ਸਭ ਤੋਂ ਵੱਡਾ ਸੁੱਖ ਸੰਤੁਸ਼ਟੀ
ਗੋਪਾਲ ਸ਼ਰਮਾ
ਜ਼ਿੰਦਗੀ ਕੁਦਰਤ ਦੀ ਬਖ਼ਸ਼ੀ ਹੋਈ ਇੱਕ ਖ਼ੂਬਸੂਰਤ ਦਾਤ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਦੂਜਾ ਪੱਖ ਇਹ ਹੈ ਕਿ ਅਸੀਂ ਕੁਦਰਤ ਦੇ ਦਿੱਤੇ ਇਸ ਨਾਯਾਬ ਤੋਹਫ਼ੇ ਨੂੰ ਖ਼ੂਬਸੂਰਤ ਬਣਾਉਣ ਦੀ ਥਾਂ ਇਸ ਨੂੰ ਬਦਸੂਰਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਅਸੀਂ ਚਾਰ ਦਿਨਾਂ ਦੀ ਇਸ ਜ਼ਿੰਦਗੀ ਨੂੰ ਹਰ ਵਕਤ ਫਿਕਰਾਂ ਦੀ ਸੂਲੀ ’ਤੇ ਟੰਗੀ ਰੱਖਦੇ ਹਾਂ। ਵੈਸੇ ਵੀ ਜ਼ਿੰਦਗੀ ਨੇ ਰੋ ਕੇ ਵੀ ਲੰਘ ਹੀ ਜਾਣਾ ਹੈ ਅਤੇ ਹੱਸ ਖੇਡ ਕੇ ਵੀ। ਫਿਰ ਕਿਉਂ ਨਾ ਹਰ ਵਕਤ ਮਰੂ-ਮਰੂ ਕਰਨ ਦੀ ਬਜਾਇ ਇਸ ਨੂੰ ਹੌਸਲੇ ਨਾਲ ਜਿਉਣ ਲਈ ਤਵੱਜੋ ਦਿੱਤੀ ਜਾਵੇ।
ਵਰਤਮਾਨ ਵਿੱਚ ਜਿਸ ਦਾ ਮਰਜ਼ੀ ਹਾਲ ਪੁੱਛ ਲਵੋ, ਉਹ ਇਹੋ ਉੱਤਰ ਦਿੰਦਾ ਹੈ ਕਿ ਬਸ ਟਾਈਮ ਪਾਸ ਹੋ ਰਿਹਾ ਹੈ। ਉਹ ਜਾਂ ਆਪਣਾ ਰੰਡੀ ਰੋਣਾ ਸ਼ੁਰੂ ਕਰ ਦਿੰਦਾ ਹੈ। ਜਦੋਂਕਿ ਅਸੀਂ ਇਸ ਜਹਾਨ ’ਚ ਸਿਰਫ਼ ਟਾਈਮ ਪਾਸ ਕਰਨ ਲਈ ਨਹੀਂ ਆਏ ਅਤੇ ਨਾ ਹੀ ਦੂਜਿਆਂ ਸਾਹਮਣੇ ਆਪਣੇ ਦੁਖੜਿਆਂ ਦਾ ਗੁਣਗਾਨ ਕਰਨ ਆਏ ਹਾਂ। ਰੱਬ ਨੇ ਸਾਨੂੰ ਇਹ ਜੀਵਨ ਹੰਢਾਉਣ ਲਈ ਦਿੱਤਾ ਹੈ ਨਾ ਕਿ ਕਸਾਈਆਂ ਵਾਂਗ ਕੱਟਣ ਲਈ। ਦੂਜਾ ਸਮਾਂ ਸਦਾ ਆਪਣੀ ਚਾਲ ਚੱਲਦਾ ਹੈ ਅਰਥਾਤ ਜਦੋਂ ਅਸੀਂ ਇਸ ਸੰਸਾਰ ਵਿੱਚ ਨਹੀਂ ਸੀ, ਸਮਾਂ ਉਦੋਂ ਵੀ ਲੰਘ ਹੀ ਰਿਹਾ ਸੀ। ਲੋਕਾਂ ਨੂੰ ਘਰੇਲੂ ਸਮੱਸਿਆਵਾਂ ਉਦੋਂ ਵੀ ਸਨ, ਸ਼ਾਇਦ ਅੱਜ ਦੇ ਮੁਕਾਬਲੇ ਜ਼ਿਆਦਾ ਹੀ ਸਨ। ਇਸ ਲਈ ਹਰ ਵਾਰ ਸਮੇਂ ਦਾ ਮਿਹਣਾ ਮਾਰ ਕੇ ਆਪਣੇ ਜੀਵਨ ਦਾ ਨਿਰਾਦਰ ਕਰਨਾ ਵੀ ਠੀਕ ਨਹੀਂ ਹੈ ਤੇ ਨਾ ਹੀ ਸਭ ਅੱਗੇ ਆਪਣੀ ਕਬੀਲਦਾਰੀ ਦੇ ਪਰਦੇ ਖੋਲ੍ਹਣਾ। ਪਰਮਾਤਮਾ ਨੇ ਸਾਡੀ ਸਹੂਲਤ ਲਈ ਸਾਨੂੰ ਬਹੁਤ ਸਾਰੀਆਂ ਨਿਆਮਤਾਂ ਬਖ਼ਸ਼ੀਆਂ ਹਨ। ਸਾਡੀ ਹਰ ਛੋਟੀ ਵੱਡੀ ਜ਼ਰੂਰਤ ਦਾ ਉਸ ਮਾਲਕ ਨੇ ਪੂਰਾ ਖਿਆਲ ਰੱਖਿਆ ਹੈ। ਸਭ ਤੋਂ ਵੱਡੀ ਗੱਲ ਸਾਨੂੰ ਪਰਿਵਾਰ ਦਿੱਤਾ ਹੈ ਜੋ ਸਾਡੇ ਜਿਉਣ ਦਾ ਆਧਾਰ ਹੈ। ਸਾਡੇ ਰਿਸ਼ਤੇ-ਨਾਤੇ
ਜ਼ਿੰਦਗੀ ਵਿੱਚ ਪਿਆਰ ਦੇ ਰੰਗ ਭਰਦੇ ਹਨ। ਬਚਪਨ, ਜਵਾਨੀ ਅਤੇ ਬੁਢਾਪਾ ਇਨ੍ਹਾਂ ਤਿੰਨ ਪੜਾਵਾਂ ਵਿੱਚ ਵੰਡੀ ਇਹ ਜ਼ਿੰਦਗੀ ਰਿਸ਼ਤੇ-ਨਾਤਿਆਂ ਨਾਲ ਹੀ ਸੋਹਣੀ ਲੱਗਦੀ ਹੈ। ਫੇਰ ਚਾਹੇ ਉਹ ਰਿਸ਼ਤੇ ਖੂਨ ਦੇ ਹੋਣ ਜਾਂ ਫਿਰ ਦੁਨਿਆਵੀ। ਹਰ ਸਬੰਧ ਦੀ ਜੀਵਨ ਵਿੱਚ ਆਪਣੀ ਇੱਕ ਵਿਸ਼ੇਸ਼ ਥਾਂ ਹੈ।
ਬਚਪਨ ਮਾਂ ਦੀ ਬੁੱਕਲ ਵਿੱਚ ਚਿੰਤਾ ਰਹਿਤ ਬੀਤ ਜਾਂਦਾ ਹੈ ਅਤੇ ਜਵਾਨੀ ਸੰਘਰਸ਼ ਕਰਦਿਆਂ ਅਤੇ ਫਰਜ਼ ਨਿਭਾਉਂਦਿਆਂ ਬੁਢਾਪੇ ਵਿੱਚ ਪ੍ਰਵੇਸ਼ ਕਰਦੀ ਹੈ। ਬਾਕੀ ਰਹੀ ਗੱਲ ਬੁਢਾਪੇ ਦੀ ਤਾਂ ਬੁਢਾਪੇ ਵਿੱਚ ਆਪਣਾ ਸਰੀਰ ਅਤੇ ਆਪਣੇ ਦੋਵੇਂ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਹਨ। ਇਸ ਉਮਰੇ ਮਨ ਅੰਦਰ ਦੱਬੀਆਂ ਰੀਝਾਂ ਦੇ ਪਛਤਾਵੇ ਅਤੇ ਕਮਜ਼ੋਰ ਅੱਖਾਂ ਵਿੱਚ ਧੁੰਦਲੀਆਂ ਯਾਦਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ। ਲਾਚਾਰੀ ਵਿੱਚ ਬੰਦਾ ਨਾ ਵਧੀਆ ਪਾ ਸਕਦਾ ਹੈ ਅਤੇ ਨਾ ਹੀ ਦਵਾਈਆਂ ਤੋਂ ਸਿਵਾਏ ਕੁਝ ਹੋਰ ਚੱਜ ਨਾਲ ਖਾ ਪੀ ਸਕਦਾ ਹੈ। ਉਹ ਨਾ ਹੀ ਕਿਤੇ ਆ-ਜਾ ਸਕਦਾ ਹੈ। ਇਸ ਉਮਰੇ ਬਸ ਬੰਦਾ ਮੰਜੇ ’ਤੇ ਪਿਆ ਆਪਣੀ ਮੌਤ ਦੀਆਂ ਦੁਆਵਾਂ ਕਰਨ ਜੋਗਾ ਹੀ ਰਹਿ ਜਾਂਦਾ ਹੈ। ਇਸ ਲਈ ਵਕਤ ਰਹਿੰਦੇ ਜ਼ਿੰਦਗੀ ਨੂੰ ਜਿਉਣਾ ਵੀ ਚਾਹੀਦਾ ਹੈ।
ਦਿਲ ਨੂੰ ਹਰ ਵਾਰ ਸਮਝੌਤਿਆਂ ਲਈ ਮਜਬੂਰ ਕਰਨਾ ਸਹੀ ਨਹੀਂ ਹੈ। ਹਰ ਗੱਲ ਲਈ ਬਹੁਤਾ ਗੰਭੀਰ ਹੋਣਾ ਵੀ ਗ਼ਲਤ ਹੈ। ਹੱਦੋਂ ਵੱਧ ਕਿਸੇ ਨਾਲ ਲਗਾਅ ਤੇ ਸਮਰਪਣ ਵੀ ਤਕਲੀਫ਼ਾਂ ਦਾ ਸਬੱਬ ਬਣਦਾ ਹੈ। ਫਾਲਤੂ ਦੀਆਂ ਗੱਲਾਂ ਅਤੇ ਝਮੇਲਿਆਂ ਦੀ ਅਣਦੇਖੀ ਕਰਨਾ ਵੀ ਲਾਜ਼ਮੀ ਹੈ। ਨਹੀਂ ਤਾਂ ਹਰ ਸਮੇਂ ਦਿਮਾਗ਼ ’ਤੇ ਬੋਝ ਪਿਆ ਰਹਿੰਦਾ ਹੈ ਅਤੇ ਇਹੋ ਬੋਝ ਸਾਡਾ ਜਿਉਣਾ ਦੁੱਭਰ ਕਰ ਦਿੰਦਾ ਹੈ। ਬਹੁਤੇ ਲੋਕ ਪੈਸਾ ਕਮਾਉਣ ਦੀ ਚਾਹਨਾ ਵਿੱਚ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਹਨ। ਦਿਨ ਰਾਤ ਪੈਸਾ, ਪੈਸਾ ਕਰਦਿਆਂ ਤਾਅ ਉਮਰ ਗੁਜ਼ਰ ਜਾਂਦੀ ਹੈ ਜਦੋਂਕਿ ਨਤੀਜਾ ਅੰਤ ਸਮੇਂ ਹੱਥ ਖਾਲੀ ਹੀ ਹੁੰਦਾ ਹੈ। ਮੰਨਿਆ ਕਿ ਪੈਸੇ ਬਿਨਾ ਜ਼ਿੰਦਗੀ ਦਾ ਕੋਈ ਖ਼ਾਸ ਮਹੱਤਵ ਨਹੀਂ ਰਹਿ ਜਾਂਦਾ, ਪਰ ਪੈਸੇ ਦੀ ਆੜ ਵਿੱਚ ਆਪਣੇ ਆਪ ਨੂੰ ਭੁੱਲ ਜਾਣਾ ਵੀ ਕਿੱਥੋਂ ਦੀ ਅਕਲਮੰਦੀ ਹੈ। ਕੀ ਫਾਇਦਾ ਅਜਿਹੀ ਕਮਾਈ ਦਾ ਜਿਸ ਨੂੰ ਅਸੀਂ ਆਪ ਕਮਾਉਣ ਦੇ ਬਾਵਜੂਦ ਉਸ ਦਾ ਆਪ ਹੀ ਆਨੰਦ ਨਹੀਂ ਮਾਣ ਸਕਦੇ।
ਜ਼ਿੰਦਗੀ ਵਿੱਚ ਸ਼ੁਗਲ ਮੇਲੇ ਵੀ ਜ਼ਰੂਰੀ ਹਨ। ਮਨਮਾਨੀਆਂ ਕਰਨੀਆਂ ਵੀ ਜ਼ਰੂਰੀ ਹਨ। ਉਂਜ ਵੀ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾਉਣ ਲਈ ਬਹੁਤਾ ਕੁਝ ਖ਼ਾਸ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਲੋੜ ਹੈ ਜ਼ਿੰਦਗੀ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ। ਸਕਾਰਾਤਮਕ ਰਵੱਈਆ ਅਪਣਾਉਣ ਦੀ। ਰੁਝੇਵਿਆਂ ਨੂੰ ਠੱਲ੍ਹ ਪਾਉਣ ਦੀ। ਜਿਵੇਂ ਕਿ ਆਪਣੇ ਲਈ ਸਮੇਂ ’ਚੋਂ ਸਮਾਂ ਕੱਢ ਕੇ ਗੀਤ-ਸੰਗੀਤ ਸੁਣਨਾ, ਜਚ ਕੇ ਰਹਿਣਾ, ਮਨ ਭਾਉਂਦਾ ਪਾਉਣਾ, ਵਧੀਆ ਖਾਣਾ-ਪੀਣਾ, ਪਰਿਵਾਰ ਜਾਂ ਸਾਥੀਆਂ ਨਾਲ ਸੈਰ ਸਪਾਟਾ ਕਰਨਾ, ਡਰ ਨੂੰ ਇੱਕ ਪਾਸੇ ਰੱਖ ਕੇ ਹਲਕੀ ਫੁਲਕੀ ਮੌਜ ਮਸਤੀ ਕਰਨਾ। ਚੰਗੀ ਸਿਹਤ ਅਤੇ ਗੂੜ੍ਹੀ ਨੀਂਦ ਜੀਵਨ ਵਿੱਚ ਬਹੁਤ ਮਾਅਨੇ ਰੱਖਦੀ ਹੈ। ਆਪਣੇ ਨਿੱਜੀ ਵਾਤਾਵਰਨ ਵੱਲ ਵਿਸ਼ੇਸ਼ ਧਿਆਨ ਦੇਣਾ। ਸੌਣ ਵਾਲੇ ਕਮਰੇ ਨੂੰ ਸਜਾ ਕੇ ਰੱਖਣਾ। ਸਭ ਨਾਲ ਮੇਲ ਜੋਲ ਬਣਾਈ ਰੱਖਣਾ। ਚੰਗਾ ਵਿਹਾਰ ਅਤੇ ਥੋੜ੍ਹਾ ਬਹੁਤ ਦਾਨ ਪੁੰਨ ਕਰਨਾ ਵੀ ਆਪਣੀ ਆਤਮਾ ਨੂੰ ਸੁੱਖ ਪ੍ਰਦਾਨ ਕਰਦਾ ਹੈ। ਬਹੁਤੀ ਚਿੰਤਾ ਅਤੇ ਬਹੁਤਾ ਕਰਜ਼ ਵੀ ਬੰਦੇ ਦੀ ਉਮਰ ਘਟਾ ਦਿੰਦਾ ਹੈ। ਜ਼ਿੰਦਗੀ ਦਾ ਸੁਆਦ ਖ਼ਤਮ ਕਰ ਦਿੰਦਾ ਹੈ। ਇਸ ਲਈ ਜ਼ਿੰਦਗੀ ਨੂੰ ਮੁਸ਼ਕਿਲਾਂ ਭਰੀ ਬਣਾਉਣ ਦੀ ਬਜਾਏ ਇਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰੋ। ਸੰਤੁਸ਼ਟੀ ਤੋਂ ਵੱਡਾ ਕੋਈ ਸੁੱਖ ਨਹੀਂ ਹੈ। ਵਰਤਮਾਨ ਸਮੇਂ ’ਚ ਜ਼ਿੰਦਗੀ ਕੋਈ ਬਹੁਤੀ ਲੰਬੀ ਚੌੜੀ ਖੇਡ ਨਹੀਂ ਰਹੀ। ਇਸ ਲਈ ਜਿੰਨਾ ਮੁਨਾਸਬਿ ਹੋ ਸਕੇ ਆਪਣੀ ਜ਼ਿੰਦਗੀ ਦਾ ਲੁਤਫ਼ ਉਠਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਮਰਦੇ ਵਕਤ ਦਿਲ ਨੂੰ ਇਹ ਸਕੂਨ ਹੋਵੇ ਕਿ ਜਿੰਨਾ ਹੋ ਸਕਦਾ ਸੀ ਮੈਂ ਓਨਾ ਜ਼ਿੰਦਗੀ ਦਾ ਮਜ਼ਾ ਲਿਆ ਅਤੇ ਜੋ ਭੋਗਣਾ ਬਾਕੀ ਰਹਿ ਗਿਆ, ਉਹ ਸਭ ਮੇਰੇ ਵੱਸ ਤੋਂ ਬਾਹਰ ਸੀ।
ਸੰਪਰਕ: 98564-50006