ਪਿੰਗਲਵਾੜਾ ਦੇ ਗ੍ਰੀਨ ਮੈਨੀਫੈਸਟੋ ਨੂੰ ਸਿਆਸੀ ਆਗੂਆਂ ਵੱਲੋਂ ਨਾ ਮਿਲਿਆ ਹੁੰਗਾਰਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਤੇ ਹੋਰ ਹਮਖਿਆਲੀ ਸੰਸਥਾਵਾਂ ਵੱਲੋਂ ਜਾਰੀ ਕੀਤੇ ਗ੍ਰੀਨ ਮੈਨੀਫੈਸਟੋ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।
ਪਿੰਗਲਵਾੜਾ ਸੰਸਥਾ ਨੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਸਵਾਲ ਉਠਾਏ ਸਨ ਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਚੋਣ ਲੜ ਰਹੇ ਸਿਆਸੀ ਪਾਰਟੀਆ ਦੇ ਉਮੀਦਵਾਰਾਂ ਕੋਲੋਂ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਸੀ।
ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਰਾਜਨੀਤਕ ਨੇਤਾਵਾਂ ਵਿੱਚ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਣ ਦੀ ਨਾ ਤਾਂ ਇੱਛਾ ਸ਼ਕਤੀ ਹੈ ਅਤੇ ਨਾ ਹੀ ਦਿਲਚਸਪੀ ਹੈ। ਇਸ ਦੌਰਾਨ ਪਿੰਗਲਵਾੜਾ ਸੁਸਾਇਟੀ ਨੇ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦਾ 120ਵਾਂ ਜਨਮ ਦਿਹਾੜਾ ਰੇਲਵੇ ਸਟੇਸ਼ਨ ਦੇ ਬਾਹਰ ਬੈਠ ਕੇ ਅਨੋਖੇ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਜਦੋਂ ਭਗਤ ਪੂਰਨ ਸਿੰਘ ਕੜਾਕੇ ਦੀ ਗਰਮੀ ਵਿੱਚ ਸੇਵਾ ਕਰਦੇ ਸਨ, ਦੇ ਹਾਲਾਤ ਨੂੰ ਮਹਿਸੂਸ ਕੀਤਾ ਜਾ ਸਕੇ।
ਭਗਤ ਪੂਰਨ ਸਿੰਘ ਨੇ ਬੇਸਹਾਰਾ ਅਤੇ ਮਾਨਸਿਕ ਤੌਰ ’ਤੇ ਅਪਾਹਜ ਲੋਕਾਂ ਲਈ ਸੇਵਾ ਸ਼ੁਰੂ ਕੀਤੀ ਸੀ। ਦੇਸ਼ ਵੰਡ ਤੋਂ ਬਾਅਦ ਉਹ ਪਾਕਿਸਤਾਨ ਤੋਂ ਆਏ ਸਨ ਤੇ ਉਹ ਰੇਲਵੇ ਸਟੇਸ਼ਨ ਦੇ ਬਾਹਰ ਫੁਟਪਾਥ ’ਤੇ ਬੈਠ ਕੇ ਲੋਕਾਂ ਦੀ ਸੇਵਾ ਕਰਦੇ, ਉਨ੍ਹਾਂ ਦੀ ਸੇਵਾ ਸੰਭਾਲ ਵਾਸਤੇ ਭੋਜਨ ਦਾ ਪ੍ਰਬੰਧ ਕਰਦੇ, ਦਵਾਈ ਤੇ ਹੋਰ ਮਦਦ ਦਾ ਪ੍ਰਬੰਧ ਕਰਦੇ। ਸਖ਼ਤ ਗਰਮੀ ਵਿਚ ਵੀ ਇੱਥੇ ਬੈਠਦੇ ਅਤੇ ਮਦਦ ਦੀ ਉਡੀਕ ਕਰਦੇ ਸਨ।
ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ 3 ਜੂਨ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਸੰਸਥਾ ਵੱਲੋਂ ਮਾਨਾਵਾਲਾ ਕੰਪਲੈਕਸ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਬਾਇਓ ਗੈਸ ਪਲਾਂਟ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ 3 ਜੂਨ ਨੂੰ ਕੀਤਾ ਜਾਵੇਗਾ। ਅਗਲੇ ਦਿਨ ਧਾਰਮਿਕ ਪ੍ਰੋਗਰਾਮ ਹੋਣਗੇ ਜਦੋਂਕਿ ਪਿੰਗਲਵਾੜਾ ਸੁਸਾਇਟੀ ਵੱਲੋਂ ਸੋਵੀਨਾਰ ਅਤੇ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਜਾਵੇਗੀ।