰ ਮਾਪਿਆ ਜਾਂਦਾ ਹੈ।
ਚੇਤੇ ਰਹੇ ਕਿ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ ਸਾਲਾਨਾ ਸੇਫ਼ ਮਿਕਦਾਰ ਤੋਂ ਲੋੜੋਂ ਵੱਧ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਵਰ੍ਹੇ ਪੰਜਾਬ ਵਿਚ ਹੜ੍ਹ ਆਉਣ ਅਤੇ ‘ਆਪ’ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਵਾਸਤੇ ਚੁੱਕੇ ਕਦਮ ਕਾਰਨ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ। ਪਿਛਲੇ ਸਾਲ ਸਲਾਨਾ 18.84 ਅਰਬ ਕਿਊਬਿਕ ਮੀਟਰ ਪਾਣੀ ਦਾ ਰੀਚਾਰਜ ਸੀ ਜੋ ਐਤਕੀਂ ਵਧ ਕੇ 19.19 ਅਰਬ ਕਿਊਬਿਕ ਮੀਟਰ ਹੋ ਗਿਆ ਹੈ।
ਸੂਬੇ ’ਚ 28 ਅਰਬ ਕਿਊਬਿਕ ਮੀਟਰ ਤੋਂ ਵੱਧ ਕੱਢਿਆ ਜਾਂਦਾ ਹੈ ਪਾਣੀ
ਕੇਂਦਰੀ ਪੈਮਾਨਿਆਂ ਅਨੁਸਾਰ ਪੰਜਾਬ ਵਿਚੋਂ ਜੇਕਰ ਸਾਲਾਨਾ 17.07 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾਂਦਾ ਹੈ ਤਾਂ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ ਪਰ ਹਕੀਕਤ ਵਿਚ ਸਾਲਾਨਾ 28 ਅਰਬ ਕਿਊਬਿਕ ਮੀਟਰ ਤੋਂ ਵੱਧ ਪਾਣੀ ਦਾ ਨਿਕਾਸ ਹੁੰਦਾ ਹੈ। ਪੰਜਾਬ ਵਿਚ ਝੋਨੇ ਦੀ ਫ਼ਸਲ ਕਰਕੇ ਜ਼ਮੀਨੀ ਪਾਣੀ ਦਾ ਨਿਕਾਸ ਕਿਤੇ ਜ਼ਿਆਦਾ ਹੈ। ਸੂਬੇ ਵਿਚ 13.91 ਲੱਖ ਟਿਊਬਵੈੱਲ ਹਨ ਜਿਨ੍ਹਾਂ ਨੂੰ ਮੁਫ਼ਤ ਪਾਣੀ ਦਿੱਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿੱਚ 1950 ਵਿੱਚ ਸਿਰਫ਼ 10 ਖੇਤੀ ਟਿਊਬਵੈੱਲ ਸਨ। ਹੁਣ ਜਦੋਂ ਮਾਨਸਾ ਜ਼ਿਲ੍ਹਾ ਵੱਖਰਾ ਵੀ ਬਣ ਚੁੱਕਾ ਹੈ ਤਾਂ ਬਠਿੰਡਾ ਜ਼ਿਲ੍ਹੇ ਵਿਚ ਟਿਊਬਵੈੱਲਾਂ ਦੀ ਗਿਣਤੀ ਵਧ ਕੇ 78,325 ਹੋ ਗਈ ਹੈ। ਰਿਪੋਰਟ ਅਨੁਸਾਰ ਸੂਬੇ ਵਿਚ ਐਤਕੀਂ ਸਾਲਾਨਾ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ 17.63 ਅਰਬ ਕਿਊਬਿਕ ਮੀਟਰ ਹੈ ਜੋ ਕਿ ਪਿਛਲੇ ਵਰ੍ਹੇ 16.97 ਅਰਬ ਕਿਊਬਿਕ ਮੀਟਰ ਸੀ।