ਭਾਜਪਾ ਦੇ ਰਾਜ ’ਚ ਦੇਸ਼ ਦਾ ਗਰਾਫ਼ ਡਿੱਗਿਆ: ਅੰਮ੍ਰਿਤਾ ਵੜਿੰਗ
ਸ਼ਗਨ ਕਟਾਰੀਆ
ਬਠਿੰਡਾ, 21 ਮਾਰਚ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬੀਬਾ ਅੰਮ੍ਰਿਤਾ ਵੜਿੰਗ ਨੇ ਅੱਜ ਇਥੇ ਸ਼ਹਿਰ ਅੰਦਰ ਕਈ ਥਾਵਾਂ ’ਤੇ ਨੁੱਕੜ ਮੀਟਿੰਗਾਂ ਕੀਤੀਆਂ। ਪਾਰਲੀਮਾਨੀ ਹਲਕੇ ਬਠਿੰਡਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਬੀਬਾ ਵੜਿੰਗ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਕੇ ਸ਼ਬਦੀ ਹਮਲੇ ਕੀਤੇ।
ਉਨ੍ਹਾਂ ਦੇਸ਼ ਦੀ ਡਾਵਾਂਡੋਲ ਆਰਥਿਕਤਾ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕੌਮੀ ਮੀਡੀਆ ਦੇ ਪੱਖਪਾਤੀ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪਣੇ ਰਸਤੇ ਤੋਂ ਭਟਕ ਕੇ ਇਸ ਦਾ ਇਕ ਨੁਕਾਤੀ ਏਜੰਡਾ ਮੋਦੀ ਦੀ ਛਵੀ ਨੂੰ ਉਭਾਰਨਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਖ਼ਫ਼ਾ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਦਾ ਅੰਤਰ-ਰਾਸ਼ਟਰੀ ਪੱਧਰ ’ਤੇ ਗਰਾਫ਼ ਹੇਠਾਂ ਆਇਆ ਹੈ। ਸ੍ਰੀਮਤੀ ਵੜਿੰਗ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਕੋਲੋਂ ਨਵ-ਜਨਮੇ ਬੱਚੇ ਸਬੰਧੀ ਦਸਤਾਵੇਜ਼ ਵਿਖਾਏ ਜਾਣ ਦਾ ਦੋਸ਼ ਲਾਉਂਦਿਆਂ, ਪੰਜਾਬ ਸਰਕਾਰ ’ਤੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਲੰਘੇ ਦਿਨ ਮੁੱਖ ਮੰਤਰੀ ਬਠਿੰਡੇ ਆਏ ਪਰ ਇਸ ਦੇ ਬਾਵਜੂਦ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਨਹੀਂ ਮਿਲੇ, ਜੋ ਕਿ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਨੌਜਵਾਨ ਬੱਚੇ ਦੇ ਕਾਤਲਾਂ ਨੂੰ ਸਜ਼ਾ ਦੇ ਕੇ ਪਰਿਵਾਰ ਨੂੰ ਇਨਸਾਫ਼ ਦਿੰਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੰਗ ਬਿਰੰਗੀਆਂ ਪਾਰਟੀਆਂ ਦੀਆਂ ਅਸਪਸ਼ਟ ਨੀਤੀਆਂ ਨੂੰ ਪਿਛਾੜਨ ਲਈ ਅੱਗੇ ਹੋ ਕੇ ਕਾਂਗਰਸ ਦੇ ਹੱਕ ਆਉਣ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਅਰੁਣ ਵਧਾਵਨ, ਮਾਸਟਰ ਹਰਮੰਦਰ ਸਿੰਘ, ਰੁਪਿੰਦਰ ਬਿੰਦਰਾ, ਭੁਪਿੰਦਰ ਸਿੰਘ, ਜਗਦੀਸ਼ ਕੁਮਾਰ, ਹਰਬੰਸ ਸਿੱਧੂ, ਸੰਜੀਵ ਸੋਨੂੰ, ਬਲਵੰਤ ਰਾਏ ਨਾਥ ਅਤੇ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਸਨ।