ਦਾਜ ਲਈ ਹਾਮੀ ਨਾ ਭਰਨ ’ਤੇ ਲਾੜਾ ਵਿਆਹ ਤੋਂ ਮੁੱਕਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਨਵੰਬਰ
ਇਥੇ ਇੱਕ ਵਿਆਹ ਸਮਾਗਮ ਦੌਰਾਨ ਲੜਕੀ ਵਾਲੇ ਸਾਰੀਆਂ ਤਿਆਰੀਆਂ ਕਰਕੇ ਬਰਾਤ ਦਾ ਸਵਾਗਤ ਕਰਨ ਲਈ ਉਡੀਕ ਕਰਦੇ ਰਹੇ ਪਰ ਬਰਾਤੀ ਵਿਆਹ ਲਈ ਪਹੁੰਚੇ ਹੀ ਨਹੀਂ। ਉਡੀਕ ਰਹੇ ਲੜਕੀ ਵਾਲਿਆਂ ਨੇ ਇਸ ਦੌਰਾਨ ਕਈ ਵਾਰ ਲੜਕਾ ਪਰਿਵਾਰ ਦੇ ਜੀਆਂ ਨੂੰ ਫੋਨ ਲਾਇਆ ਪਰ ਅੱਗਿਓਂ ਕਿਸੇ ਨੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ। ਇਸ ਸਬੰਧ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਪਰਿਵਾਰ ’ਤੇ ਦਹੇਜ ਮੰਗਣ ਅਤੇ ਮੰਗ ਪੂਰੀ ਨਾ ਕਰਨ ’ਤੇ ਵਿਆਹ ਤੋਂ ਮੁੱਕਰਨ ਦੇ ਦੋਸ਼ ਹੇਠ ਪੁਲੀਸ ਵਿੱਚ ਸ਼ਿਕਾਇਤ ਕੀਤੀ ਗਈ ਹੈ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਮੋਰਿੰਡਾ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਉਨ੍ਹਾਂ ਦੀ ਲੜਕੀ ਦਾ ਵਿਆਹ ਤੈਅ ਹੋਇਆ ਸੀ ਅਤੇ ਇਸ ਸਬੰਧ ਵਿੱਚ ਉਨ੍ਹਾਂ ਹਾਲੇ ਮੰਗਲਵਾਰ ਹੀ ਮੋਰਿੰਡਾ ਦੇ ਇੱਕ ਹੋਟਲ ਵਿੱਚ ਸ਼ਗਨ ਦੀ ਰਸਮ ਵੀ ਅਦਾ ਕੀਤੀ ਸੀ। ਅਗਲੇ ਦਿਨ ਬੁੱਧਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾਣੀਆਂ ਸਨ। ਬੁੱਧਵਾਰ ਨੂੰ ਤੈਅ ਸਮੇਂ ਅਨੁਸਾਰ ਲੜਕੀ ਦੇ ਪਰਿਵਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਤੇ ਸਾਰੇ ਬਾਰਾਤ ਦੀ ਉਡੀਕ ਕਰਨ ਲੱਗ ਪਏ ਪਰ ਲਾੜਾ ਬਾਰਾਤ ਲੈ ਕੇ ਨਹੀਂ ਪੁੱਜਿਆ। ਇਸ ਸਬੰਧੀ ਜਦੋਂ ਲੜਕੇ ਦੇ ਪਰਿਵਾਰ ’ਚੋਂ ਕਿਸੇ ਨੇ ਫੋਨ ਵੀ ਨਾ ਚੁੱਕਿਆ ਤਾਂ ਵਿਚੋਲੇ ਨੂੰ ਸੰਪਰਕ ਕੀਤਾ ਗਿਆ ਜਿਸ ਤੋਂ ਪਤਾ ਲੱਗਿਆ ਕਿ ਲੜਕੇ ਦੇ ਪਰਿਵਾਰ ਵੱਲੋਂ ਲੱਖਾਂ ਰੁਪਏ ਕੈਸ਼ ਤੇ ਕਰੇਟਾ ਕਾਰ ਦੀ ਮੰਗ ਰੱਖੀ ਗਈ ਹੈ। ਲੜਕੇ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਜੇਕਰ ਉਹ ਇਹ ਸਾਮਾਨ ਦੇ ਸਕਦੇ ਹਨ ਤਾਂ ਲੜਕਾ ਬਾਰਾਤ ਲੈ ਕੇ ਆ ਜਾਵੇਗਾ। ਲੜਕੀ ਦੇ ਪਰਿਵਾਰ ਵੱਲੋਂ ਇਸ ਸਬੰਧ ਵਿੱਚ ਥੋੜੇ ਸਮੇਂ ਦੀ ਮੋਹਲਤ ਮੰਗੀ ਗਈ ਪਰ ਦਾਜ ਲਈ ਹਾਮੀ ਨਾ ਭਰੇ ਜਾਣ ਕਾਰਨ ਲੜਕੇ ਵਾਲੇ ਬਾਰਾਤ ਲੈ ਕੇ ਨਾ ਆਏ।
ਲੜਕੀ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਦਾਜ ਦੇ ਲਾਲਚ ਵਿੱਚ ਆ ਕੇ ਕਿਸੇ ਲੜਕੀ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰ ਸਕੇ। ਇਸ ਸਬੰਧ ਵਿੱਚ ਲੜਕੀ ਦੇ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਖ਼ਿਲਫਾ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।