For the best experience, open
https://m.punjabitribuneonline.com
on your mobile browser.
Advertisement

ਕੁੱਪ ਰਹੀੜੇ ਦਾ ਵੱਡਾ ਘੱਲੂਘਾਰਾ

07:19 AM Feb 03, 2025 IST
ਕੁੱਪ ਰਹੀੜੇ ਦਾ ਵੱਡਾ ਘੱਲੂਘਾਰਾ
Advertisement

ਸੁਖਵਿੰਦਰ ਸਿੰਘ ਮੁੱਲਾਂਪੁਰ

ਸਿੱਖਾਂ ਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਜਦੋਂ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੁਰੂ ਸਾਹਿਬ ਦੇ ਲਾਲਾਂ ਦਾ ਬਦਲਾ ਲੈਣ ਮਗਰੋਂ ਸਿੱਖ ਰਾਜ ਸਥਾਪਤ ਕਰ ਲਿਆ। 1716 ਵਿਚ ਬੰਦਾ ਸਿੰਘ ਬਹਾਦਰ ਨੂੰ ਕਈ ਸਿੰਘਾਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ।
18ਵੀਂ ਸਦੀ ਵਿੱਚ ਵਾਪਰੇ ਦੋ ਘੱਲੂਘਾਰਿਆਂ ਦਾ ਇਤਿਹਾਸ ਵੱਖਰਾ ਹੀ ਹੈ। ਇਹ ਦੋਵੇਂ ਘੱਲੂਘਾਰੇ ਛੋਟੇ ਅਤੇ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣੇ ਜਾਂਦੇ ਹਨ। ਛੋਟਾ ਘੱਲੂਘਾਰਾ 17 ਮਈ 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ’ਚ ਵਾਪਰਿਆ। ਇਹ ਜਗ੍ਹਾ ਗੁਰਦਾਸਪੁਰ ਤੋਂ ਮੁਕੇਰੀਆਂ ਜਾਂਦੀ ਸੜਕ ’ਤੇ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਘੱਲੂਘਾਰੇ ਵਿੱਚ ਦਸ ਹਜ਼ਾਰ ਸਿੰਘ, ਬੀਬੀਆਂ ਅਤੇ ਬੱਚੇ ਸ਼ਹੀਦ ਹੋਏ। ਵੱਡਾ ਘੱਲੂਘਾਰਾ ਇਸ ਛੋਟੇ ਘੱਲੂਘਾਰੇ ਤੋਂ 16 ਸਾਲ ਬਾਅਦ 5 ਫ਼ਰਵਰੀ 1762 ਨੂੰ ਰੋਹੀੜੇ (ਨੇੜੇ ਕੁੱਪ) ਜ਼ਿਲ੍ਹਾ ਸੰਗਰੂਰ ਵਿੱਚ ਵਾਪਰਿਆ।
ਮੁਗਲਾਂ ਦਾ ਰਾਜ ਲਗਪਗ ਖ਼ਤਮ ਹੋ ਚੱਲਿਆ ਸੀ। ਮਰਹੱਟੇ ਤਾਕਤ ਫੜ੍ਹਦੇ ਜਾ ਰਹੇ ਸਨ। ਉਨ੍ਹਾਂ ਦੀ ਤਾਕਤ ਘੱਟ ਕਰਨ ਲਈ ਅਬਦਾਲੀ ਨੇ ਮਰਹੱਟਿਆਂ ’ਤੇ ਹੱਲਾ ਬੋਲ ਦਿੱਤਾ। ਏਸ਼ੀਆ ਦੇ ਵੱਡੇ ਸੈਨਾਪਤੀਆਂ ਵਿਚ ਗਿਣੇ ਜਾਣ ਵਾਲੇ ਅਬਦਾਲੀ ਨੇ ਹਿੰਦੁਸਤਾਨ ਉਪਰ ਅੱਠ ਹਮਲੇ ਕੀਤੇ ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਵਿਚ ਮਰਹੱਟਿਆਂ ਨਾਲ ਯੁੱਧ ਕਰਨ ਸਮੇਂ ਉਨ੍ਹਾਂ ਦਾ ਚੰਗੀ ਤਰ੍ਹਾਂ ਲੱਕ ਤੋੜ ਦਿੱਤਾ। ਅਬਦਾਲੀ ਮਰਹੱਟਿਆਂ ਨੂੰ ਲੁੱਟ ਕੇ ਮਹਾਨ ਜੇਤੂ ਦੇ ਰੂਪ ਵਿਚ ਕਾਬਲ ਜਾ ਰਿਹਾ ਸੀ। ਪੰਜਾਬ ਵਿਚ ਦੀ ਲੰਘਦਿਆਂ ਖ਼ਾਲਸੇ ਨੇ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਫ਼ੈਸਲਾ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਆਪਣੇ ਯੋਧਿਆਂ ਨਾਲ ਅਬਦਾਲੀ ਦੇ ਪਿੱਛੇ ਲੱਗ ਗਿਆ। ਜੋ ਮਾਲ ਅਬਦਾਲੀ ਮਰਹੱਟਿਆਂ ਤੋਂ ਲੁੱਟ ਕੇ ਲਿਜਾ ਰਿਹਾ ਸੀ, ਉਸ ਨੇ ਉਹ ਸਾਰਾ ਮਾਲ ਹੱਲਾ ਬੋਲ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਹ ਵੇਖ ਕੇ ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ।
ਅਬਦਾਲੀ ਨੂੰ ਮਹੰਤ ਆਕਲ ਦਾਸ ਹੰਡਾਲੀਆ ਜੰਡਿਆਲੇ ਵਾਲਾ, ਚੁਗਲਾ ਰਾਮ ਰੰਧਾਵਾ, ਰਾਜਾ ਘੁਮੰਡ ਅਤੇ ਹੋਰ ਨਵਾਬਾਂ-ਚੌਧਰੀਆਂ ਨੇ ਸਿੰਘਾਂ ਬਾਰੇ ਉਕਸਾ ਕੇ ਸਿੰਘਾਂ ’ਤੇ ਛੇਵਾਂ ਹਮਲਾ ਕਰਕੇ ਖੋਜ-ਖੁਰਾ ਮਿਟਾਉਣ ਲਈ ਕਿਹਾ। ਜਦੋਂ ਸਿੰਘਾਂ ਨੂੰ ਅਬਦਾਲੀ ਦੇ ਛੇਵੇਂ ਹਮਲੇ ਦੀ ਸੂਹ ਮਿਲੀ ਕਿ ਅਬਦਾਲੀ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵੱਲ ਸਿੰਘਾਂ ’ਤੇ ਹੱਲਾ ਬੋਲ ਕੇ ਉਨ੍ਹਾਂ ਦਾ ਖੋਜ-ਖੁਰਾ ਮਿਟਾਉਣ ਆ ਰਿਹਾ ਹੈ ਤਾਂ ਖ਼ਾਲਸੇ ਨੇ ਬੜੀ ਦੂਰ-ਅੰਦੇਸ਼ੀ ਵਾਲਾ ਫ਼ੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਟੱਬਰਾਂ ਅਤੇ ਬੱਚਿਆਂ ਦੀ ਰਾਖੀ ਕੀਤੀ ਜਾਵੇ। ਜੇ ਪਰਿਵਾਰ ਬਚੇ ਰਹੇ ਤਾਂ ਸਿੱਖ ਕੌਮ ਬਚੀ ਰਹੇਗੀ ਅਤੇ ਜੇ ਸਿੱਖ ਕੌਮ ਬਚੀ ਰਹੀ ਤਾਂ ਸਿੱਖ ਧਰਮ ਬਚਿਆ ਰਹੇਗਾ। ਰੋਹੀੜੇ (ਕੁੱਪ) ਦੀ ਥੇਹ ਨੇੜੇ 50-55 ਹਜ਼ਾਰ ਦੀ ਗਿਣਤੀ ਵਿਚ ਸਿੱਖ ਇਕੱਠੇ ਹੋ ਗਏ। ਇਸ ਗਿਣਤੀ ਵਿਚ ਬੱਚੇ, ਬੁੱਢੇ ਅਤੇ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਪਰਿਵਾਰਾਂ ਨੂੰ ਬਰਨਾਲੇ ਵਿੱਚ, ਜਿੱਥੇ ਬਾਬਾ ਆਲਾ ਸਿੰਘ ਦਾ ਰਾਜ ਸੀ, ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ। ਸਿੱਖ ਸਰਦਾਰਾਂ ਨੂੰ ਉਮੀਦ ਸੀ ਕਿ ਅਬਦਾਲੀ ਨੂੰ ਸਿੱਖਾਂ ਤੱਕ ਪੁੱਜਣ ਲਈ ਕਈ ਦਿਨ ਲੱਗ ਜਾਣਗੇ। ਅਬਦਾਲੀ 3 ਫ਼ਰਵਰੀ 1762 ਨੂੰ ਲਾਹੌਰ ਪਹੁੰਚ ਗਿਆ। ਸਿੱਖਾਂ ਨੂੰ ਉਮੀਦ ਸੀ ਕਿ ਉਹ ਹਾਲੇ ਲਾਹੌਰ ਆਰਾਮ ਕਰਕੇ ਫਿਰ ਇੱਧਰ ਆਵੇਗਾ ਪਰ ਅਬਦਾਲੀ ਮਾਰੋ ਮਾਰ ਕਰਦਾ 50 ਹਜ਼ਾਰ ਫ਼ੌਜ ਅਤੇ 20-25 ਹਜ਼ਾਰ ਮੁਸਲਮ ਮੁਲਖਈਆਂ ਸਮੇਤ 5 ਫ਼ਰਵਰੀ ਨੂੰ ਰੋਹੀੜੇ ਆਇਆ ਅਤੇ ਸਿੱਖਾਂ ਨੂੰ ਘੇਰ ਲਿਆ। ਇਧਰੋਂ ਨਵਾਬ ਜੈਨ ਖਾਂ ਸਰਹਿੰਦ ਤੇ ਨਵਾਬ ਮਾਲੇਰਕੋਟਲਾ ਆਪਣੀ ਸੈਨਾ ਲੈ ਕੇ ਆ ਗਏ।
ਭਾਵੇਂ ਪੰਜਾਬ ਉੱਤੇ ਅਬਦਾਲੀ ਵਲੋਂ ਥਾਪੇ ਗਏ ਸੂਬੇਦਾਰਾਂ ਦਾ ਰਾਜ ਸੀ ਪਰ ਪੰਜਾਬ ਬਾਰ੍ਹਾਂ ਮਿਸਲਾਂ ਦੇ ਰੂਪ ਵਿਚ ਸਿੱਖਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ। ਦਲ ਖਾਲਸਾ ਜੱਸਾ ਸਿੰਘ ਅਹਲੂਵਾਲੀਆ ਦੀ ਅਗਵਾਈ ਹੇਠ ਮਜ਼ਬੂਤ ਦਲ ਬਣ ਚੁੱਕਾ ਸੀ। ਇਸ ਜੰਗ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੇ ਸੰਭਾਲ ਲਈ। ਉਨ੍ਹਾਂ ਦਾ ਸਾਥ ਸਰਦਾਰ ਸ਼ਾਮ ਸਿੰਘ ਕਰੋੜਸਿੰਘੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਚੱਕੀਆ ਵਰਗੇ ਜਰਨੈਲ ਦੇ ਰਹੇ ਸਨ। ਘਮਸਾਨ ਦਾ ਜੰਗ ਜਾਰੀ ਹੋ ਚੁੱਕਾ ਸੀ। ਇਸ ਵਿਚ ਲੜਨ ਵਾਲੇ ਸਿੰਘਾਂ ਦੀ ਗਿਣਤੀ ਘੱਟ ਸੀ ਅਤੇ ਬੱਚੇ ਤੇ ਬੁੱਢਿਆਂ ਦੀ ਗਿਣਤੀ ਜ਼ਿਆਦਾ ਸੀ।
ਸਿੰਘਾਂ ਨੂੰ ਆਪਣੀ ਮੌਤ ਨਾਲੋਂ ਜ਼ਿਆਦਾ ਚਿੰਤਾ ਵਹੀਰ ਨੂੰ ਬਚਾਉਣ ਦੀ ਸੀ। ਸਾਰੇ ਸਿੰਘ ਵਹੀਰ ਦੇ ਆਲੇ-ਦੁਆਲੇ ਘੇਰਾ ਬਣਾ ਕੇ ਦੁਸ਼ਮਣਾਂ ਨਾਲ ਲੜ ਰਹੇ ਸਨ। ਅਬਦਾਲੀ ਅਤੇ ਉਸ ਦੇ ਜਰਨੈਲਾਂ ਵਲੀ ਖ਼ਾਨ, ਭੀਖਨ ਖ਼ਾਨ ਅਤੇ ਜੈਨ ਖ਼ਾਨ ਨੇ ਇਕਦਮ ਇਕੱਠਾ ਹਮਲਾ ਕਰਨ ਦੀ ਸਕੀਮ ਬਣਾਈ। ਇਸ ਹਮਲੇ ਨਾਲ ਸਿੰਘਾਂ ਦੇ ਪੈਰ ਉੱਖੜ ਗਏ। ਵਹੀਰ ਦੁੁਆਲੇ ਸਿੰਘਾਂ ਦਾ ਘੇਰਾ ਟੁੱਟ ਗਿਆ। ਵਹੀਰ ਦਾ ਬਹੁਤ ਨੁਕਸਾਨ ਹੋਇਆ। ਵੈਰੀਆਂ ਨੇ ਵੱਡੀ ਗਿਣਤੀ ਵਿਚ ਸਿੱਖ ਟੱਬਰ ਸ਼ਹੀਦ ਕਰ ਦਿੱਤੇ ਪਰ ਥੋੜ੍ਹੇ ਸਮੇਂ ਬਾਅਦ ਸਿੰਘ ਫਿਰ ਵਹੀਰ ਦੁਆਲੇ ਘੇਰਾ ਬਣਾਉਣ ਵਿਚ ਸਫ਼ਲ ਹੋ ਗਏ।
ਸਿੰਘ ਤੁਰਦੇ-ਤੁਰਦੇ ਹਠੂਰ ਦੀ ਢਾਬ ’ਤੇ ਪਹੁੰਚ ਗਏ। ਕੁਤਬੇ ਦੀ ਢਾਬ ’ਤੇ ਪਹੁੰਚ ਕੇ ਢਾਬ ਦੇ ਇਕ ਪਾਸੇ ਮੁਗਲ ਸੈਨਾ ਅਤੇ ਦੂਸਰੇ ਪਾਸੇ ਸਿੰਘ ਫ਼ੌਜਾਂ ਨੇ ਪਾਣੀ ਪੀਤਾ। ਲੜਾਈ ਲੜਦਿਆਂ ਕੁਝ ਫ਼ੌਜ ਬਰਨਾਲੇ ਵੱਲ ਨੂੰ ਅਤੇ ਕੁਝ ਫ਼ੌਜ ਹਠੂਰ ਹੁੰਦੀ ਹੋਈ ਹਨੇਰੇ ਦਾ ਫਾਇਦਾ ਲੈ ਕੇ ਦੂਰ ਪਿੰਡਾਂ ਵਿਚ ਖਿੱਲਰ ਗਈ।
ਇਸ ਜੰਗ ਵਿਚ ਜੱਸਾ ਸਿੰਘ ਅਹਲੂਵਾਲੀਆ ਦੇ ਸਰੀਰ ਉਪਰ 32 ਅਤੇ ਸ਼ਾਮ ਸਿੰਘ ਦੇ ਸਰੀਰ ਉਪਰ 16 ਫੱਟ ਲੱਗੇ ਸਨ। ਕੋਈ ਸਿੰਘ ਅਜਿਹਾ ਨਹੀਂ ਸੀ, ਜਿਸ ਦੇ ਸਰੀਰ ਉਪਰ ਜ਼ਖ਼ਮ ਦਾ ਨਿਸ਼ਾਨ ਨਾ ਹੋਵੇ। ਇਹ ਲੜਾਈ ਰੋਹੀੜੇ ਦੇ ਮੈਦਾਨ ਤੋਂ ਲੈ ਕੇ ਗਹਿਲਾਂ ਤੱਕ ਲਗਪਗ 20 ਮੀਲ ਦੇ ਖੇਤਰ ਵਿਚ ਲੜੀ ਗਈ। ਇਸ ਘੱਲੂਘਾਰੇ ਵਿਚ ਲਗਪਗ 35 ਹਜ਼ਾਰ ਸਿੰਘ ਸ਼ਹੀਦ ਹੋ ਗਏ ਪਰ ਫਿਰ ਵੀ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਨੇ ਸ਼ਾਮ ਨੂੰ ਨਿਤਨੇਮ ਦੀ ਅਰਦਾਸ ਵਿੱਚ ਕਿਹਾ, ‘ਚਾਰ ਪਹਿਰ ਦਿਨ ਸੁੱਖ-ਸ਼ਾਂਤੀ ਦਾ ਬਤੀਤ ਹੋਇਆ। ਚਾਰ ਪਹਿਰ ਦੀ ਰਾਤ ਸੁਖ ਦੀ ਬਤੀਤ ਹੋਵੇ।’
15 ਫਰਵਰੀ 1762 ਨੂੰ ਅਬਦਾਲੀ ਜਦੋਂ ਸਰਹਿੰਦ ਤੋਂ ਲਾਹੌਰ ਵੱਲ ਮੁੜਿਆ ਤਾਂ ਰਸਤੇ ਵਿਚ ਉਸ ਨੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। ਅੰਮ੍ਰਿਤਸਰ ਦੇ ਸਾਰੇ ਗੁਰਧਾਮ ਢਹਿ ਢੇਰੀ ਕਰ ਦਿੱਤੇ ਗਏ। ਹਰਿਮੰਦਰ ਸਾਹਿਬ ਨੂੰ ਬਾਰੂਦ ਦੇ ਕੁੱਪੇ ਰੱਖ ਕੇ ਉੱਡਾ ਦਿੱਤਾ। ਦਰਬਾਰ ਸਾਹਿਬ ਦੇ ਸਰੋਵਰ ਨੂੰ ਇਟਾਂ-ਵੱਟੇ ਅਤੇ ਆਲੇ-ਦਆਲੇ ਦੇ ਘਰਾਂ ਨੂੰ ਢਾਅ ਕੇ ਪੂਰ ਦਿੱਤਾ। ਅਕਾਲ ਤਖ਼ਤ ਸਾਹਿਬ ਵੀ ਢਹਿ ਢੇਰੀ ਕਰ ਦਿੱਤਾ। ਜੋ ਚੁਗਲੀ ਕਰਕੇ ਸਿੰਘ, ਸਿੰਘਣੀਆਂ ਅਤੇ ਬੱਚੇ ਅਬਦਾਲੀ ਨੂੰ ਫੜਾ ਦਿੱਤੇ ਗਏ, ਉਨ੍ਹਾਂ ਨੂੰ ਗੁਰੂ ਕੇ ਬਾਗ਼ ਦੀ ਖੁੱਲੀ ਜਗ੍ਹਾ ਵਿਚ ਕਤਲ ਕਰ ਦਿੱਤਾ ਗਿਆ। ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਨੇ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਹੋਰ ਤਾਜ਼ਾ ਕਰ ਦਿੱਤਾ। ਜੱਸਾ ਸਿੰਘ ਅਹਲੂਵਾਲੀਏ ਅਤੇ ਚੜ੍ਹਤ ਸਿੰਘ ਆਦਿ ਸਰਦਾਰਾਂ ਨੇ ਘੱਲੂਘਾਰੇ ਤੋਂ ਤਿੰਨ ਕੁ ਮਹੀਨੇ ਬਾਅਦ ਹੀ 15 ਕੁ ਹਜ਼ਾਰ ਸਿੰਘਾਂ ਵੱਲੋਂ ਸਰਹਿੰਦ ’ਤੇ ਹਮਲਾ ਕਰਕੇ ਜੈਨ ਖ਼ਾਂ ਨੂੰ ਹਰਾ ਕੇ ਘੱਲੂਘਾਰੇ ਦਾ ਬਦਲਾ ਲਿਆ।
ਸਿੰਘ 17 ਅਕਤੂਬਰ 1762 ਨੂੰ ਅੰਮ੍ਰਿਤਸਰ ਵਿੱਚ ਦਿਵਾਲੀ ਮਨਾਉਣ ਦਾ ਮਤਾ ਪਾਸ ਕਰਕੇ ਪਹੁੰਚ ਗਏ। ਉੱਥੇ 40 ਕੁ ਹਜ਼ਾਰ ਸਿੰਘ-ਸਿੰਘਣੀਆਂ ਦਾ ਇਕੱਠ ਹੋ ਗਿਆ। ਉਨ੍ਹਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਢਹਿ-ਢੇਰੀ ਹੋਏ ਦਰਬਾਰ ਸਾਹਿਬ ਅਤੇ ਸਰੋਵਰ ’ਚੋਂ ਇੱਟਾਂ-ਵੱਟੇ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ। ਅਬਦਾਲੀ ਨੂੰ ਪਤਾ ਲੱਗਣ ’ਤੇ ਆਪਣੀਆਂ ਫ਼ੌਜਾਂ ਲੈ ਕੇ ਪੁਤਲੀ ਘਰ ਅੰਮ੍ਰਿਤਸਰ ਨੇੜੇ ਪਹੁੰਚ ਗਿਆ। ਇਧਰੋਂ ਸਿੰਘ ਵੀ ਘੱਲੂਘਾਰੇ ਵਿਚ ਹੋਏ ਨੁਕਸਾਨ ਅਤੇ ਗੁਰੂ ਘਰ ਦੀ ਬੇਅਦਬੀ ਕਰਕੇ ਗੁੱਸੇ ਨਾਲ ਭਰੇ ਬੈਠੇ ਸਨ। ਸਿੰਘਾਂ ਦਾ ਅਬਦਾਲੀ ਦੀਆਂ ਫ਼ੌਜਾਂ ਨਾਲ ਯੁੱਧ ਲੱਗ ਗਿਆ। ਅਬਦਾਲੀ ਦੀ ਫ਼ੌਜ ਮਾਰੀ ਗਈ ਤੇ ਆਪ ਫ਼ੌਜ ਮਰਵਾ ਕੇ ਲਾਹੌਰ ਜਾ ਵੜਿਆ। ਸਿੰਘਾਂ ਨੇ ਸਾਲ ਵਿਚ ਹੀ ਘੱਲੂਘਾਰੇ ਅਤੇ ਗੁਰੂ ਘਰ ਦੀ ਹੋਈ ਬੇਅਦਬੀ ਦਾ ਬਦਲਾ ਲੈ ਲਿਆ। ਜਿਸ ਵੇਲੇ ਅਬਦਾਲੀ ਨੇ ਹਰਿਮੰਦਰ ਸਾਹਿਬ ਬਾਰੂਦ ਨਾਲ ਉਡਾਇਆ ਤਾਂ ਪਰਿਕਰਮਾ ਵਿੱਚ ਇੱਕ ਇੱਟ ਨੱਕ ’ਤੇ ਆ ਵੱਜੀ। ਉਸ ਜ਼ਖ਼ਮ ਨੂੰ ਮੁੜ ਆਰਾਮ ਨਾ ਆਇਆ ਤੇ ਕੈਂਸਰ ਦਾ ਰੋਗ ਬਣ ਕੇ ਉਸ ਦੀ ਮੌਤ ਹੋ ਗਈ। ਇਹ ਅਸਥਾਨ ਮਾਲੇਰਕੋਟਲਾ ਤੋਂ ਲੁਧਿਆਣਾ ਜਾਣ ਵਾਲੀ ਸੜਕ ’ਤੇ ਮਾਲੇਰਕੋਟਲਾ ਤੋਂ 15 ਕੁ ਕਿਲੋਮੀਟਰ ’ਤੇ ਸਥਿਤ ਹੈ। ਇੱਥੇ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ 3, 4, 5 ਫਰਵਰੀ ਨੂੰ ਜੋੜ ਮੇਲ ਕਰਵਾਇਆ ਜਾਂਦਾ ਹੈ।

Advertisement

ਸੰਪਰਕ: 98779-18042

Advertisement

Advertisement
Author Image

sukhwinder singh

View all posts

Advertisement