ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ

06:16 AM Sep 06, 2023 IST

ਗੁਰਪ੍ਰੀਤ ਸਿੰਘ ਤਲਵੰਡੀ

19ਵੀਂ ਸਦੀ ਵਿਚ ਜਦ ਅੰਗਰੇਜ਼ ਹਕੂਮਤ ਦੌਰਾਨ ਸਿੱਖੀ ਦੇ ਪ੍ਰਚਾਰ ਕੇਂਦਰ ਗੁਰਦੁਆਰਿਆਂ ਉੱਪਰ ਮਹੰਤਾਂ ਦੇ ਕਬਜ਼ੇ ਹੋ ਚੁੱਕੇ ਸਨ, ਇਨ੍ਹਾਂ ਸ਼ਖਸੀ ਪੂਜਾ ਅਤੇ ਵਿਭਚਾਰ ਦੇ ਅੱਡੇ ਬਣਾ ਦਿੱਤਾ ਗਿਆ ਸੀ, ਉਦੋਂ ਸੀਮਤ ਸਾਧਨਾਂ ਨਾਲ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣ ਵਾਲੀਆਂ ਸ਼ਖ਼ਸੀਅਤਾਂ ਵਿਚ ਪ੍ਰੋ. ਗਿਆਨੀ ਦਿੱਤ ਸਿੰਘ ਦਾ ਨਾਮ ਮੂਹਰਲੀ ਕਤਾਰ ਵਿਚ ਆਉਂਦਾ ਹੈ।
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪਰੈਲ 1850 ਨੂੰ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ਵਿਚ ਆਪਣੇ ਨਾਨਕੇ ਘਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦੀਵਾਨ ਸਿੰਘ ਜਿ਼ਲ੍ਹਾ ਰੋਪੜ ਦੇ ਇਤਿਹਾਸਕ ਕਸਬੇ ਚਮਕੌਰ ਸਾਹਿਬ ਨੇੜਲੇ ਪਿੰਡ ਝੱਲੀਆਂ ਕਲਾਂ ਦੇ ਵਸਨੀਕ ਸਨ ਪਰ ਕਿਸੇ ਕਾਰਨ ਕਰ ਕੇ ਆਪਣੇ ਸਹੁਰੇ ਪਿੰਡ ਨੰਦਪੁਰ ਕਲੌੜ ਜਾ ਵਸੇ ਸਨ। ਘਰ ਵਿਚ ਅਤਿ ਦੀ ਗਰੀਬੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੁਲਾਬਦਾਸੀਆਂ ਦੇ ਡੇਰੇ ਪੜ੍ਹਨ ਤੋਰ ਦਿੱਤਾ। ਕੁਝ ਸਮਾਂ ਆਪ ਆਰੀਆ ਸਮਾਜ ਵਿਚ ਵੀ ਰਹੇ ਕਿਉਂਕਿ ਆਰੀਆ ਸਮਾਜੀਆਂ ਦੇ ਉਦੇਸ਼ ਸਿੱਖ ਧਰਮ ਨਾਲ ਮੇਲ ਖਾਂਦੇ ਸਨ ਅਤੇ ਬਹੁਗਿਣਤੀ ਲੋਕ ਆਰੀਆ ਸਮਾਜ ਵਿਚ ਸ਼ਾਮਿਲ ਹੋਣ ਲੱਗ ਪਏ ਸਨ। ਦੂਸਰੇ ਪਾਸੇ, ਸਿੱਖੀ ਦੇ ਪ੍ਰਚਾਰ ਦੀ ਘਾਟ ਹੋਣ ਕਾਰਨ ਜਿ਼ਆਦਾਤਰ ਸਿੱਖ ਪਰਿਵਾਰ ਈਸਾਈ ਬਣ ਗਏ ਸਨ। ਇਸ ਧਰਮ ਪਰਿਵਰਤਨ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਚਿੰਤਤ ਸਿੱਖ ਵਿਦਵਾਨਾਂ ਨੇ ਸਿੰਘ ਸਭਾ ਲਹਿਰ ਦਾ ਗਠਨ ਕੀਤਾ। ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦੇ ਮੁੱਖ ਬਾਨੀ ਸਨ। ਇਸ ਲਹਿਰ ਦਾ ਉਦੇਸ਼ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਕੇ ਸਿੱਖੀ ਨੂੰ ਨਿਰੋਲ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ’ਤੇ ਮਜ਼ਬੂਤ ਕਰਨਾ ਸੀ। ਸਿੱਖੀ ਅੰਦਰ ਘਰ ਕਰ ਚੁੱਕੀਆਂ ਜਾਤ-ਪਾਤ ਵਰਗੀਆਂ ਹੋਰ ਕੁਰੀਤੀਆਂ ਖ਼ਤਮ ਕਰਨ ਲਈ ਸਿੰਘ ਸਭਾ ਲਹਿਰ ਦਾ ਵੱਡਾ ਯੋਗਦਾਨ ਸੀ। ਸਿੱਖਾਂ ਦੇ ਮੁੱਖ ਕੇਂਦਰੀ ਅਸਥਾਨ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਅਤੇ ਦਰਸ਼ਨੀ ਡਿਓਢੀ ਵਿਚ ਮੂਰਤੀਆਂ ਰੱਖ ਕੇ ਕਰਵਾਈ ਜਾ ਰਹੀ ਮੂਰਤੀ ਪੂਜਾ ਬੰਦ ਕਰਵਾਈ ਗਈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬੀ ਦਾ ਖ਼ਾਲਸਾ ਅਖ਼ਬਾਰ ਕੱਢਿਆ। ਇਸ ਅਖ਼ਬਾਰ ਦੇ ਜ਼ਰੀਏ ਉਨ੍ਹਾਂ ਸਿੱਖੀ ਉੱਪਰ ਹੋ ਰਹੇ ਚੌਤਰਫੇ ਹਮਲੇ ਬੜੀ ਨਿਡਰਤਾ, ਦਲੇਰੀ ਅਤੇ ਦ੍ਰਿੜਤਾ ਨਾਲ ਰੋਕੇ। ਉਨ੍ਹਾਂ ਮੂਰਤੀ ਪੂਜਾ, ਜਾਤ-ਪਾਤ ਅਤੇ ਵਹਿਮ ਭਰਮ ਬੰਦ ਕਰਨ ਲਈ ਤਕੜੀ ਮੁਹਿੰਮ ਚਲਾਈ ਜਿਸ ਤਹਿਤ ਦੁਰਗਾ ਪ੍ਰਬੋਧ, ਸਵਪਨ ਨਾਟਕ, ਸ੍ਰੀ ਗੁਰੂ ਅਰਜਨ ਪ੍ਰਬੋਧ, ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ ਸਮੇਤ ਕਈ ਪੁਸਤਕਾਂ ਲਿਖੀਆਂ ਜੋ ਅੱਜ ਸਿੱਖ ਇਤਿਹਾਸ ਦਾ ਹਿੱਸਾ ਹਨ। ਪ੍ਰੋ. ਗਿਆਨੀ ਦਿੱਤ ਸਿੰਘ ਬਾਰੇ ਖੋਜਾਰਥੀ ਡਾ. ਸੰਦੀਪ ਕੌਰ ਸੇਖੋਂ ਅਨੁਸਾਰ ਗਿਆਨੀ ਦਿੱਤ ਸਿੰਘ ਨੇ ਕਰੀਬ 22 ਸਾਲ ਸਂੈਕੜੇ ਲੇਖ ਅਤੇ 40 ਤੋਂ ਵੀ ਜਿ਼ਆਦਾ ਕਿਤਾਬਾਂ ਲਿਖ ਕੇ ਸਿੱਖਾਂ ਅੰਦਰ ਜਾਗ੍ਰਿਤੀ ਪੈਦਾ ਕੀਤੀ। ਸਵਾਮੀ ਦਇਆ ਨੰਦ ਨੂੰ ਤਿੰਨ ਵਾਰ ਭਰੀ ਸਭਾ ਵਿਚ ਲਾਜਵਾਬ ਕੀਤਾ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਗੱਦੀ ਲਗਾ ਕੇ ਆਪਣੀ ਸ਼ਖ਼ਸੀ ਪੂਜਾ ਕਰਵਾ ਰਹੇ ਬਾਬਾ ਖੇਮ ਸਿੰਘ ਬੇਦੀ ਨੂੰ ਰੋਕਿਆ। ਆਪ ਦੇ ਵਹਿਮਾਂ ਭਰਮਾਂ, ਦੇਵੀ ਦੇਵਤਿਆਂ ਜਾਂ ਮੂਰਤੀ ਪੂਜਾ ਦਾ ਸਖ਼ਤ ਵਿਰੋਧੀ ਹੋਣ ਦਾ ਪ੍ਰਮਾਣ ਉਨ੍ਹਾਂ ਦੁਆਰਾ ਲਿਖੀ ਵਾਰਤਕ ਵਿਚੋਂ ਮਿਲਦਾ ਹੈ।
ਗਿਆਨੀ ਦਿੱਤ ਸਿੰਘ ਨੇ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਪੰਜਾਬੀ ਦਾ ‘ਖ਼ਾਲਸਾ ਅਖ਼ਬਾਰ’ ਸ਼ੁਰੂ ਕਰ ਕੇ ਸਮੁੱਚੇ ਸਿੱਖ ਜਗਤ ਨੂੰ ਕਰਮ-ਕਾਂਡਾਂ ਤੋਂ ਮੁਕਤ ਕਰਨ ਦੇ ਨਾਲ ਨਾਲ ਸਿੱਖੀ ਉੱਪਰ ਹੋ ਰਹੇ ਹਮਲੇ ਰੋਕਣ ਲਈ ਵੱਡਾ ਯੋਗਦਾਨ ਪਾਇਆ। ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੇ ਸਾਂਝੇ ਯਤਨਾਂ ਸਦਕਾ 12 ਜੂਨ 1886 ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ’ਤੇ ‘ਖ਼ਾਲਸਾ ਅਖ਼ਬਾਰ’ ਸ਼ੁਰੂ ਕੀਤਾ। ਇਸ ਅਖਬਾਰ ਦੇ ਸੰਪਾਦਕ ਭਾਵੇਂ ਗਿਆਨੀ ਝੰਡਾ ਸਿੰਘ ਸਨ ਲੇਕਿਨ ਜਿ਼ਆਦਾਤਰ ਲੇਖ ਗਿਆਨੀ ਦਿੱਤ ਸਿੰਘ ਹੀ ਲਿਖਦੇ ਸਨ। ਇਸ ਅਖ਼ਬਾਰ ਦਾ ਮੁੱਖ ਉਦੇਸ਼ ਸਿੱਖਾਂ ਨੂੰ ਗੁਰੂ ਸਾਹਿਬਾਨ ਦੇ ਸਮੁੱਚੇ ਜੀਵਨ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖ ਧਰਮ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਵਿਦਿਆ ਦੀ ਉੱਨਤੀ ਲਈ ਯਤਨ ਕਰਨਾ ਸੀ। ਇਹ ਅਖ਼ਬਾਰ ਸਿੰਘ ਸਭਾ ਲਾਹੌਰ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਸੀ। 1887 ਨੂੰ ਭਾਈ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਾਬਜ਼ ਮਹੰਤਾਂ ਨੇ ਸਿੱਖੀ ਵਿਚੋਂ ਖਾਰਜ ਕਰ ਦਿੱਤਾ। ਇਸ ਮਾਮਲੇ ’ਤੇ ਗਿਆਨੀ ਦਿੱਤ ਸਿੰਘ ਦੁਆਰਾ ਆਪਣੇ ਲੇਖਾਂ ਦੁਆਰਾ ਧੜੱਲੇ ਨਾਲ ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ ਅਤੇ ਅੰਗਰੇਜ਼ ਹਕੂਮਤ ਦੇ ਕਾਰਨਾਮਿਆਂ ਨੂੰ ਭੰਡਿਆ। ਇਸ ਤੋਂ ਬਾਅਦ ਬੇਦੀ ਉਦੈ ਸਿੰਘ ਨੇ ਅਖ਼ਬਾਰ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉੱਧਰ ਸਿੰਘ ਸਭਾ ਲਾਹੌਰ ਨੇ ਅਖ਼ਬਾਰ ਵੱਲੋਂ ਹੱਥ ਪਿੱਛੇ ਖਿੱਚ ਲਿਆ। ਇਸ ਤਰ੍ਹਾਂ ਇੱਕ ਵਾਰ ਅਖ਼ਬਾਰ ਦਮ ਤੋੜ ਗਿਆ ਪਰ ਗਿਆਨੀ ਦਿੱਤ ਸਿੰਘ ਨੇ 1893 ਨੂੰ ਅਖ਼ਬਾਰ ਮੁੜ ਸ਼ੁਰੂ ਕਰ ਦਿੱਤਾ। ਉਨ੍ਹਾਂ ਪੱਤਰਕਾਰੀ ਦੇ ਖੇਤਰ ’ਚ ਧੜੱਲੇ ਨਾਲ ਲਿਖਿਆ ਅੰਗਰੇਜ਼ ਹਕੂਮਤ, ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ ਅਤੇ ਫੋਕੇ ਕਰਮ-ਕਾਂਡਾਂ ਖਿਲਾਫ ਆਵਾਜ਼ ਉਠਾਈ।
ਸਿੱਖੀ ਦਾ ਇਹ ਵਾਰਸ 6 ਸਤੰਬਰ 1901 ਨੂੰ ਸਦਾ ਲਈ ਰੁਖ਼ਸਤ ਹੋ ਗਿਆ ਪਰ ਚੌਤਰਫ਼ਾ ਹਮਲਿਆਂ ਦਾ ਸ਼ਿਕਾਰ ਸਿੱਖੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਗਿਆਨੀ ਦਿੱਤ ਸਿੰਘ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਹਰ ਵਰ੍ਹੇ 6 ਸਤੰਬਰ ਨੂੰ ਵੱਖ ਵੱਖ ਥਾਈਂ ਸਮਾਗਮ ਕਰਵਾ ਕੇ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।
ਸੰਪਰਕ: 001-778-980-9196

Advertisement

Advertisement