ਮਹਾਨ ਵਿਗਿਆਨੀ ਗੈਲੀਲੀਓ ਗੈਲਿਲੀ
ਡਾ. ਹਰੀਸ਼ ਮਲਹੋਤਰਾ
ਗੈਲੀਲੀਓ ਦਾ ਜਨਮ ਇਟਲੀ ਦੇ ਸ਼ਹਿਰ ਪੀਸਾ ਵਿਖੇ ਸੰਨ 1564 ਵਿੱਚ ਹੋਇਆ ਸੀ। ਸਕੂਲ ਦੀ ਪੜ੍ਹਾਈ ਮਗਰੋਂ ਉਹ ਮੈਡੀਕਲ ਦੀ ਪੜ੍ਹਾਈ ਲਈ ਪੀਸਾ ਯੂਨੀਵਰਸਿਟੀ ਵਿੱਚ ਚਲਿਆ ਗਿਆ, ਪ੍ਰੰਤੂ ਗੈਲੀਲੀਓ ਦੀ ਰੁਚੀ ਗਣਿਤ ਅਤੇ ਭੌਤਿਕ ਵਿਗਿਆਨ ਦੇ ਵਿਸ਼ਿਆਂ ਵਿੱਚ ਵੱਧ ਸੀ ਅਤੇ ਉਸ ਨੇ ਆਪਣੀ ਪੜ੍ਹਾਈ ਬਿਨਾਂ ਡਿਗਰੀ ਲਏ ਹੀ ਛੱਡ ਦਿੱਤੀ। ਉਸ ਸਮੇਂ ਉਸ ਦੀ ਉਮਰ ਲਗਭਗ 25 ਸਾਲ ਹੋ ਚੁੱਕੀ ਸੀ ਅਤੇ ਉਹ ਯੂਨੀਵਰਸਿਟੀ ਵਿੱਚ ਬਤੌਰ ਗਣਿਤ ਪ੍ਰੋਫੈਸਰ ਕੰਮ ਕਰਨ ਲੱਗਿਆ। ਉਹ ਇੱਕ ਮਹਾਨ ਤਾਰਾ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਆਕਾਸ਼ ਵੱਲ ਵੇਖਣ ਲਈ ਦੂਰਬੀਨ ਦੀ ਵਰਤੋਂ ਕੀਤੀ। ਉਸ ਨੇ ਭੌਤਿਕ ਵਿਗਿਆਨ ਦੀ ਇੱਕ ਸ਼ਾਖਾ ਸ਼ੁਰੂ ਕੀਤੀ ਜਿਸ ਨੂੰ ਯੰਤਰਿਕੀ (ਮਕੈਨਿਕਸ) ਆਖਦੇ ਹਨ। ਇਸ ਰਾਹੀਂ ਇਹ ਦਰਸਾਇਆ ਗਿਆ ਕਿ ਕੁਦਰਤ ਵੀ ਗਣਿਤ ਦੇ ਨਿਯਮਾਂ ਦਾ ਪਾਲਣ ਕਰਦੀ ਹੈ। ਉਹਦਾ ਵਿਸ਼ਵਾਸ ਸੀ ਕਿ ਵਿਗਿਆਨ ਨੂੰ ਪ੍ਰੀਖਣ (OBSERVATION) ਉੱਪਰ ਨਿਰਭਰ ਕਰਨਾ ਚਾਹੀਦਾ ਹੈ। ਉਸ ਦਾ ਇਹ ਵਿਚਾਰ ਉਸ ਨੂੰ ਆਧੁਨਿਕ ਵਿਗਿਆਨੀਆਂ ਦੀ ਕਤਾਰ ਵਿੱਚ ਖੜ੍ਹਾ ਕਰਦਾ ਹੈ। ਇਸ ਨੇ ਉਸ ਲਈ ਮੁਸ਼ਕਿਲਾਂ ਵੀ ਪੈਦਾ ਕੀਤੀਆਂ ਕਿਉਂਕਿ ਉਸ ਦੇ ਵਿਚਾਰ ਰੋਮਨ ਕੈਥੋਲਿਕ ਚਰਚ ਦੀਆਂ ਧਾਰਨਾਵਾਂ ਨਾਲ ਮੇਲ ਨਹੀਂ ਸਨ ਖਾਂਦੇ।
ਗੈਲੀਲੀਓ ਨੇ ਦੂਰਬੀਨ ਬਾਰੇ ਸੁਣਿਆ ਸੀ ਅਤੇ 1609 ਵਿੱਚ ਉਸ ਨੇ ਆਪਣੀ ਦੂਰਬੀਨ ਬਣਾ ਲਈ। ਇਸੇ ਸਦਕਾ ਅੱਜ ਧਰਤੀ ਤੋਂ ਲੱਖਾਂ ਕਿਲੋਮੀਟਰ ਦੀ ਦੂਰੀ ’ਤੇ ਪੁਲਾੜ ਵਿੱਚ ਵੇਖਣ ਲਈ ਵਿਗਿਆਨੀ ਹੱਬਲ ਸਪੇਸ ਟੈਲੀਸਕੋਪ ਅਤੇ ਫਰਮੀ ਗਾਮਾ ਰੇ ਦੂਰਬੀਨ ਆਦਿ ਜਿਹੀਆਂ ਦੂਰਬੀਨਾਂ ਦੀ ਵਰਤੋਂ ਕਰਦੇ ਹਨ। ਅਜੋਕੀਆਂ ਵਿਸ਼ਾਲ ਅਤੇ ਤਕਨੀਕੀ ਤੌਰ ’ਤੇ ਅਤਿ ਵਿਕਸਤ ਦੂਰਬੀਨਾਂ ਦੀ ਤੁਲਨਾ ਦੁਨੀਆ ਦੇ ਪਹਿਲ ਪਲੇਠੀ ਦੇ ਟੈਲੀਸਕੋਪਾਂ ਨਾਲ ਕੀਤੀ ਜਾ ਸਕਦੀ ਹੈ ਜਦੋਂਕਿ ਦੁਨੀਆ ਦੀ ਪਹਿਲੀ ਦੂਰਬੀਨ 1608 ਵਿੱਚ ਨੀਦਰਲੈਂਡ ਦੇ ਰਹਿਣ ਵਾਲੇ ਹਾਂਸ ਲਿੱਪਰਹੀ ਨੇ ਬਣਾਈ ਸੀ। ਲਿੱਪਰਹੀ ਨੇ ਉਸ ਦਾ ਨਾਮ ‘ਕਿਜਕਰਾ’ ਰੱਖਿਆ (ਕਿਜਕਰਾ, ਡੱਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਵੇਖਣ ਵਾਲਾ’)। ਉਸ ਦੀ ਦੂਰਬੀਨ ਨਾਲ ਕਿਸੇ ਵੀ ਵਸਤੂ ਨੂੰ ਦੋ ਤਿੰਨ ਗੁਣਾ ਵੱਡਾ ਵੇਖਿਆ ਜਾ ਸਕਦਾ ਸੀ।
ਲਿੱਪਰਹੀ ਦੁਆਰਾ ਬਣਾਈ ਗਈ ਦੂਰਬੀਨ ਦੋ ਲੈਂਸਾਂ ਦੀ ਬਣੀ ਸੀ। ਲੈਂਸ ਨੂੰ ਲੰਮੀ ਪਾਈਪ ਦੇ ਦੋਵੇਂ ਪਾਸੇ ਲਾਇਆ ਗਿਆ ਸੀ। ਉਸੇ ਸਾਲ ਲਿੱਪਰਹੀ ਨੇ ਇਸ ਖੋਜ ਦਾ ਪੂਰਾ ਅਧਿਕਾਰ ਲੈਣ ਲਈ ਨੀਦਰਲੈਂਡ ਸਰਕਾਰ ਨੂੰ ਬਿਨੇ ਪੱਤਰ ਭੇਜਿਆ ਜੋ ਸਰਕਾਰ ਨੇ ਜਲਦੀ ਸਵੀਕਾਰ ਕਰ ਲਿਆ ਅਤੇ ਇਸ ਦੀ ਉਪਯੋਗਤਾ ਨੂੰ ਵੇਖਦਿਆਂ ਉਸ ਨੂੰ 900 ਫਲੋਰਨ ਕਰੰਸੀ ਵੀ ਦਿੱਤੀ। 1608 ਤੱਕ ਪ੍ਰਸਿੱਧੀ ਵਧਣ ਸਦਕਾ ਦੂਰਬੀਨ ਫਰਾਂਸ ਅਤੇ ਹੋਰ ਦੇਸ਼ਾਂ ਵਿੱਚ ਵੀ ਪਹੁੰਚ ਗਈ ਸੀ। ਉਨ੍ਹੀਂ ਦਿਨੀਂ ਗੈਲੀਲੀਓ ਗੈਲਿਲੀ ਦਾ ਸਾਥੀ ਤੇ ਪ੍ਰਸਿੱਧ ਖਗੋਲ ਵਿਗਿਆਨੀ ਜੈਕਸ ਬੋਵੇਦਰ ਫਰਾਂਸ ਵਿੱਚ ਰਹਿੰਦਾ ਸੀ। ਜਦੋਂ ਉਸ ਨੂੰ ਲਿੱਪਰਹੀ ਦੀ ਨਵੀਂ ਖੋਜ ਬਾਰੇ ਪਤਾ ਚੱਲਿਆ ਤਾਂ ਉਸ ਨੇ ਤੁਰੰਤ ਗੈਲੀਲੀਓ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ। 1609 ਵਿੱਚ ਲਿੱਪਰਹੀ ਦੀ ਦੂਰਬੀਨ ਬਾਰੇ ਜਾਣ ਕੇ ਗੈਲੀਲੀਓ ਨੇ ਦੂਰਬੀਨ ਦੇ ਮਾਡਲ ਨੂੰ ਵੇਖੇ ਬਗੈਰ ਆਪਣੀ ਦੂਰਬੀਨ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਮਗਰੋਂ ਉਹ ਅਰਥ ਭਰਪੂਰ ਤਬਦੀਲੀਆਂ ਨਾਲ ਦੂਰਬੀਨ ਬਣਾਉਣ ਵਿੱਚ ਸਫਲ ਹੋਇਆ। ਗੈਲੀਲੀਓ ਦੀ ਦੂਰਬੀਨ ਨਾਲ 20 ਗੁਣਾ ਵੱਡਾ ਵੇਖਿਆ ਜਾ ਸਕਦਾ ਸੀ। ਇਸ ਪ੍ਰਾਪਤੀ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਆਪਣੀ ਦੂਰਬੀਨ 24 ਅਗਸਤ 1609 ਨੂੰ ਵੈਨਿਸ ਦੀ ਸੈਨੇਟ ਨੂੰ ਪੇਸ਼ ਕੀਤੀ। ਦੂਰਬੀਨ ਅਤੇ ਇਸ ਦੇ ਲਾਭਾਂ ਤੋਂ ਪ੍ਰਭਾਵਿਤ ਸੈਨੇਟ ਨੇ ਉਸ ਨੂੰ ਉਮਰ ਭਰ ਲਈ ਇਟਲੀ ਵਿੱਚ ਪਾਦੋਵਾ ਯੂਨੀਵਰਸਿਟੀ ਦਾ ਲੈਕਚਰਰ ਬਣਾ ਦਿੱਤਾ।
ਗੈਲੀਲੀਓ ਦੁਨੀਆ ਦਾ ਪਹਿਲਾ ਵਿਅਕਤੀ ਸੀ ਜਿਸ ਨੇ ਦੂਰਬੀਨ ਦੀ ਵਰਤੋਂ ਨਾਲ ਖਗੋਲ ਵਿਗਿਆਨ ਦੀ ਖੋਜ ਕੀਤੀ। ਆਪਣੀ ਦੂਰਬੀਨ ਨਾਲ ਉਸ ਨੇ ਚੰਦਰਮਾ ਦੀ ਸਤਹਿ ਅਤੇ ਇਸ ਦੇ ਵੱਖ-ਵੱਖ ਪਹਾੜਾਂ ਉੱਤੇ ਖੁਰਦ ਦੀ ਵਿਸਥਾਰਪੂਰਵਕ ਤਸਵੀਰ ਬਣਾਈ। 1610 ਵਿੱਚ ਚਾਰ ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਖੋਜ ਕੀਤੀ। ਉਸ ਨੇ ਵੇਖਿਆ ਕਿ ਵੀਨਸ ਯਾਨੀ ਸ਼ਨੀ ਗ੍ਰਹਿ ਵੀ ਚੰਦਰਮਾ ਵਾਂਗ ਘਟਦਾ ਵਧਦਾ ਹੈ। ਇਸ ਨਾਲ ਨਿਕੋਲਸ ਕੋਪਰਨਿਕਸ ਦੇ ਸਿਧਾਂਤ ਨੂੰ ਬਲ ਮਿਲਿਆ ਕਿ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ। 1610 ਵਿੱਚ ਗੈਲੀਲੀਓ ਨੇ ਇੱਕ ਹੋਰ ਦੂਰਬੀਨ ਬਣਾਈ ਜੋ ਵਸਤੂਆਂ ਨੂੰ ਹਜ਼ਾਰ ਗੁਣਾ ਵੱਡਾ ਕਰਕੇ ਦਿਖਾਉਂਦੀ ਸੀ। ਇਸ ਨਾਲ ਉਸ ਨੇ ਅਜਿਹੇ ਹਜ਼ਾਰਾਂ ਤਾਰੇ ਵੇਖੇ ਜਿਹੜੇ ਇਨਸਾਨ ਨੇ ਪਹਿਲਾਂ ਕਦੇ ਨਹੀਂ ਸਨ ਵੇਖੇ। ਉਸ ਨੇ ਇਸ ਦੂਰਬੀਨ ਰਾਹੀਂ ਆਕਾਸ਼ਗੰਗਾ (MILKYWAY) ਨੂੰ ਨਿਹਾਰਿਆ ਅਤੇ ਦੱਸਿਆ ਕਿ ਇਹ ਤਾਰਿਆਂ ਦਾ ਇੱਕ ਝੁੰਡ ਹੈ ਜੋ ਵੱਖਰੇ ਵੱਖਰੇ ਕਿਸਮਾਂ ਦੇ ਗਰੁੱਪਾਂ ਵਿੱਚ ਇਕੱਠੇ ਹੋਏ ਹਨ।
ਆਕਾਸ਼ ਵੱਲ ਵੇਖਦਿਆਂ ਪਹਿਲਾਂ ਉਸ ਨੇ ਸੋਚਿਆ ਕਿ ਘੁੰਮਦੇ ਦਿਸਦੇ ਬ੍ਰਹਿਮੰਡੀ ਪਿੰਡ ਸ਼ਨੀ ਗ੍ਰਹਿ ਅਤੇ ਚੰਦਰਮਾ ਹਨ। ਉਹਨੇ ਆਪਣੀ ਕਾਪੀ ਵਿੱਚ ਇਨ੍ਹਾਂ ਦੇ ਚਿਤਰ ਵੀ ਉਲੀਕੇ। ਬਾਅਦ ਵਿੱਚ ਕ੍ਰਿਸਚਨ ਹਾਈਜਨਸ ਨੇ ਦਰਸਾਇਆ ਕਿ ਇਹ ਸ਼ਨੀ ਗ੍ਰਹਿ ਦੇ ਛੱਲੇ ਹਨ। ਗੈਲੀਲੀਓ ਨੇ ਜੂਪੀਟਰ (ਬ੍ਰਹਿਸਪਤੀ) ਗ੍ਰਹਿ ਦੀ ਪਰਿਕਰਮਾ ਕਰਦੇ ਚਾਰ ਚੰਦਰਮਾ ਵੀ ਖੋਜੇ। ਉਸ ਨੇ ਧਰਤੀ ਦੇ ਚੰਦਰਮਾ ਉੱਤੇ ਪਏ ਟੋਇਆਂ ਬਾਰੇ ਵੀ ਪੜਤਾਲ ਕੀਤੀ। 16ਵੀਂ ਸਦੀ ਵਿੱਚ ਲੋਕ ਮੰਨਦੇ ਸਨ ਕਿ ਸੂਰਜ, ਧਰਤੀ ਦੁਆਲੇ ਘੁੰਮਦਾ ਹੈ, ਪਰ ਗੈਲੀਲੀਓ ਨੇ ਕੋਪਰਨਿਕਸ ਦੀ ਧਾਰਨਾ ਦਾ ਸਮਰਥਨ ਕੀਤਾ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਇਹ ਵੀ ਦਰਸਾਇਆ ਕਿ ਵਸਤੂਆਂ ਧਰਤੀ ਉੱਪਰ ਇੱਕੋ ਜਿੰਨੀ ਰਫ਼ਤਾਰ ਨਾਲ ਡਿੱਗਦੀਆਂ ਹਨ, ਚਾਹੇ ਉਨ੍ਹਾਂ ਦਾ ਭਾਰ ਕਿੰਨਾ ਵੀ ਹੋਵੇ।
ਇਸ ਤੋਂ ਪਹਿਲਾਂ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਭਾਰੀਆਂ ਵਸਤੂਆਂ ਤੇਜ਼ ਰਫ਼ਤਾਰ ਨਾਲ ਡਿੱਗਦੀਆਂ ਹਨ। ਇਸ ਨਾਲ ਸਬੰਧਿਤ ਇੱਕ ਕਹਾਣੀ ਵੀ ਪ੍ਰਚਲਿਤ ਹੈ ਕਿ ਗੈਲੀਲੀਓ ਨੇ ਇਸ ਸਿਧਾਂਤ ਦੀ ਪੁਸ਼ਟੀ ਲਈ ਪੀਸਾ (PISA) ਦੇ ਝੁਕੇ ਹੋਏ ਮੀਨਾਰ ਉੱਤੇ ਚੜ੍ਹ ਕੇ ਵੱਖ-ਵੱਖ ਭਾਰ ਦੀਆਂ ਵਸਤੂਆਂ ਧਰਤੀ ਉੱਪਰ ਸੁੱਟ ਕੇ ਲੋਕਾਂ ਨੂੰ ਵਿਖਾਇਆ ਕਿ ਉਸ ਦਾ ਸਿਧਾਂਤ ਠੀਕ ਹੈ। ਸ਼ਾਇਦ ਇਹ ਕਹਾਣੀ ਸੱਚੀ ਨਹੀਂ ਹੈ। ਹਾਂ, ਇਹ ਸਹੀ ਹੈ ਕਿ ਉਸ ਨੇ ਅਜਿਹਾ ਪ੍ਰਯੋਗ ਕੀਤਾ ਸੀ ਜਿਸ ਵਿੱਚ ਵੱਖ-ਵੱਖ ਭਾਰ ਦੀਆਂ ਵਸਤੂਆਂ ਨੂੰ ਇੱਕੋ ਜਿਹੇ ਕੱਚ ਦੇ ਮਰਤਬਾਨਾਂ ਵਿੱਚੋਂ ਸੁੱਟਿਆ ਗਿਆ ਸੀ ਅਤੇ ਇਨ੍ਹਾਂ ਮਰਤਬਾਨਾਂ ਵਿੱਚੋਂ ਹਵਾ ਕੱਢ ਕੇ ਖਲਾਅ ਵਰਗੀ ਸਥਿਤੀ ਪੈਦਾ ਕੀਤੀ ਗਈ ਸੀ।
1610 ਵਿੱਚ ਗੈਲੀਲੀਓ ਨੇ ਆਪਣੀਆਂ ਖੋਜਾਂ ਬਾਰੇ ਕਿਤਾਬ ‘ਤਾਰਿਆਂ ਦਾ ਸੰਦੇਸ਼’ (STARRY MESSAGES) ਪ੍ਰਕਾਸ਼ਿਤ ਕੀਤੀ। ਇਸੇ ਪੁਸਤਕ ਵਿੱਚ ਇਹ ਵੀ ਆਖਿਆ ਕਿ ਕੋਪਰਨਿਕਸ ਦਾ ਵਿਚਾਰ ਸਹੀ ਹੈ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਜਦੋਂਕਿ ਰੋਮਨ ਕੈਥੋਲਿਕ ਚਰਚ ਦਾ ਵਿਚਾਰ ਸੀ ਕਿ ਧਰਤੀ ਬ੍ਰਹਿਮੰਡਾਂ ਦਾ ਕੇਂਦਰ ਹੈ ਜੋ ਕਿ ਸਰਾਸਰ ਗ਼ਲਤ ਹੈ। ਕਿਤਾਬ ‘ਤਾਰਿਆਂ ਦਾ ਸੰਦੇਸ਼’ ਕਾਰਨ ਬਹੁਤ ਸਾਰੇ ਗਿਰਜਾਘਰਾਂ ਦੇ ਪਾਦਰੀ ਅੱਗ ਬਗੂਲਾ ਹੋ ਗਏ। ਗੈਲੀਲੀਓ ਨੇ 1632 ਵਿੱਚ ‘ਡਾਇਲਾਗ, ਐਕਸਪਲੇਨਿੰਗ ਦਿ ਟੂ ਥਿਊਰੀਜ਼ ਆਫ ਦਿ ਯੂਨੀਵਰਸ’ (DIALOGUE, EXPLAINING THE TWO THEORIES OF THE UNIVERSE) ਪ੍ਰਕਾਸ਼ਿਤ ਕੀਤੀ। ਇਸ ਦਾ ਅਰਥ ਸੀ: ਸੰਸਾਰ ਦੇ ਦੋ ਬੇਹੱਦ ਮਹੱਤਵਪੂਰਨ ਸਿਸਟਮਾਂ ਬਾਰੇ ਵਿਚਾਰ ਵਟਾਂਦਰਾ।
ਧਰਮ ਅਦਾਲਤ ਨੇ ਸੰਨ 1633 ’ਚ ਉਸ ਖ਼ਿਲਾਫ਼ ਮੁਕੱਦਮਾ ਚਲਾ ਕੇ ਉਸ ਨੂੰ ਘਰ ਅੰਦਰ ਕੈਦ ਕਰ ਦਿੱਤਾ। ਉਦੋਂ ਉਸ ਦੀ ਉਮਰ 68 ਸਾਲ ਸੀ। 1642 ਵਿੱਚ ਅਰਸੈਟਰੀ, ਇਟਲੀ ਵਿਖੇ ਉਸ ਦੀ ਮੌਤ ਹੋ ਗਈ।
ਗੈਲੀਲੀਓ ਦੀ ਬਣਾਈ ਦੂਰਬੀਨ ਨੂੰ ਸਾਲ 2009 ਵਿੱਚ 400 ਸਾਲ ਹੋ ਚੁੱਕੇ ਸਨ। ਇਸ ਯਾਦ ਵਿੱਚ ਤਾਰਾ ਵਿਗਿਆਨ ਵਰ੍ਹਾ ਦੁਨੀਆ ਭਰ ਵਿੱਚ ਮਨਾਇਆ ਗਿਆ। ਸਹੀ ਵਿਗਿਆਨਕ ਵਿਚਾਰ ਕਦੇ ਵੀ ਮਰਿਆ ਨਹੀਂ ਕਰਦੇ। ਪਿੱਛੇ ਜਿਹੇ ਵੈਟੀਕਨ ਦੇ ਪੋਪ ਪਾਲ ਦੋਇਮ ਨੂੰ ਇਹ ਗੱਲ ਮੰਨਣੀ ਪਈ ਕਿ ਚਰਚ ਗ਼ਲਤ ਤੇ ਗੈਲੀਲੀਓ ਸਹੀ ਸੀ, ਇਸ ਲਈ ਗੈਲੀਲੀਓ ਨੂੰ ਦੋਸ਼ ਮੁਕਤ ਕੀਤਾ ਜਾਂਦਾ ਹੈ। ਇਹ ਧਾਰਮਿਕ ਵਿਚਾਰਾਂ ਉੱਪਰ ਵਿਗਿਆਨਕ ਵਿਚਾਰਾਂ ਦੀ ਜਿੱਤ ਸੀ।
ਗੈਲੀਲੀਓ ਦਾ ਅਪਰਾਧ ਇਹ ਸੀ ਕਿ ਉਸ ਦੀ ਖੋਜ ਧਰਮ ਦੇ ਉਲਟ ਆਖਦੀ ਸੀ। ਉਸ ਵੇਲੇ ਧਰਮ ਵਿਰੁੱਧ ਬੋਲਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਦਰਅਸਲ, ਗੈਲੀਲੀਓ ਨੇ ਰੱਬ ਵਿਰੁੱਧ ਕੁਝ ਨਹੀਂ ਸੀ ਆਖਿਆ। ਉਹਨੇ ਤਾਂ ਆਪਣੀ ਖੋਜ ਰਾਹੀਂ ਸਿੱਧ ਕੀਤਾ ਸੀ ਕਿ ਧਰਤੀ ਸੂਰਜ ਦੇ ਇਰਦ-ਗਿਰਦ ਘੁੰਮਦੀ ਹੈ। ਗੈਲੀਲੀਓ ਦੇ ਸਮੇਂ ਪੋਪ ਦਾ ਪੂਰਾ ਦਬਦਬਾ ਹੁੰਦਾ ਸੀ। ਰਾਜੇ ਨੂੰ ਵੀ ਉਸ ਦਾ ਹੁਕਮ ਮੰਨਣਾ ਪੈਂਦਾ ਸੀ। ਪੋਪ ਦਾ ਇਹ ਕਹਿਣਾ ਸੀ ਕਿ ਧਰਮ ਖ਼ਿਲਾਫ਼ ਕੋਈ ਵੀ ਕੁਝ ਨਹੀਂ ਆਖ ਜਾਂ ਕਰ ਨਹੀਂ ਸਕਦਾ, ਜੋ ਧਰਮ ਦੇ ਵਿਰੁੱਧ ਬੋਲੇਗਾ ਜਾਂ ਕਰੇਗਾ ਉਸ ਨੂੰ ਸਜ਼ਾ ਭੁਗਤਣੀ ਹੀ ਪਵੇਗੀ।
ਕਹਿੰਦੇ ਹਨ ਕਿ ਗੈਲੀਲੀਓ ਨੂੰ ਵੰਨ-ਸੁਵੰਨੇ ਤਸੀਹੇ ਦਿੱਤੇ ਗਏ ਅਤੇ ਉਸ ਨੂੰ ਬੁਰੀ ਤਰ੍ਹਾਂ ਸਤਾਇਆ ਗਿਆ। ਗੋਡੇ ਟੇਕ ਕੇ ਉਸ ਨੂੰ ਇਹ ਆਖਣ ਲਈ ਮਜਬੂਰ ਕੀਤਾ ਗਿਆ ਕਿ ਮੈਂ ਜੋ ਲਿਖਿਆ ਹੈ ਉਹ ਭੁੱਲ ਹੈ। ਮੈਂ ਇਹ ਅਪਰਾਧ ਕੀਤਾ ਹੈ, ਫਿਰ ਸ਼ਾਇਦ ਖੜ੍ਹੇ ਹੁੰਦਿਆਂ ਹੀ ਉਸ ਨੇ ਇਹ ਆਖਿਆ ਸੀ ਕਿ ਸੱਚ ਤਾਂ ਇਹ ਹੀ ਹੈ ਕਿ ਧਰਤੀ ਹੀ ਸੂਰਜ ਦੇ ਇਰਦ ਗਿਰਦ ਘੁੰਮਦੀ ਹੈ। ਗੈਲੀਲੀਓ ਆਪਣੀ ਸਫ਼ਾਈ ਦੇਣ ਰੋਮ ਵੀ ਗਿਆ, ਪਰ ਉੱਥੇ ਵੀ ਕਿਸੇ ਨੇ ਉਸ ਦੀ ਗੱਲ ਨਾ ਸੁਣੀ।
ਸਾਲ 1616 ਵਿੱਚ ਚਰਚ ਨੇ ਗੈਲੀਲੀਓ ਨੂੰ ਕੋਪਰਨਿਕਸ ਸਿਧਾਂਤ ਦਾ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਤਾਂ ਉਹ ਕੁਝ ਸਮੇਂ ਲਈ ਚੁੱਪ ਹੋ ਗਿਆ ਪਰ ਜਦ 1632 ਵਿੱਚ ਉਸ ਨੇ ਕੋਪਰਨਿਕਸ ਸਿਧਾਂਤ ਦੇ ਸਮਰਥਨ ਵਿੱਚ ਇੱਕ ਹੋਰ ਕਿਤਾਬ ਲਿਖ ਦਿੱਤੀ ਤਾਂ ਚਰਚ ਦਾ ਗੁੱਸਾ ਭੜਕ ਪਿਆ।
ਸੱਚ ਦੇ ਸਾਧਕ, ਸੱਚਾਈ ਦੇ ਵਣਜਾਰੇ ਗੈਲੀਲੀਓ ਨੂੰ ਪ੍ਰਣਾਮ ਹੈ ਕਿ ਉਸ ਨੇ ਸੀਨਾ ਤਾਣ ਕੇ ਬੇਇਨਸਾਫ਼ੀ ਦਾ ਸਾਹਮਣਾ ਕੀਤਾ। ਢੋਂਗ, ਫਰੇਬ ਅਤੇ ਝੂਠ ਸਾਹਮਣੇ ਸੱਚਾਈ ਨੂੰ ਠੇਸ ਨਹੀਂ ਪਹੁੰਚਣ ਦਿੱਤੀ। ਉਸ ਨੇ ਬੁਢਾਪੇ ਦੇ ਸੁਖ ਚੈਨ ਤੋਂ ਹੱਥ ਧੋਏ, ਪਰ ਹੱਕ ਸੱਚ ਦਾ ਪੱਲਾ ਨਾ ਛੱਡਿਆ। ਗਲੀਲੀਓ ਦੀ ਸ਼ਕਤੀ ਉਸ ਦਾ ਅੱਖੀਂ ਵੇਖਿਆ ਸੱਚ ਸੀ। ਅੱਖਾਂ ਸਾਡੇ ਵਾਂਗ ਗੈਲੀਲੀਓ ਦੀਆਂ ਵੀ ਦੋ ਹੀ ਸਨ, ਪਰ ਉਸ ਨੇ ਬਹੁਤ ਸਖ਼ਤ ਮਿਹਨਤ ਅਤੇ ਸੂਝ ਬੂਝ ਨਾਲ ਇੱਕ ਤੀਜੀ ਅੱਖ ਬਣਾਈ। ਇਹ ਤੀਜੀ ਅੱਖ ਹੋਰ ਕੁਝ ਵੀ ਨਹੀਂ- ਬਸ ਇੱਕ ਯੰਤਰ ਸੀ ਜਿਸ ਦਾ ਨਾਮ ਟੈਲੀਸਕੋਪ (TELESCOPE) ਹੈ ਜਿਸ ਨੂੰ ਆਪਾਂ ਦੂਰਬੀਨ ਆਖਦੇ ਹਾਂ।
ਅੱਜ ਦੀ ਦੂਰਬੀਨ ਦੇ ਤਾਂ ਬਲਿਹਾਰੇ ਜਾਈਏ। ਇਸ ਦੀ ਸ਼ਕਤੀ ਬਹੁਤ ਵਧ ਗਈ ਹੈ। ਇਸ ਨਾਲ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ, ਦੂਰ-ਦੁਰਾਡੇ ਦੇ ਤਾਰਿਆਂ ਤੋਂ ਆਉਂਦੀਆਂ ਰੋਸ਼ਨੀ ਦੀਆਂ ਕਿਰਨਾਂ ਨੂੰ ਵਖਰਾਇਆ ਜਾ ਸਕਦਾ ਹੈ। ਦੂਰਬੀਨ ਤੋਂ ਸਹੀ ਕੰਮ ਲੈਣ ਲਈ ਖ਼ਾਸ ਕਿਸਮ ਦੀਆਂ ਇਮਾਰਤਾਂ ਬਣਾਈਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਨੂੰ ਔਬਜ਼ਰਵੇਟਰੀ (OBSERVATORY) ਆਖਦੇ ਹਨ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ 1637 ਵਿੱਚ ਸਜ਼ਾ ਖ਼ਤਮ ਹੋਣ ਤੱਕ ਗੈਲੀਲੀਓ ਨੂੰ ਬਿਲਕੁਲ ਦਿਖਾਈ ਨਹੀਂ ਸੀ ਦਿੰਦਾ। 15 ਫਰਵਰੀ 1564 ਨੂੰ ਪੀਸਾ ਵਿੱਚ ਜਨਮੇ ਗੈਲੀਲੀਓ ਦਾ 8 ਜਨਵਰੀ 1642 ਨੂੰ ਦੇਹਾਂਤ ਹੋ ਗਿਆ।
ਵਿਗਿਆਨਕ ਖੋਜਾਂ ਸਦਕਾ ਅੱਜ ਅਸੀਂ ਜਾਣਦੇ ਹਾਂ ਕਿ ਧਰਤੀ ਆਪਣੇ ਧੁਰੇ ਦੁਆਲੇ 1670 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ। ਅੱਠ ਘੰਟਿਆਂ ਦੀ ਨੀਂਦ ਬਾਅਦ ਅਸੀਂ ਲਗਭਗ 13360 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੇ ਹੁੰਦੇ ਹਾਂ, ਪਰ ਜੇ ਧਰਤੀ ਘੁੰਮਣਾ ਬੰਦ ਕਰ ਦੇਵੇ ਤਾਂ:
w ਧਰਤੀ ਉਪਰਲਾ ਵਾਯੂਮੰਡਲ ਉਸੇ ਤਰ੍ਹਾਂ ਗਤੀ ਕਰਦਾ ਰਹੇਗਾ (ਕਿਉਂਕਿ ਧਰਤੀ ਇਕੱਲੀ ਹੀ ਨਹੀਂ ਘੁੰਮ ਰਹੀ ਸਗੋਂ ਇਸ ਦੇ ਨਾਲ ਵਾਯੂਮੰਡਲ ਵੀ ਘੁੰਮ ਰਿਹਾ ਹੈ)। ਇਸ ਦਾ ਮਤਲਬ ਹੈ ਕਿ ਧਰਤੀ ਉੱਪਰ ਇਹਦੇ ਨਾ ਘੁੰਮਣ ਉੱਤੇ ਹਵਾ 1670 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਇਸ ਦਾ ਮਤਲਬ ਧਰਤੀ ਦੀ ਸਾਰੀ ਬਨਸਪਤੀ ਅਤੇ ਦਰੱਖਤ ਇੱਕ ਦੂਜੇ ਨਾਲ ਟਕਰਾ ਕੇ ਨਸ਼ਟ ਹੋ ਜਾਣਗੇ। ਸਮੁੰਦਰੀ ਲਹਿਰਾਂ ਇਸੇ ਰਫ਼ਤਾਰ ਨਾਲ ਕਿਨਾਰਿਆਂ ਵੱਲ ਆਉਣਗੀਆਂ ਅਤੇ ਰਹਿੰਦੀ ਕਸਰ ਇਹਨਾਂ ਨੇ ਕੱਢ ਦੇਣੀ ਹੈ। ਸਮੁੱਚੇ ਮਕਾਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼ ਨਸ਼ਟ ਹੋ ਜਾਣਗੇ। ਇਨਸਾਨ ਇੱਕ ਦੂਜੇ ਨਾਲ ਟਕਰਾ ਕੇ ਮਰ ਮੁੱਕ ਜਾਣਗੇ।
- ਧਰਤੀ ਉਪਰ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੋਣੀ ਸ਼ੁਰੂ ਹੋ ਜਾਵੇਗੀ।
- ਓਜ਼ੋਨ ਗੈਸ ਦੀ ਪਰਤ ਨਸ਼ਟ ਹੋਣ ਨਾਲ ਪਰਾਬੈਂਗਣੀ ਕਿਰਨਾਂ ਧਰਤੀ ਦੇ ਵਾਤਾਵਰਨ ਨੂੰ ਨਸ਼ਟ ਕਰ ਦੇਣਗੀਆਂ। ਜਦੋਂਕਿ ਸੱਚਾਈ ਇਹ ਹੈ ਕਿ ਅਰਬਾਂ ਸਾਲਾਂ ਤੱਕ ਧਰਤੀ ਦੇ ਘੁੰਮਣ ਅਤੇ ਰੁਕਣ ਦਾ ਅਜਿਹਾ ਵਰਤਾਰਾ ਨਹੀਂ ਵਾਪਰੇਗਾ।
ਗੈਲੀਲੀਓ ਦਾ ਵਿਚਾਰ ਸੀ ਕਿ
- ਕੁਦਰਤੀ ਵਰਤਾਰਿਆਂ ਨੂੰ ਸਮਝਣ ਲਈ ਸਾਨੂੰ ਧਾਰਮਿਕ ਗ੍ਰੰਥਾਂ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ ਸਗੋਂ ਤਜਰਬੇ ਅਤੇ ਪ੍ਰਮਾਣ ਉੱਤੇ ਰੱਖਣੀ ਚਾਹੀਦੀ ਹੈ।
- ਅਸੀਂ ਲੋਕਾਂ ਨੂੰ ਕੁਝ ਵੀ ਸਿਖਾ ਨਹੀਂ ਸਕਦੇ। ਅਸੀਂ ਸਿਰਫ਼ ਸਿੱਖਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।
- ਜਿੱਥੇ ਸਾਡੀਆਂ ਇੰਦਰੀਆਂ ਮਦਦ ਨਹੀਂ ਕਰਦੀਆਂ, ਉੱਥੇ ਸਾਨੂੰ ਅਕਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਗੈਲੀਲੀਓ ਨੂੰ ਔਬਜ਼ਰਵੇਸ਼ਨਲ ਐਸਟਰੋਨੋਮੀ, ਕਲਾਸੀਕਲ ਫਿਜ਼ਿਕਸ ਸਾਇੰਸ ਦੇ ਢੰਗ ਤਰੀਕੇ ਦੇ ਅਜੋਕੇ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ।
ਗੈਲੀਲੀਓ ਨੇ ਹੀ ਰਫ਼ਤਾਰ, ਵੇਗ, ਗਰੂਤਾ ਫਰੀ ਫਾਲ, ਸਾਪੇਖਤਾ ਨਿਯਮ, ਇਨਰਸ਼ੀਆ, ਪ੍ਰੋਜੈਕਟਾਈਲ ਮੋਸ਼ਨ ਦੀ ਖੋਜ ਤੋਂ ਬਿਨਾਂ ਅਪਲਾਈਡ ਸਾਇੰਸ ਅਤੇ ਟੈਕਨੋਲੋਜੀ ਵਿੱਚ ਕੰਮ ਕੀਤਾ। ਉਸ ਨੇ ਪੈਂਡੂਲਮ ਅਤੇ ਹਾਈਡਰੋਸਟੈਟਿਕ ਬੈਲੰਸਸ ਉੱਤੇ ਵੀ ਕੰਮ ਕੀਤਾ ਅਤੇ ਮਿਲਟਰੀ ਕੰਪਾਸਾਂ (ਦਿਸ਼ਾ ਸੂਚਕ ਯੰਤਰਾਂ) ਦੀ ਵੀ ਖੋਜ ਕੀਤੀ। ਘਰ ਵਿੱਚ ਕੈਦ ਸਮੇਂ ਉਸ ਨੇ 1638 ਵਿੱਚ ‘ਟੂ ਨਿਊ ਸਾਇੰਸਸ’ ਜੋ ਕਿ ਕਾਇਨਾਮੈਟਿਕਸ ਬਾਰੇ ਸੀ ਅਤੇ ‘ਸਟਰੈਂਥ ਆਫ ਮੈਟੀਰੀਅਲਜ਼’ ਯਾਨੀ ਪਦਾਰਥਾਂ ਦੀ ਤਾਕਤ ਜਾਂ ਸਮਰੱਥਾ ਬਾਰੇ ਕਿਤਾਬਾਂ ਲਿਖੀਆਂ। ਇਹ ਕੰਮ ਉਸ ਨੇ 40 ਸਾਲ ਪਹਿਲਾਂ ਕੀਤਾ ਹੋਇਆ ਸੀ ਜਿਸ ਨੂੰ ਕਿਤਾਬੀ ਰੂਪ ਕੈਦ ਦੌਰਾਨ ਦਿੱਤਾ ਸੀ।
ਗੈਲੀਲੀਓ ਦੇ ਬਚਪਨ ਵੱਲ ਵੇਖਦਿਆਂ ਪਤਾ ਲੱਗਦਾ ਹੈ ਕਿ ਉਹ ਛੇ ਭੈਣ ਭਰਾਵਾਂ ਵਿੱਚ ਸਭ ਤੋਂ ਵੱਡਾ ਸੀ। ਉਹਦਾ ਬਾਪ ਸੰਗੀਤ ਵਿੱਚ ਮਾਹਰ ਸੀ। ਉਹਦਾ ਬਾਪ ਵੀਣਾਵਾਦਕ ਸੀ। ਇਹ ਗੁਣ ਗੈਲੀਲੀਓ ਨੇ ਵੀ ਘਰੋਂ ਹੀ ਧਾਰਨ ਕਰ ਲਿਆ ਸੀ ਜੋ ਸੱਤਾ ਖ਼ਿਲਾਫ਼ ਅਤੇ ਸ਼ੱਕ ਕਰਨ ਦਾ ਸੀ। ਗੈਲੀਲੀਓ ਦੇ ਛੋਟੇ ਭਰਾ ਦਾ ਨਾਮ ਮਾਈਕਲੋਏਂਜਲੋ ਸੀ ਜੋ ਸੰਗੀਤ ਦਾ ਕੰਪੋਜ਼ਰ ਸੀ। ਆਪਣੇ ਭਰਾ ਤੇ ਪਿਤਾ ਵਾਂਗ ਉਹ ਵੀ ਕਾਬਜ਼ ਜਮਾਤਾਂ ਤੇ ਸੱਤਾ ਦਾ ਵਿਰੋਧ ਕਰਦਾ ਸੀ। ਗੈਲੀਲੀਓ ਨੇ ਪੈਸੇ ਧੇਲੇ ਵੱਲੋਂ ਉਸ ਦੀ ਸਾਰੀ ਉਮਰ ਮਦਦ ਕੀਤੀ।
ਗੈਲੀਲੀਓ ਅੱਠ ਵਰ੍ਹਿਆਂ ਦਾ ਸੀ ਤਾਂ ਉਸ ਦਾ ਪਰਿਵਾਰ ਫਲੋਰੈਂਸ ਜਾ ਕੇ ਰਹਿਣ ਲੱਗਿਆ। ਦੋ ਸਾਲ ਉਸ ਦੀ ਦੇਖਭਾਲ ਮੂਜ਼ੀਓ ਤਿਦਾਲਦੀ ਨੇ ਕੀਤੀ। ਉਹ 10 ਵਰ੍ਹਿਆਂ ਦੀ ਉਮਰ ਵਿੱਚ ਪੀਸਾ ਵਿਖੇ ਆਪਣੇ ਪਰਿਵਾਰ ਨਾਲ ਜਾ ਕੇ ਰਹਿਣ ਲੱਗਿਆ। ਗੈਲੀਲੀਓ ਆਪਣਾ ਜਾਤ ਨਾਮ ਨਹੀਂ ਸੀ ਵਰਤਦਾ। ਉਸ ਸਮੇਂ ਇਟਲੀ ਵਿੱਚ ਇਹਦਾ ਬਹੁਤ ਰਿਵਾਜ ਵੀ ਨਹੀਂ ਸੀ। ਉਸ ਦੇ ਪਰਿਵਾਰ ਦੇ ਇੱਕ ਬਜ਼ੁਰਗ ਦਾ ਨਾਮ ਗੈਲੀਲੀਓ ਬੋਨਾਜ਼ੂਤੀ ਸੀ ਜੋ 15ਵੀਂ ਸਦੀ ਦਾ ਸਿਆਸਤਦਾਨ, ਪ੍ਰੋਫੈਸਰ ਅਤੇ ਡਾਕਟਰ ਸੀ। ਫਲੋਰੈਂਸ ਦੀ ਜਿਸ ਚਰਚ ਵਿੱਚ ਇਸ ਬਜ਼ੁਰਗ ਨੂੰ ਦਫ਼ਨਾਇਆ ਗਿਆ ਸੀ, ਗੈਲੀਲੀਓ ਨੂੰ ਵੀ 200 ਸਾਲ ਬਾਅਦ ਉੱਥੇ ਹੀ ਦਫ਼ਨਾਇਆ ਗਿਆ।
ਗੈਲੀਲੀਓ ਰੋਮਨ ਕੈਥੋਲਿਕ ਧਰਮ ਵਿੱਚ ਯਕੀਨ ਰੱਖਦਾ ਸੀ। ਉਸ ਦੀ ਪਤਨੀ ਦਾ ਨਾਮ ਮਰੀਨਾ ਗਾਂਬਾ ਸੀ। ਉਨ੍ਹਾਂ ਦੇ ਤਿੰਨ ਬੱਚੇ ਸਨ। ਵੱਡੀ ਧੀ ਵਰਜੀਨੀਆ 1600 ਤੇ ਲਿਵੀਆ 1601 ਵਿੱਚ ਪੈਦਾ ਹੋਈ ਅਤੇ ਪੁੱਤਰ ਵਿਨਸਿੰਜੋ 1606 ਵਿੱਚ ਪੈਦਾ ਹੋਇਆ। ਵੱਡੀ ਧੀ ਵਰਜੀਨੀਆ ਨੇ ਸਾਰੀ ਉਮਰ ਆਪਣੇ ਬਾਪ ਦਾ ਸਾਥ ਦਿੱਤਾ। ਵਰਜੀਨੀਆ ਦੀ ਦੋ ਅਪਰੈਲ 1634 ਨੂੰ ਮੌਤ ਹੋ ਗਈ ਅਤੇ ਉਸ ਨੂੰ ਵੀ ਗੈਲੀਲੀਓ ਦੇ ਕੋਲ ਹੀ ਦਫ਼ਨਾਇਆ ਗਿਆ। ਦੋਵੇਂ ਧੀਆਂ ਸਾਰੀ ਉਮਰ ਨਨ ਬਣੀਆਂ ਰਹੀਆਂ। ਲਿਵੀਆ ਸਾਰੀ ਉਮਰ ਬਿਮਾਰੀਆਂ ਦਾ ਸੰਤਾਪ ਭੋਗਦੀ ਰਹੀ ਅਤੇ ਉਸ ਨੂੰ ਹੀ ਆਖ਼ਰ ਵਿੱਚ ਗੈਲੀਲਿਓ ਦੀ ਵਾਰਸ ਮਿਥਿਆ ਗਿਆ। ਛੋਟੇ ਹੁੰਦਿਆਂ ਗੈਲੀਲੀਓ ਨੇ ਗੰਭੀਰਤਾ ਨਾਲ ਸੋਚਿਆ ਸੀ ਕਿ ਉਹ ਪਾਦਰੀ ਬਣੇਗਾ, ਪਰ ਉਸ ਦੇ ਪਿਤਾ ਨੇ ਉਸ ਨੂੰ 1580 ਵਿੱਚ ਮਨਾ ਲਿਆ ਕਿ ਉਹ ਯੂਨੀਵਰਸਿਟੀ ਆਫ ਪੀਸਾ ਵਿੱਚ ਮੈਡੀਕਲ ਦੀ ਡਿਗਰੀ ਕਰੇ। ਉਹ ਆਪਣੇ ਪ੍ਰੋਫੈਸਰਾਂ ਦੇ ਲੈਕਚਰਾਂ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਉਹਨੇ 1581 ਵਿੱਚ ਲੈਕਚਰ ਹਾਲ ਵਿੱਚ ਜਦ ਝੂਮਰ ਨੂੰ ਹਵਾ ਵਿੱਚ ਝੂਲਦਾ ਵੇਖਿਆ ਤਾਂ ਉਸ ਨੇ ਇਹ ਆਪਣੇ ਦਿਲ ਦੀ ਧੜਕਣ ਵਾਂਗ ਚਲਦਾ ਲੱਗਿਆ। ਉਸ ਨੇ ਇਹ ਵੀ ਨੋਟ ਕੀਤਾ ਕਿ ਝੂੁਮਰ ਅੱਗੇ ਪਿੱਛੇ ਜਾਣ ਲਈ ਇੱਕੋ ਜਿਹਾ ਸਮਾਂ ਲੈਂਦਾ ਹੈ, ਭਾਵੇਂ ਇਹਦੀ ਦੂਰੀ ਵੱਧ ਹੋਵੇ ਜਾਂ ਘੱਟ ਹੋਵੇ। ਇਸ ਗੱਲ ਨੇ ਉਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਜਿਵੇਂ ਨਿਊਟਨ ਨੂੰ ਸੇਬ ਡਿੱਗਣ ਨੇ ਪ੍ਰਭਾਵਿਤ ਕੀਤਾ ਸੀ।
ਗੈਲੀਲੀਓ ਨੇ ਘਰ ਆ ਕੇ ਦੋ ਪੈਂਡੂਲਮ ਤਿਆਰ ਕੀਤੇ ਜਿਨ੍ਹਾਂ ਦੀ ਲੰਬਾਈ ਅਤੇ ਭਾਰ ਇੱਕੋ ਜਿਹਾ ਸੀ। ਜਦ ਉਸ ਨੇ ਘੱਟ ਫ਼ਾਸਲੇ ਨਾਲ ਉਨ੍ਹਾਂ ਨੂੰ ਝੁਲਾਇਆ ਤਾਂ ਇੱਕੋ ਜਿਹਾ ਸਮਾਂ ਲੱਗਾ। ਇਸ ਗੱਲ ਦੀ ਪੁਸ਼ਟੀ 100 ਸਾਲ ਬਾਅਦ ਜਾ ਕੇ ਹੋਈ ਕਿ TAUTO CHROME ਕਰਕੇ ਝੂਲਦੇ ਪੈਂਡੂਲਮ ਇੱਕੋ ਜਿੰਨਾ ਸਮਾਂ ਲੈਂਦੇ ਹਨ ਅਤੇ ਟਾਈਮ ਪੀਸ ਯਾਨੀ ਸਮਾਂ ਦੱਸਣ ਵਾਲੀ ਘੜੀ ਬਣੀ। ਗੈਲੀਲੀਓ ਨੂੰ ਜਾਣਬੁੱਝ ਕੇ ਗਣਿਤ ਤੋਂ ਦੂਰ ਰੱਖਿਆ ਗਿਆ ਕਿ ਡਾਕਟਰ ਬਣ ਕੇ ਪੈਸੇ ਜ਼ਿਆਦਾ ਕਮਾਏ ਜਾ ਸਕਦੇ ਹਨ, ਨਾ ਕਿ ਗਣਿਤ ਦੇ ਕੰਮ ਵਿੱਚ। ਇਹ ਤਾਂ ਅਚਾਨਕ ਇੱਕ ਦਿਨ ਉਸ ਨੇ ਜਮੈਟਰੀ ਦੇ ਲੈਕਚਰ ਵਿੱਚ ਸ਼ਮੂਲੀਅਤ ਕਰ ਲਈ ਤਾਂ ਉਹਦੀ ਜ਼ਿੰਦਗੀ ਹੀ ਬਦਲ ਗਈ। ਉਸ ਨੇ ਡਰਦੇ ਡਰਦੇ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਡਾਕਟਰੀ ਦੀ ਬਜਾਏ ਉਸ ਨੂੰ ਗਣਿਤ ਅਤੇ ਕੁਦਰਤੀ ਫਿਲਾਸਫ਼ੀ ਪੜ੍ਹਨ ਦਿੱਤੀ ਜਾਵੇ। ਗੈਲੀਲੀਓ ਨੇ ਥਰਮੋਸਕੋਪ ਬਣਾਈ ਅਤੇ 1586 ਵਿੱਚ ਹਾਈਡਰੋਸਟੈਟਿਕ ਉੱਪਰ ਇੱਕ ਛੋਟੀ ਜਿਹੀ ਕਿਤਾਬ ਲਿਖੀ। ਇਸ ਗੱਲ ਦਾ ਵਿਗਿਆਨੀਆਂ ਨੇ ਨੋਟਿਸ ਲਿਆ। ਉਸ ਨੇ ਫਾਈਨ ਆਰਟਸ ਦਾ ਵੀ ਮੁਤਾਲਿਆ ਕੀਤਾ। 1588 ਵਿੱਚ ਉਸ ਨੂੰ ਫਲੋਰੈਂਸ ਵਿਖੇ ਅਧਿਆਪਕ ਦੀ ਨੌਕਰੀ ਮਿਲ ਗਈ। ਪੇਂਟਰ ਸਿਗੋਲੀ ਨਾਲ ਉਸ ਦੀ ਦੋਸਤੀ ਸਾਰੀ ਉਮਰ ਨਿਭੀ। 1589 ਵਿੱਚ ਗੈਲੀਲੀਓ ਨੂੰ ਗਣਿਤ ਦਾ ਸੰਚਾਲਕ ਥਾਪਿਆ ਗਿਆ ਅਤੇ 1591 ਵਿੱਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਛੋਟੇ ਭਰਾ ਦੀ ਜ਼ਿੰਮੇਵਾਰੀ ਗੈਲੀਲੀਓ ਉੱਤੇ ਆ ਪਈ।
ਉਸ ਨੇ 1632 ਵਿੱਚ ‘ਡਾਇਲਾਗ ਕਨਸਰਨਿੰਗ ਦਿ ਟੂ ਚੀਫ ਵਰਲਡ ਸਿਸਟਮਜ਼’ ਲਿਖੀ ਤਾਂ ਉਸ ਕਿਤਾਬ ਨੂੰ ਲਿਖਣ ਅਤੇ ਛਾਪਣ ਲਈ ਚਰਚ ਨੇ ਪੂਰਾ ਸਮਰਥਨ ਦਿੱਤਾ ਸੀ। ਉਹਦੇ ਦੋਸਤ ਪੋਪ ਬਾਰ ਬੇਰੀਨੀ ਨੇ ਨਿੱਜੀ ਤੌਰ ’ਤੇ ਬੇਨਤੀ ਕੀਤੀ ਸੀ ਕਿ ਉਹ ਕਿਤਾਬ ਲਿਖੇ ਜਿਹਦੇ ਵਿੱਚ ਧਰਤੀ ਖੜ੍ਹੀ ਹੈ, ਦੇ ਹੱਕ ਵਿੱਚ ਲਿਖੇ, ਪਰ ਇਸ ਗੱਲ ਦਾ ਖ਼ਿਆਲ ਰੱਖੇ ਕਿ ਕਿਤਾਬ ਇਸ ਗੱਲ ਨੂੰ ਨਾ ਪ੍ਰਚਾਰੇ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਕਿਤਾਬ ਵਿੱਚ ਇਹ ਜਾਹਿਰ ਹੋ ਗਿਆ ਕਿ ਚਰਚ ਦੇ ਵਿਚਾਰ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ, ਮੂਰਖਤਾ ਹੈ। ਗੈਲੀਲੀਓ ਦੀ ਮੁੱਖਬੰਦ ਵਿੱਚ ਲਿਖੀ ਇਹ ਗੱਲ ਪੋਪ ਨੂੰ ਬੁਰੀ ਤਰ੍ਹਾਂ ਚੁਭੀ। ਇਹ ਗੱਲ ਉਸ ਨੇ ਹਿਕਾਰਤ ਨਾਲ ਨਹੀਂ ਸੀ ਲਿਖੀ ਸਗੋਂ ਇਹ ਸੋਚਿਆ ਹੀ ਨਹੀਂ ਸੀ ਕਿ ਅਣਜਾਣੇ ਵਿੱਚ ਲਿਖੀ ਗੱਲ ਦਾ ਇੰਨਾ ਤਿੱਖਾ ਵਿਰੋਧ ਹੋਵੇਗਾ। ਪੋਪ ਨੇ ਸਮਝਿਆ ਕਿ ਉਸ ਦਾ ਮਖੌਲ ਉਡਾਇਆ ਗਿਆ ਹੈ। ਗੈਲੀਲੀਓ ਆਪਣੇ ਪੱਕਾ ਮਿੱਤਰ ਅਤੇ ਸਮਰਥਕ ਗੁਆ ਬੈਠਾ। ਉਸ ਨੇ ਬਥੇਰੀਆਂ ਸਫ਼ਾਈਆਂ ਦਿੱਤੀਆਂ, ਪਰ ਉਸ ਦੀ ਕਿਸੇ ਨਾ ਸੁਣੀ। 22 ਜੂਨ 1633 ਨੂੰ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ। ਜੁਲਾਈ 1633 ਨੂੰ ਉਸ ਨੂੰ ਧਮਕੀ ਵੀ ਦਿੱਤੀ ਗਈ ਕਿ ਉਹ ਸੱਚੋ ਸੱਚ ਦੱਸ ਦੇਵੇ ਕਿ ਉਸ ਨੇ ਜਾਣਬੁੱਝ ਕੇ ਚਰਚ ਦੀ ਬੇਹੁਰਮਤੀ ਕੀਤੀ ਹੈ, ਨਹੀਂ ਤਾਂ ਉਸ ਨੂੰ ਬਹੁਤ ਤਸੀਹੇ ਦਿੱਤੇ ਜਾਣਗੇ, ਪਰ ਉਹ ਆਪਣੀ ਗੱਲ ’ਤੇ ਅੜਿਆ ਰਿਹਾ ਅਤੇ ਉਸ ਦਾ ਮਕਸਦ ਚਰਚ ਦੀ ਬੇਅਦਬੀ ਕਰਨਾ ਨਹੀਂ ਸੀ। ਇਸ ਚਰਚ ਦੇ ਮੁਕੱਦਮੇ ਦੌਰਾਨ ਗੈਲੀਲੀਓ ਦੇ ਬਿਆਨਾਂ ਨੂੰ ਨਸ਼ਰ ਕਰਨ ਉੱਪਰ ਪਾਬੰਦੀ ਲਾ ਦਿੱਤੀ ਗਈ। ਇਹ ਪਾਬੰਦੀ ਵੀ ਲਗਾ ਦਿੱਤੀ ਗਈ ਕਿ ਉਸ ਦੀਆਂ ਕਿਤਾਬਾਂ, ਹੁਣ ਵਾਲੀਆਂ ਅਤੇ ਅਗਰ ਉਹ ਅੱਗੇ ਤੋਂ ਵੀ ਲਿਖਦਾ ਹੈ ਤਾਂ, ਨੂੰ ਛਪਣ ਤੋਂ ਰੋਕਿਆ ਜਾਵੇ। ਇਹ ਵੀ ਮੰਨਿਆ ਜਾਂਦਾ ਹੈ ਕਿ ਗੈਲੀਲਿਓ ਦੀ ਜੇਲ੍ਹ ਕੋਠੜੀ ਵਿੱਚ ਇਹ ਉੱਕਰਿਆ ਹੋਇਆ ਸੀ, ‘‘ਧਰਤੀ ਤਾਂ ਅਜੇ ਵੀ ਘੁੰਮ ਰਹੀ ਹੈ।’’
1634 ਵਿੱਚ ਫਲੋਰੈਂਸ ਦੇ ਨਜ਼ਦੀਕ ਅਰਸੈਟਰੀ ਵਿਖੇ ਉਸ ਨੂੰ ਸੀਏਨਾ ਦੇ ਪਾਦਰੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ, ਪਰ ਉਹ ਉੱਥੇ ਵੀ ਕੈਦੀ ਸੀ। ਉਸ ਨੂੰ ਇਹ ਵੀ ਹੁਕਮ ਦਿੱਤਾ ਗਿਆ ਕਿ ਹਰ ਹਫ਼ਤੇ ਅਗਲੇ ਤਿੰਨ ਸਾਲ ਬਾਈਬਲ ਵਿੱਚੋਂ ਸੱਤ ਪ੍ਰਾਸ਼ਚਿਤ ਕਰਨ ਵਾਲੇ ਭਜਨ ਪੜ੍ਹਿਆ ਕਰੇਗਾ, ਪਰ ਉਸ ਦੀ ਧੀ ਨੇ ਇਹ ਆਗਿਆ ਲੈ ਲਈ ਸੀ ਕਿ ਇਹ ਕੰਮ ਉਹ ਆਪਣੇ ਬਾਪ ਲਈ ਆਪ ਕਰ ਦਿਆ ਕਰੇਗੀ। ਇਸ ਕੈਦ ਵਿੱਚ ਉਸ ਨੇ ਬਹੁਤ ਉਮਦਾ ਕਿਤਾਬ ਲਿਖੀ ‘ਟੂ ਨਿਊ ਸਾਇੰਸਜ਼’ ਜਿਸ ਨੂੰ ਹੁਣ KINEMATICS ਅਤੇ STRENGTH OF MATERIALS ਕਿਹਾ ਜਾਂਦਾ ਹੈ। ਇਸ ਨੂੰ ਹਾਲੈਂਡ ਵਿੱਚ ਛਾਪਿਆ ਗਿਆ ਤਾਂ ਕਿ ਕੋਈ ਕੱਟ ਵੱਢ ਨਾ ਹੋ ਸਕੇ। ਇਸ ਕਿਤਾਬ ਦੀ ਬਾਅਦ ਵਿੱਚ ਅਲਬਰਟ ਆਇੰਸਟਾਈਨ ਨੇ ਬਹੁਤ ਪ੍ਰਸ਼ੰਸਾ ਕੀਤੀ। ਇਸੇ ਕਿਤਾਬ ਨੇ ਗੈਲੀਲੀਓ ਨੂੰ ਮਾਡਰਨ ਸਾਇੰਸ ਦਾ ਪਿਤਾਮਾ ਬਣਾ ਦਿੱਤਾ।