ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੱਦਣ ਨੂੰ ਪ੍ਰਵਾਨਗੀ
ਆਤਿਸ਼ ਗੁਪਤਾ
ਚੰਡੀਗੜ੍ਹ, 24 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ‘ਆਪ’ ਸਰਕਾਰ ਦੇ ਤੀਜੇ ਤੇ ਵਿੱਤੀ ਵਰ੍ਹੇ 2024-25 ਦੇ ਬਜਟ ਸੈਸ਼ਨ ਨੂੰ ਸੱਦਣ ਲਈ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2024-25 ਦਾ ਬਜਟ ਇਜਲਾਸ ਪਹਿਲੀ ਮਾਰਚ ਨੂੰ ਸਵੇਰੇ 11 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।
ਬਜਟ ਇਜਲਾਸ ਵਿੱਚ ਰਾਜਪਾਲ ਵੱਲੋਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਭ ਦੇ ਸਾਹਮਣੇ ਰੱਖਿਆ ਜਾਂਦਾ ਹੈ। ਇਸ ਲਈ ਸੂਬਾ ਸਰਕਾਰ ਬਜਟ ਇਜਲਾਸ ਵਿੱਚ ਰਾਜਪਾਲ ਦਾ ਭਾਸ਼ਣ ਤਿਆਰ ਕਰ ਰਹੀ ਹੈ ਜਿਸ ਨੂੰ ਪੰਜਾਬ ਕੈਬਨਿਟ ਵੱਲੋਂ ਆਖਰੀ ਪ੍ਰਵਾਨਗੀ ਦਿੱਤੀ ਜਾਵੇਗੀ। ਪੰਜਾਬ ਕੈਬਨਿਟ ਨੇ 1 ਤੋਂ 15 ਮਾਰਚ ਤੱਕ ਬਜਟ ਸੈਸ਼ਨ ਸੱਦਣ ਦੀ ਸਿਫਾਰਸ਼ ਕੀਤੀ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 5 ਮਾਰਚ ਨੂੰ ਸਾਲਾਨਾ ਬਜਟ ਪੇਸ਼ ਕਰਨਗੇ, ਜਦਕਿ 6 ਮਾਰਚ ਨੂੰ ਬਜਟ ’ਤੇ ਬਹਿਸ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਜਟ ਇਜਲਾਸ ਸੱਦਣ ਲਈ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਕਾਫੀ ਟਕਰਾਅ ਹੋਇਆ ਸੀ। ਸੂਬਾ ਸਰਕਾਰ ਨੇ 3 ਤੋਂ 24 ਮਾਰਚ 2023 ਤੱਕ ਬਜਟ ਇਜਲਾਸ ਸੱਦਣ ਦੀ ਸਿਫਾਰਸ਼ ਕੀਤੀ ਸੀ। ਉਸ ਸਮੇਂ ਰਾਜਪਾਲ ਨੇ ਬਜਟ ਸੈਸ਼ਨ ਬਾਰੇ ਫੌਰੀ ਫ਼ੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਮਗਰੋਂ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਸ ਤੋਂ ਬਾਅਦ ਬਜਟ ਸੈਸ਼ਨ ’ਚ ਰਾਜਪਾਲ ਦੇ ਭਾਸ਼ਣ ਨੂੰ ਲੈ ਕੇ ਵੀ ਸੂਬਾ ਸਰਕਾਰ ਤੇ ਰਾਜਪਾਲ ਵਿਚਾਲੇ ਟਕਰਾਅ ਹੋਇਆ ਸੀ ਤੇ ਇਹ ਮਸਲਾ ’ਤੇ ਵੀ ਪੰਜਾਬ ਸਰਕਾਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਵਾਰ ਬਜਟ ਸੈਸ਼ਨ ਨੂੰ ਰਾਜਪਾਲ ਵੱਲੋਂ ਤੁਰੰਤ ਪ੍ਰਵਾਨਗੀ ਦਿੱਤੇ ਜਾਣ ਕਾਰਨ ਆਸ ਜਤਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਸ਼ਾਂਤਮਈ ਢੰਗ ਨਾਲ ਪੇਸ਼ ਕੀਤਾ ਜਾਵੇਗਾ।