ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਨ ਇਨਕਲਾਬੀ ਚੇ ਗੁਵੇਰਾ

06:25 AM Jun 14, 2024 IST

ਮਾਨਵ

Advertisement

“ਉਸਦਾ ਮੰਨਣਾ ਸੀ ਕਿ ਜਿਊਣਾ ਖੁਦ ਨੂੰ ਸਪੁਰਦ ਕਰ ਦੇਣਾ ਹੈ ਤੇ ਉਸ ਨੇ ਖੁਦ ਨੂੰ ਲੋਕਾਂ ਦੇ ਸਪੁਰਦ ਕਰ ਦਿੱਤਾ!”
ਅਰਜਨਟੀਨਾ ਵਿੱਚ ਅਖਾਣ ਮਸ਼ਹੂਰ ਹੈ, “ਜਿਊਂਦੇ ਲੋਕ ਕਹਾਣੀਆਂ ਲਿਖਦੇ ਹਨ ਤੇ ਮ੍ਰਿਤ ਲੋਕ ਕਹਾਣੀਆਂ ਬਣ ਜਾਂਦੇ ਹਨ|”
ਚੇ ਗੁਵੇਰਾ ਅਜਿਹਾ ਹੀ ਇੱਕ ਸ਼ਖਸ ਸੀ ਜਿਹੜਾ ਲੋਕਾਈ ਲਈ ਮੁਹੱਬਤ ਤੇ ਕੁਰਬਾਨੀ ਸਦਕਾ ਸਮੇਂ-ਸਥਾਨ ਦੀਆਂ ਹੱਦਾਂ ਪਾਰ ਕਰ ਗਿਆ ਤੇ ਛੋਟੀ ਉਮਰੇ ਅਜਿਹੀ ਕਹਾਣੀ ਲਿਖ ਗਿਆ ਜਿਹੜੀ ਅੱਜ ਦਹਾਕਿਆਂ ਬਾਅਦ ਵੀ ਸਮਾਜ ਬਦਲਣ ਦੀ ਜੱਦੋਜਹਿਦ ਵਿੱਚ ਲੱਗੇ ਲੋਕਾਂ ਲਈ ਮਿਸਾਲ ਹੈ। ਇਸ ਨੂੰ ਲਾਤੀਨੀ ਅਮਰੀਕੀ ਲੇਖਕ ਗਾਰਸੀਆ ਮਾਰਖੇਜ ਨੇ ਅਜਿਹੀ ਕਹਾਣੀ ਦੱਸਿਆ “ਜਿਹੜੀ ਲਿਖਣ ਬੈਠੋਂ ਤਾਂ ਹਜ਼ਾਰਾਂ ਸਾਲ ਤੇ ਲੱਖਾਂ ਵਰਕੇ ਵੀ ਥੁੜ੍ਹ ਜਾਣ|”
ਅਰਨੈਸਟੋ ਗੁਵੇਰਾ ਦੇਲਾ ਸੇਰੇਨਾ ਉਰਫ ਚੇ ਗੁਵੇਰਾ ਦਾ ਜਨਮ 4 ਜੂਨ 1928 ਨੂੰ ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਤੋਂ ਰਾਜਧਾਨੀ ਵੱਲ ਕੂਚ ਕਰਦੀ ਰੇਲ ਗੱਡੀ ਦੇ ਕਿਸੇ ਦਰਮਿਆਨੇ ਸਟੇਸ਼ਨ ’ਤੇ ਹੋਇਆ। ਮਹਿਜ਼ ਦੋ ਸਾਲ ਦੀ ਉਮਰ ’ਚ ਹੀ ਉਸ ਨੂੰ ਦਮੇ ਦਾ ਪਹਿਲਾ ਦੌਰਾ ਪਿਆ ਜਿਹੜਾ ਉਮਰ ਭਰ ਉਸ ਨਾਲ ਰਿਹਾ| ਉਸਦੇ ਪਿਤਾ, ਅਰਨੈਸਟੋ ਗੁਵੇਰਾ ਲਿੰਚਾ ਦਾ ਆਪਣੇ ਦਰਮਿਆਨੇ ਜਿਹੇ ਕਾਰੋਬਾਰ ਖਾਤਰ ਇੱਕ ਤੋਂ ਦੂਜੀ ਥਾਂ ਆਉਣ-ਜਾਣ ਲੱਗਿਆ ਰਿਹਾ ਤੇ ਇਸ ਤਰ੍ਹਾਂ ਬਚਪਨ ਤੋਂ ਹੀ ਚੇ ਦਾ ਜੀਵਨ ਘੁਮੰਤੂਆਂ ਵਾਂਗੂ ਗੁਜ਼ਰਿਆ|
ਚੇ ਦੀ ਅੱਲ੍ਹੜ ਉਮਰ ਵਿੱਚ ਉਸਦਾ ਪਰਿਵਾਰ ਰਾਜਧਾਨੀ ਬਿਊਨਸ ਆਇਰਸ ਮੁੜ ਆਇਆ ਜਿੱਥੇ ਚੇ ਨੇ ਯੂਨੀਵਰਸਿਟੀ ਦੇ ਦਾਖ਼ਲੇ ਲਈ ਤਿਆਰੀ ਸ਼ੁਰੂ ਕੀਤੀ ਤੇ ਗਣਿਤ, ਭਾਸ਼ਾਵਾਂ, ਰਸਾਇਣ ਵਿਗਿਆਨ ਆਦਿ ਵਿੱਚ ਚੰਗੀ ਦਿਲਚਸਪੀ ਹੋਣ ਦੇ ਬਾਵਜੂਦ ਉਸਨੇ ਮੈਡੀਕਲ ਦੀ ਪੜ੍ਹਾਈ ਚੁਣੀ। ਇਨ੍ਹਾਂ ਹੀ ਦਿਨਾਂ ’ਚ ਉਸ ਦੇ ਇਨਕਲਾਬੀ ਤੇ ਸਾਮਰਾਜ ਵਿਰੋਧੀ ਵਿਚਾਰਾਂ ਦੀ ਨੀਂਹ ਪੈਣੀ ਸ਼ੁਰੂ ਹੋਈ ਜਦ ਉਸ ਨੇ ਨਿਕਾਰਾਗੂਆ ਦੇ ਇਨਕਲਾਬੀ ਤੇ ਅਮਰੀਕੀ ਸਾਮਰਾਜ ਖ਼ਿਲਾਫ਼ ਬਗਾਵਤ ਦੇ ਆਗੂ ਔਗਸਤੋ ਸੈਨਡੀਨੋ ਦੀ ਜੀਵਨੀ ਪੜ੍ਹੀ ਤੇ ਵਰ੍ਹਿਆਂ ਮਗਰੋਂ ਆਪਣੇ ਜੀਵਨ ਨੂੰ ਵੀ ਇਸੇ ਵਡੇਰੇ ਮਕਸਦ ਲਈ ਵਾਰ ਦਿੱਤਾ| ਇਨ੍ਹਾਂ ਹੀ ਦਿਨਾਂ ਵਿਚ ਚੇ ਨੇ ਆਪਣੀਆਂ ਅਣਗਿਣਤ ਯਾਤਰਾਵਾਂ ਵਿੱਚੋਂ ਪਹਿਲੀ ਯਾਤਰਾ ਪੂਰੀ ਕੀਤੀ ਤੇ ਦੋ ਮਹੀਨਿਆਂ ਦੀ ਇਸ ਯਾਤਰਾ ਵਿੱਚ ਪਹਿਲੀ ਵਾਰ ਉਸਦੀ ਆਪਣੇ ਮੁਲਕ ਦੇ ਕਿਰਤੀਆਂ ਨਾਲ਼ ਸਿੱਧੀ ਸਾਂਝ ਪਈ| ਇਸੇ ਯਾਤਰਾ ਤੋਂ ਵਾਪਸ ਆ ਕੇ ਚੇ ਨੇ ਆਪਣੀ ਡਾਇਰੀ ਵਿੱਚ ਦਰਜ ਕੀਤਾ, “ਬੰਦੇ ਨੂੰ ਮੌਤ ਕਿਸੇ ਮਨੁੱਖੀ ਸ਼ਾਹਕਾਰ ਜਾਂ ਮਹਾਕਾਵਿ ਵਾਂਗੂੰ ਆਉਣੀ ਚਾਹੀਦੀ ਹੈ| ਸਾਧਾਰਨ ਜਿਹੀ ਮੌਤ ਦਾ ਕੋਈ ਮੁੱਲ ਨਹੀਂ, ਇਹ ਖੁਦ ਫਾਹਾ ਲੈਣ ਬਰਾਬਰ ਹੈ|”
1952 ’ਚ ਚੇ ਨੇ ਆਪਣੇ ਦੋਸਤ ਅਲਬਰਟੋ ਗਰੈਨਾਡੋ ਨਾਲ ਲਾਤੀਨੀ ਅਮਰੀਕਾ ਦੀ ਪਹਿਲੀ ਲੰਬੀ ਯਾਤਰਾ ਕੀਤੀ ਜਿਸ ਨੇ ਚੇ ਦੇ ਮਨ ’ਤੇ ਡੂੰਘਾ ਅਸਰ ਪਾਇਆ| ਦੋਹਾਂ ਵੱਲੋਂ ਯਾਤਰਾਂ ਦੌਰਾਨ ਲਿਖੀਆਂ ਡਾਇਰੀਆਂ ਦੇ ਆਧਾਰ ’ਤੇ 2004 ਵਿਚ ਫਿਲਮ ਵੀ ਬਣੀ| ਇਸੇ ਯਾਤਰਾ ਦੌਰਾਨ ਹੀ ਉਸਦੀ ਮੁਲਾਕਾਤ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਕੰਮ ਕਰਦੇ ਡਾਕਟਰ ਹਿਊਗੋ ਪੇਸੇ ਨਾਲ ਹੋਈ ਜਿਸ ਦੀ ਗਰੀਬਾਂ ਲਈ ਨਿਰਸਵਾਰਥ ਸੇਵਾ ਭਾਵਨਾ ਤੇ ਇਨਕਲਾਬੀ ਵਿਚਾਰਾਂ ਨੇ ਚੇ ਦੇ ਮਨ ’ਤੇ ਡੂੰਘੀ ਛਾਪ ਛੱਡੀ| 1953-54 ਦੀ ਅਗਲੀ ਲੰਬੀ ਯਾਤਰਾ ਦੌਰਾਨ ਉਹ ਜੁਲਾਈ 1953 ਵਿੱਚ ਬੋਲੀਵੀਆ ਓਦੋਂ ਪੁਜੇ ਜਦੋਂ ਉਥੇ ‘ਕੌਮੀ ਇਨਕਲਾਬੀ ਲਹਿਰ’ ਜਥੇਬੰਦੀ ਦੀ ਅਗਵਾਈ ਵਿੱਚ ਕਈ ਅਗਾਂਹਵਧੂ ਤਬਦੀਲੀਆਂ ਲਾਗੂ ਕੀਤੀਆਂ ਜਾ ਰਹੀਆਂ ਸਨ| ਇਨ੍ਹਾਂ ਹਾਲਤਾਂ ਨੇ ਤੇ ਗੁਆਟੇਮਾਲਾ ਦੇ ਅਗਲੇ ਪੜਾਅ ਦੌਰਾਨ ਚੱਲ ਰਹੀ ਅਮਰੀਕੀ ਸਾਮਰਾਜ ਵਿਰੋਧੀ ਲਹਿਰ ਦੇ ਅਸਰ ਵਿਚ ਹੀ ਚੇ ਨੇ ‘ਇਨਕਲਾਬ’ ਤੇ ‘ਸਮਾਜਕ ਬਗਾਵਤਾਂ’ ਬਾਰੇ ਆਪਣੇ ਮੁੱਢਲੇ ਲੇਖ ਲਿਖੇ| ਗੁਆਟੇਮਾਲਾ ਦੇ ਸਫਰ ਵਿਚਾਲੇ ਹੀ ਚੇ ਨੂੰ ਕਿਊਬਾ ਵਿੱਚ 27 ਸਾਲਾ ਨੌਜਵਾਨ ਫੀਦਲ ਕਾਸਤਰੋ ਦੀ ਅਗਵਾਈ ਵਿੱਚ ਮੋਨਕਾਡਾ ਬੈਰਕਾਂ ’ਤੇ ਹਮਲੇ ਦੀ ਖ਼ਬਰ ਪਹੁੰਚੀ ਤੇ ਉਹ ਕਿਊਬਾਈ ਇਨਕਲਾਬੀਆਂ ਦੇ ਗਰੁੱਪ ਨਾਲ ਮਿਲ਼ਣ ਲਈ ਤਤਪਰ ਹੋ ਗਿਆ ਤੇ ਇਹੀ ਖਿੱਚ ਉਸ ਨੂੰ ਮੈਕਸਿਕੋ ਲੈ ਗਈ ਜਿੱਥੇ ਬਿਤਾਏ ਦੋ ਸਾਲ ਉਸਦੀ ਜ਼ਿੰਦਗੀ ਦਾ ਅਹਿਮ ਮੋੜ ਸਾਬਤ ਹੋਏ| ਵਕਤੀ ਤੌਰ ’ਤੇ ਪੱਤਰਕਾਰੀ ਕਰ ਰਹੇ ਚੇ ਦੀ ਕਾਸਤਰੋ ਨਾਲ ਪਹਿਲੀ ਮੁਲਾਕਾਤ ਵੀ ਬਤੌਰ ਪੱਤਰਕਾਰ ਮੈਕਸਿਕੋ ਵਿੱਚ ਹੋਈ ਤੇ ਉਸੇ ਇੱਕ ਮੁਲਾਕਾਤ ਤੋਂ ਉਸ ਨੇ ਪੱਤਰਕਾਰੀ ਛੱਡ ਕਿਊਬਾ ਦੇ ਇਨਕਲਾਬੀਆਂ ਨਾਲ ਬਤੌਰ ਡਾਕਟਰ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਤੇ ਇੰਜ ਚੇ ਦੇ ਲੰਬੇ ਗੁਰੀਲਾ ਜੀਵਨ ਦਾ ਵੀ ਮੁੱਢ ਬੱਝ ਗਿਆ| 28 ਨਵੰਬਰ, 1956 ਦੀ ਅੱਧੀ ਰਾਤ ਨੂੰ ਕਾਸਤਰੋ ਦੀ ਅਗਵਾਈ ਵਿੱਚ 82 ਇਨਕਲਾਬੀਆਂ ਦੇ ਜਥੇ ਨੇ ਕਿਸ਼ਤੀ ’ਤੇ ਕਿਊਬਾ ਵੱਲ ਕੂਚ ਕੀਤਾ ਪਰ 11 ਦਿਨਾਂ ਦੇ ਔਖੇ ਸਫਰ ਮਗਰੋਂ ਜਦੋਂ ਕਿਊਬਾ ਕੰਢੇ ’ਤੇ ਉੱਤਰੇ ਤਾਂ ਪਹਿਲੋਂ ਹੀ ਸੰਨ੍ਹ ਲਾਈ ਬੈਠੀਆਂ ਤਾਨਾਸ਼ਾਹ ਬਤਿਸਤਾ ਦੀਆਂ ਫੌਜਾਂ ਨੇ ਉਨ੍ਹਾਂ ’ਤੇ ਹਮਲਾ ਬੋਲਿਆ ਤੇ ਅਚਨਚੇਤ ਹੋਏ ਇਸ ਹਮਲੇ ਵਿੱਚ 55 ਇਨਕਲਾਬੀ ਸ਼ਹੀਦ ਹੋ ਗਏ ਤੇ ਸਿਰਫ਼ 27 ਇਨਕਲਾਬੀ ਹੀ ਕੰਢੇ ਲੱਗ ਸਕੇ। ਇਸੇ ਝੜਪ ਮਗਰੋਂ ਹੀ ਇਨਕਲਾਬੀ ਚੇ ਨੇ ਡਾਕਟਰ ਦੀ ਥਾਂ ਮੁਕੰਮਲ ਬਾਗੀ ਬਣਨ ਦਾ ਫੈਸਲਾ ਲਿਆ ਤੇ ਲਿਖਿਆ, “ਮੇਰੇ ਮੋਢੇ ’ਤੇ ਦਵਾਈਆਂ ਦਾ ਭਰਿਆ ਝੋਲਾ ਸੀ ਤੇ ਹੱਥਾਂ ਵਿੱਚ ਗੋਲੀਆਂ ਨਾਲ ਲੈਸ ਬਕਸਾ| ਮੈਂ ਦੋਹੇਂ ਨਹੀਂ ਸੀ ਚੁੱਕ ਸਕਦਾ, ਇਸ ਲਈ ਮੈਂ ਦਵਾਈਆਂ ਵਾਲਾ ਝੋਲਾ ਰੱਖ ਕੇ ਗੋਲੀਆਂ ਚੁੱਕਣ ਦਾ ਨਿਰਣਾ ਲੈ ਲਿਆ|’’
ਅਥਾਹ ਕੁਰਬਾਨੀਆਂ ਮਗਰੋਂ ਕਾਸਤਰੋ ਦੀ ਅਗਵਾਈ ਵਿਚ ਤੁਰੇ ਇਨਕਲਾਬੀਆਂ ਨੇ ਲੋਕ ਹਮਾਇਤ ਸਦਕਾ 1959 ’ਚ ਅਮਰੀਕੀ ਪਿੱਠੂ ਬਤਿਸਤਾ ਹਕੂਮਤ ਨੂੰ ਲਾਹ ਸੁੱਟਿਆ| ਕਿਊਬਾ ਇਨਕਲਾਬ ਦੀ ਜਿੱਤ ਮਗਰੋਂ ਚੇ ਨੇ ਕਈ ਸਾਲ ਕਿਊਬਾ ਸਰਕਾਰ ਦੇ ਕੇਂਦਰੀ ਬੈਂਕ ਦੀਆਂ ਸੇਵਾਵਾਂ ਨਿਭਾਈਆਂ| ਪਰ ਇਨ੍ਹਾਂ ਹੀ ਸਾਲਾਂ ਵਿੱਚ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਬਸਤੀ ਬਣਾਏ ਮੁਲਕਾਂ ਵਿਚ ਜਬਰਦਸਤ ਬਸਤੀਵਾਦੀ ਵਿਰੋਧੀ ਲਹਿਰਾਂ ਚੱਲ ਰਹੀਆਂ ਸਨ ਤੇ ਆਖਰ ਚੇ ਨੇ ਕਿਊਬਾ ਵਿਚਲੀਆਂ ਆਪਣੀਆਂ ਸੇਵਾਵਾਂ ਨੂੰ ਵਿਰਾਮ ਦੇ ਕੇ ਇਨ੍ਹਾਂ ਲਹਿਰਾਂ ਦੀ ਹਰ ਸੰਭਵ ਮਦਦ ਕਰ ਸਕਣ ਦੇ ਅਹਿਦ ਨਾਲ ਅਫ਼ਰੀਕਾ ਵੱਲ ਕੂਚ ਕੀਤਾ ਜਿੱਥੇ ਅਗਲੇ ਸਾਲਾਂ ਵਿਚ ਉਸਦੀਆਂ ਅਲਜੀਰੀਆ, ਕਾਂਗੋ ਤੇ ਹੋਰਾਂ ਮੁਲਕਾਂ ਦੇ ਇਨਕਲਾਬੀਆਂ ਨਾਲ਼ ਮੁਲਾਕਾਤਾਂ ਹੋਈਆਂ ਤੇ ਉਨ੍ਹਾਂ ਲਹਿਰਾਂ ਨਾਲ ਉਹ ਸਰਗਰਮੀ ਨਾਲ ਜੁੜਿਆ| ਕਾਂਗੋ ਵਿੱਚ ਇਨਕਲਾਬੀ ਲਹਿਰ ਨੂੰ ਪਛਾੜ ਲੱਗਣ ਤੋਂ ਬਾਅਦ ਉਸ ਨੇ ਬੋਲੀਵੀਆ ਵਿਚ ਉੱਠ ਰਹੀ ਇਨਕਲਾਬੀ ਲਹਿਰ ਨਾਲ ਜੁੜ ਜਾਣ ਦਾ ਫੈਸਲਾ ਲਿਆ ਜੋ ਉਸਦੀ ਜ਼ਿੰਦਗੀ ਦਾ ਆਖਰੀ ਪੜਾਅ ਸਾਬਤ ਹੋਇਆ|
ਕਿਊਬਾ ਸਰਕਾਰ ਦੀ ਮਦਦ ਨਾਲ ਬੋਲੀਵੀਆ ਦੇ ਬਾਗੀ ਗੁਰੀਲਿਆਂ ਨੂੰ ਸਿਖਲਾਈ ਦੇ ਕੇ ਚੇ ਗੁਵੇਰਾ ਆਖਰ ਇਸ ਟੋਲੀ ਸਣੇ 7 ਦਸੰਬਰ, 1967 ਨੂੰ ਬੋਲੀਵੀਆ ਦਾਖਲ ਹੋਇਆ ਤੇ ਖਾਣ ਮਜ਼ਦੂਰਾਂ ਦੀ ਮਦਦ ਨਾਲ ਫੌਜੀ ਤਾਨਾਸ਼ਾਹ ਬੈਰਿਨਟੋਸ ਖ਼ਿਲਾਫ਼ ਜੱਦੋਜਹਿਦ ਵਿੱਢ ਦਿੱਤੀ| ਬੋਲੀਵੀਆ ਵਿਚ ਅੱਤ ਦਰਜੇ ਦੀ ਗਰੀਬੀ, ਗੈਰ-ਬਰਾਬਰੀ ਤੇ ਜਾਬਰ ਤਾਨਾਸ਼ਾਹੀ ਕਾਰਨ ਲੋਕਾਂ ਵਿੱਚ ਬਾਗੀਆਂ ਲਈ ਹਮਦਰਦੀ ਤਾਂ ਸੀ ਪਰ ਦੇਸ਼ ਪੱਧਰ ’ਤੇ ਮਜ਼ਦੂਰਾਂ, ਕਿਰਤੀਆਂ ਨੂੰ ਵਿਆਪਕ ਲਹਿਰ ਵਿਚ ਜੱਥੇਬੰਦ ਨਾ ਕਰਨਾ ਤੇ ਉਪਰੋਂ ਕਿਊਬਾ ਦੇ ਤਜਰਬੇ ਕਾਰਨ ਹੋਰ ਚੌਕੰਨੇ ਹੋਏ ਅਮਰੀਕੀ ਸਾਮਰਾਜੀਆਂ ਵੱਲੋਂ ਬਾਗੀਆਂ ਨੂੰ ਦਬਾਉਣ ਲਈ ਅਪਣਾਏ ਹਰ ਹੱਥਕੰਡੇ ਤੇ ਫੌਜੀ ਤਾਨਾਸ਼ਾਹ ਨੂੰ ਦਿੱਤੀ ਭਾਰੀ ਮਦਦ ਕਾਰਨ ਗੁਵੇਰਾ ਦੇ ਬਾਗੀ ਟੋਲੇ ਨੂੰ ਜੰਗ ਵਿੱਚ ਪਛਾੜ ਲੱਗੀ ਤੇ ਤਾਨਾਸ਼ਾਹ ਦੀਆਂ ਫੌਜਾਂ ਨੇ ਉਨ੍ਹਾਂ ਨੂੰ ਬੋਲੀਵੀਆ ਦੇ ਜੰਗਲੀ ਪਹਾੜਾਂ ਵਿਚ ਘੇਰ ਲਿਆ| ਛੇ ਮਹੀਨੇ ਦੀ ਗਹਿਗੱਚ ਲੜਾਈ ’ਚ ਗੁਰੀਲੇ ਬਾਗੀਆਂ ਨੇ ਬੋਲੀਵੀਆ ਦੀ ਫੌਜ ਨੂੰ ਜਬਰਦਸਤ ਟੱਕਰ ਦਿੱਤੀ ਪਰ ਬੇਮੇਚਵੀਂ ਲੜਾਈ ਵਿੱਚ ਆਖਰ ਚੇ ਗੁਵੇਰਾ ਆਖਰੀ ਗੋਲੀ ਤੱਕ ਲੜਦਾ-ਲੜਦਾ ਸ਼ਹੀਦ ਹੋ ਗਿਆ|
ਬੋਲੀਵੀਆ ਦੀ ਜਾਬਰ ਫੌਜ ਨੇ ਚੇ ਗੁਵੇਰਾ ਦੀ ਲਾਸ਼ ਕਿਸੇ ਅਣਦੱਸੀ ਥਾਂ ’ਤੇ ਦਫ਼ਨਾ ਦਿੱਤੀ ਕਿਉਂ ਜੋ ਉਸਦੀ ਲਾਸ਼ ਨੂੰ ਜਨਤਕ ਕਰਨ ਜਾਂ ਵਾਪਸ ਅਰਜਨਟੀਨਾ ਜਾਂ ਕਿਊਬਾ ਭੇਜਣ ਨਾਲ ਲੋਕਾਂ ਦੇ ਜਜ਼ਬਾਤੀ ਹੋ ਕੇ ਹਕੂਮਤ ਦੇ ਵਿਰੋਧ ’ਚ ਉਮੜ ਆਉਣ ਦਾ ਖ਼ਤਰਾ ਸੀ| ਦਹਾਕਿਆਂ ਮਗਰੋਂ ਮੌਕੇ ਦੇ ਅਫਸਰ ਦੇ ਇਕਬਾਲਨਾਮੇ ਦੇ ਆਧਾਰ ’ਤੇ ਚੇ ਦੀਆਂ ਅਸਥੀਆਂ ਦੱਸੀ ਥਾਂ ਤੋਂ ਬਰਾਮਦ ਕੀਤੀਆਂ ਗਈਆਂ ਤੇ ਉਸਦੇ ਦੂਜੇ ਘਰ ਜਾਣੀ ਕਿਊਬਾ ਲਿਜਾਈਆਂ ਗਈਆਂ| ਚੇ ਦੀ ਸ਼ਹਾਦਤ ਮਗਰੋਂ ਪੂਰੇ ਲਾਤੀਨੀ ਅਮਰੀਕਾ ਵਿੱਚ ਬੋਲੀਵੀਆ ਹਕੂਮਤ ਤੇ ਸਾਮਰਾਜੀ ਅਮਰੀਕਾ ਖ਼ਿਲਾਫ਼ ਵੱਡੇ ਜਲਸੇ-ਜਲੂਸ ਹੋਏ ਤੇ ਉਹ ਪੂਰੇ ਲਾਤੀਨੀ ਅਮਰੀਕਾ ਸਗੋਂ ਦੁਨੀਆ ਭਰ ਦੇ ਹੱਕ-ਸੱਚ ਲਈ ਲੜਨ ਵਾਲੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਿਆ।
ਸੰਪਰਕ: 9888808188

Advertisement
Advertisement
Advertisement