ਕਿਰਤੀਆਂ ਦਾ ਮਹਾਨ ਨਾਇਕ ਸ਼ਹੀਦ ਭਗਤ ਸਿੰਘ
ਸੁਮੀਤ ਸਿੰਘ
ਭਾਰਤ ਵਿਚ ਸ਼ਹੀਦ ਭਗਤ ਸਿੰਘ ਅਜਿਹਾ ਇਨਕਲਾਬੀ ਸ਼ਹੀਦ ਅਤੇ ਚਿੰਤਕ ਹੋਇਆ ਹੈ ਜਿਸ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਕਰੋੜਾਂ ਆਮ ਮਿਹਨਤਕਸ਼ ਲੋਕਾਂ, ਖਾਸ ਕਰ ਕੇ ਨੌਜਵਾਨਾਂ ਨੇ ਸਭ ਤੋਂ ਵੱਧ ਸਤਿਕਾਰ ਅਤੇ ਮਾਨਤਾ ਦਿਤੀ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਉਸ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਆਮ ਲੋਕਾਂ ਨੂੰ ਜਥੇਬੰਦ ਕਰ ਕੇ ਅੰਗਰੇਜ਼ ਸਾਮਰਾਜ ਵਲੋਂ ਲੋਕਾਂ ਉੱਤੇ ਕੀਤੇ ਜਾਂਦੇ ਜਬਰ ਜ਼ੁਲਮਾਂ ਦਾ ਲਗਾਤਾਰ ਡਟ ਕੇ ਵਿਰੋਧ ਕੀਤਾ ਅਤੇ ਸਿਰਫ ਸਾਢੇ ਤੇਈ ਸਾਲ ਦੀ ਉਮਰ ਵਿਚ ਰਾਜਗੁਰੂ ਅਤੇ ਸੁਖਦੇਵ ਸਮੇਤ ਹੱਸ ਕੇ ਸ਼ਹਾਦਤ ਦਿਤੀ।
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸੁਫਨਾ ਸੀ ਕਿ ਆਜ਼ਾਦ ਹਿੰਦੋਸਤਾਨ ਵਿਚ ਅਜਿਹਾ ਲੁੱਟ ਰਹਿਤ, ਨਿਆਂ ਪਸੰਦ ਅਤੇ ਬਰਾਬਰੀ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਾਮਰਾਜ ਪੱਖੀ ਤੇ ਜਗੀਰਦਾਰੀ ਢਾਂਚੇ ਦਾ ਖਾਤਮਾ ਹੋਵੇ, ਹਰ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋਣ, ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ-ਪਾਤ, ਲਿੰਗ ਸਮੇਤ ਹੋਰ ਕਿਸੇ ਵੀ ਪੱਧਰ ਉਤੇ ਕੋਈ ਵਿਤਕਰਾ ਨਾ ਹੋਵੇ ਪਰ ਅਫਸੋਸ! ਸੱਤਾ ਉਤੇ ਸਮੇਂ ਸਮੇਂ ਕਾਬਜ਼ ਵੱਖ ਵੱਖ ਹਕੂਮਤਾਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਦੀ ਕਦੇ ਨੇਕ ਨੀਅਤੀ ਨਹੀਂ ਦਿਖਾਈ।
ਕੁਝ ਮੌਕਾਪ੍ਰਸਤ ਅਤੇ ਫਿਰਕੂ ਤਾਕਤਾਂ ਵਲੋਂ ਭਗਤ ਸਿੰਘ ਦੀ ਸ਼ਖਸੀਅਤ ਅਤੇ ਇਨਕਲਾਬੀ ਸੋਚ ਨੂੰ ਸੋਚੀ ਸਮਝੀ ਸਾਜਿ਼ਸ਼ ਹੇਠ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਦੇ ਉਸ ਨੂੰ ਟੋਪੀ, ਪਗੜੀ ਤੇ ਦਹਿਸ਼ਤਪਸੰਦ ਨੌਜਵਾਨ ਦੇ ਵਵਿਾਦ ਨਾਲ ਜੋੜ ਦਿੱਤਾ ਜਾਂਦਾ ਹੈ, ਕਦੇ ਉਸ ਨੂੰ ਆਸਤਿਕ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਭਗਤ ਸਿੰਘ ਦਾ ਕਿਸੇ ਵੀ ਧਰਮ, ਪਰਮਾਤਮਾ, ਆਤਮਾ, ਜਾਤ-ਪਾਤ, ਪਾਠ-ਪੂਜਾ ਅਤੇ ਕਿਸਮਤ ਵਿਚ ਕੋਈ ਵਿਸ਼ਵਾਸ ਨਹੀਂ ਸੀ। ਇਸ ਦਾ ਖੁਲਾਸਾ ਉਸ ਨੇ ਆਪਣੀ ਰਚਨਾ ‘ਮੈਂ ਨਾਸਤਿਕ ਕਿਉਂ ਹਾਂ?’ ਵਿਚ ਕੀਤਾ ਹੈ। ਉਸ ਅਨੁਸਾਰ ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉਤੇ ਤਿੱਖੀ ਹੁੰਦੀ ਹੈ। ਦਰਅਸਲ, ਉਸ ਦਾ ਅਸਲ ਹਥਿਆਰ ਉਸ ਦੀ ਕਲਮ ਸੀ।
ਹਿੰਦੋਸਤਾਨ ਦੀ ਖੂਨੀ ਵੰਡ ਦੇ ਨਤੀਜੇ ਵਜੋਂ ਮਿਲੀ ਅਧੂਰੀ ਆਜ਼ਾਦੀ ਤੋਂ ਬਾਅਦ ਸੱਤਾ ਉਤੇ ਕਾਬਜ਼ ਤਾਕਤਾਂ ਵਲੋਂ ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਵਿਚਾਰਧਾਰਾ ਨੂੰ ਸਾਜਿ਼ਸ਼ ਹੇਠ ਅਣਗੌਲਿਆ ਕਰਨ ਦੀ ਨੀਤੀ ਅਪਣਾਈ ਗਈ। ਇਸ ਦੇ ਬਾਵਜੂਦ ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਵਿਚਾਰਧਾਰਾ ਨੂੰ 92 ਸਾਲਾਂ ਦੇ ਬਾਅਦ ਵੀ ਲੋਕ ਮਨਾਂ ਵਿਚੋਂ ਮਿਟਾਇਆ ਨਹੀਂ ਜਾ ਸਕਿਆ।
ਹੈਰਾਨੀ ਹੈ ਕਿ ਜਿਹੜੀਆਂ ਤਾਕਤਾਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਰਗਰਮੀਆਂ ਦਾ ਉਨ੍ਹਾਂ ਦੇ ਜਿਊਂਦੇ ਜੀਅ ਡਟ ਕੇ ਵਿਰੋਧ ਕਰਦੀਆਂ ਰਹੀਆਂ, ਉਹੀ ਹੁਣ ਆਪਣੀ ਸਿਆਸਤ ਹੇਠ ਹਰ ਸਾਲ 23 ਮਾਰਚ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਬੁੱਤਾਂ ਉਤੇ ਹਾਰ ਪਾ ਕੇ ਅਤੇ ਝੂਠੇ ਭਾਸ਼ਣ ਕਰ ਕੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ। ਇਸ ਦੇ ਬਿਲਕੁਲ ਉਲਟ ਅਜਿਹੀਆਂ ਹਾਕਮ ਜਮਾਤਾਂ ਵਲੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਦੇਸ਼ ਦੇ ਚੰਗੇ ਭਲੇ ਜਨਤਕ ਅਦਾਰਿਆਂ ਨੂੰ ਬਹੁ-ਕੌਮੀ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਬਰਤਾਨਵੀ ਹਕੂਮਤ ਤੋਂ ਵੀ ਵੱਧ ਸਖਤ ਲੋਕ ਵਿਰੋਧੀ ਕਾਨੂੰਨ ਅਤੇ ਸਾਮਰਾਜ ਪੱਖੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਸੰਵਿਧਾਨ, ਜਮਹੂਰੀਅਤ, ਧਰਮ ਨਿਰਪੱਖ ਅਤੇ ਬਹੁ-ਸਭਿਆਚਾਰਕ ਢਾਂਚੇ ਨੂੰ ਖਤਮ ਕਰ ਕੇ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦੀਆਂ ਸਾਜਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੌਜੂਦਾ ਹਾਕਮ ਜਮਾਤਾਂ ਬੇਸ਼ਕ ਦੇਸ਼ ਵਿਚ ਵਿਕਾਸ ਹੋਣ ਦੇ ਲੱਖ ਦਾਅਵੇ ਕਰੀ ਜਾਣ ਪਰ ਹਕੀਕਤ ਇਹ ਹੈ ਕਿ ਅੱਜ ਵੀ ਕਰੋੜਾਂ ਗਰੀਬ ਤੇ ਦੱਬੇ ਕੁਚਲੇ ਲੋਕ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਸਾਫ ਪਾਣੀ, ਸੀਵਰੇਜ, ਸੜਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਭ੍ਰਿਸ਼ਟ ਅਤੇ ਲੁਟੇਰੇ ਰਾਜ ਪ੍ਰਬੰਧ ਤੋਂ ਤੰਗ ਆ ਕੇ ਹਰ ਸਾਲ ਲੱਖਾਂ ਵਿਦਿਆਰਥੀ ਅਤੇ ਨੌਜਵਾਨ ਵਿਦੇਸ਼ ਜਾ ਰਹੇ ਹਨ। ਸੈਂਕੜੇ ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ, ਵਕੀਲਾਂ, ਲੇਖਕਾਂ ਅਤੇ ਪੱਤਰਕਾਰਾਂ ਨੂੰ ਯੂਏਪੀਏ ਤਹਿਤ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਵਿਚ ਬਿਨਾ ਕਿਸੇ ਸੁਣਵਾਈ ਦੇ ਕਈ ਸਾਲਾਂ ਤੋਂ ਜੇਲ੍ਹਾਂ ਵਿਚ ਡੱਕਿਆ ਗਿਆ ਹੈ। ਇਹ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨਿਆਂ ਦਾ ਭਾਰਤ ਨਹੀਂ।
ਇਸ ਲਈ ਸਮੂਹ ਲੋਕ ਪੱਖੀ, ਅਗਾਂਹਵਧੂ, ਜਮਹੂਰੀ ਅਤੇ ਜਨਤਕ ਸੰਗਠਨਾਂ ਦੀ ਸਿਧਾਂਤਕ ਅਤੇ ਨੈਤਿਕ ਜਿ਼ੰਮੇਵਾਰੀ ਹੈ ਕਿ ਉਹ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਦਕਿਸਾਨਾਂ, ਮਜ਼ਦੂਰਾਂ, ਦਲਿਤਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ ਸਮੇਤ ਸਮਾਜ ਦੇ ਸਮੂਹ ਕਿਰਤੀ ਵਰਗਾਂ ਨੂੰ ਸਾਂਝੇ ਮੰਚ ਹੇਠ ਲਾਮਬੰਦ ਕਰ ਕੇ ਦੇਸ਼ਵਿਆਪੀ ਅੰਦੋਲਨ ਵਿੱਢਣ ਤਾਂ ਕਿ ਹੁਕਮਰਾਨਾਂ ਵਲੋਂ ਸੰਵਿਧਾਨ, ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਤੋੜਨ ਅਤੇ ਜਨਤਕ ਖੇਤਰ ਨੂੰ ਵੇਚਣ ਦੀਆਂ ਸਾਜਿ਼ਸ਼ਾਂ ਨੂੰ ਨਾਕਾਮ ਕਰ ਕੇ ਲੋਕਪੱਖੀ ਢਾਂਚਾ ਸਥਾਪਤ ਕੀਤਾ ਜਾ ਸਕੇ।
ਸੰਪਰਕ: 76960-30173