ਰਾਜਪਾਲ ਵੱਲੋਂ ਕੌਮਾਂਤਰੀ ਗੀਤਾ ਮਹਾਉਤਸਵ ਦੇ ਮੀਡੀਆ ਸੈਂਟਰ ਦਾ ਉਦਘਾਟਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਨਵੰਬਰ
ਇੱਥੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਹੈ ਕਿ ਪਵਿੱਤਰ ਗੀਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਹਨ। ਹੁਣ ਵਿਦੇਸ਼ਾਂ ਵਿੱਚ ਵੀ ਮਹਾਂਉਤਸਵ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਵਿਚ ਮਹਾਂਉਤਸਵ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੇ ਇਸ ਤਿਉਹਾਰ ਦੇ ਸੰਦੇਸ਼ ਨੂੰ ਵਿਦੇਸ਼ਾਂ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਉਹ ਅੱਜ ਇੱਥੇ ਕੌਮਾਂਤਰੀ ਗੀਤਾ ਮਹਾਉਤਸਵ ਮੌਕੇ ਕੇਡੀਬੀ ਦੇ ਆਡੀਟੋਰੀਅਮ ਵਿੱਚ ਬਣੇ ਮੀਡੀਆ ਸੈਂਟਰ ਦੇ ਉਦਘਾਟਨ ਕਰਨ ਮਗਰੋਂ ਸੰਬੋਧਨ ਕਰ ਰਹੇ ਸਨ। ਰਾਜਪਾਲ ਨੇ ਕਿਹਾ ਕਿ ਕੁਰੂਕਸ਼ੇਤਰ ਇਕ ਅਧਿਆਤਮਕ, ਧਾਰਮਿਕ ਤੇ ਵਿਦਿਅਕ ਕੇਂਦਰ ਹੈ। ਰਾਜਪਾਲ ਨੇ ਕਿਹਾ ਕਿ ਇਸ ਕੌਮਾਂਤਰੀ ਗੀਤਾ ਮਹਾਉਤਸਵ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਕਾਰੀਗਰ ਆ ਰਹੇ ਹਨ ਜੋ ਆਪਣੀ ਕਾਰੀਗਰੀ ਨਾਲ ਇਸ ਨੂੰ ਹੋਰ ਸੁੰਦਰ ਬਣਾਉਣਗੇ। ਵਿਦਿਆਰਥੀਆਂ ਨੂੰ ਵੀ ਗੀਤਾ ਬਾਰੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਇਸ ਉਤਸਵ ਵਿੱਚ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ। ਉੱਘੇ ਕਲਾਕਾਰ ਵੀ ਗੀਤਾ ਵਿਸ਼ੇ ’ਤੇ ਆਪਣੀ ਪੇਸ਼ਕਾਰੀ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਸ਼ੋਕ ਅਰੋੜਾ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਅੰਬਾਲਾ ਦੇ ਕਮਿਸ਼ਨਰ ਗੀਤਾ ਭਾਰਤੀ, ਡਿਪਟੀ ਕਮਿਸ਼ਨਰ ਨੇਹਾ ਸਿੰਘ, ਆਨਰੇਰੀ ਸਕੱਤਰ ਉਪੇਂਦਰ ਸਿੰਘਲ, ਚੇਅਰਮੈਨ ਮਦਨ ਮੋਹਨ ਛਾਬੜਾ ਮੌਜੂਦ ਸਨ।