ਮਧੂ ਮੱਖੀ ਪਾਲਣ ਕੇਂਦਰ ਦਾ ਨਵੀਨੀਕਰਨ ਕਰੇਗੀ ਸਰਕਾਰ: ਕੈਬਨਿਟ ਮੰਤਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਜੁਲਾਈ
ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਦੇਸ਼ ਦੇ ਇਕਲੌਤੇ ਏਕੀਕ੍ਰਿਤ ਮਧੂ ਮੱਖੀ ਪਾਲਣ ਕੇਂਦਰ ਵਿਕਾਸ ਕੇਂਦਰ ਰਾਮ ਨਗਰ ਕੁਰੂਕਸ਼ੇਤਰ ਦਾ ਸਰਕਾਰ ਵੱਲੋਂ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਵੱਲੋਂ ਦੋ ਕਰੋੜ ਰੁਪਏ ਦਾ ਬਜਟ ਵੀ ਜਾਰੀ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਮਧੂ ਮੱਖੀ ਪਾਲਣ ਕੇਂਦਰ ਨਾਲ ਨਾਲ ਸਿਰਫ ਕੁਰੂਕਸ਼ੇਤਰ ਹੀ ਨਹੀਂ, ਬਲਕਿ ਹਰਿਆਣਾ ਰਾਜ ਦੇ ਮਧੂ ਮੱਖੀ ਪਾਲਕ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਰਾਜ ਮੰਤਰੀ ਸੁਭਾਸ਼ ਸੁਧਾ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਇਜ਼ਰਾਈਲ ਪ੍ਰਾਜੈਕਟ ਤਹਿਤ ਸਾਲ 2017 ਵਿੱਚ ਰਾਮ ਨਗਰ ਕੁਰੂਕਸ਼ੇਤਰ ’ਚ ਏਕੀਕ੍ਰਿਤ ਮਧੂ ਮੱਖੀ ਪਾਲਣ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਸੁਭਾਸ਼ ਸੁਧਾ ਨੇ ਕਿਹਾ ਕਿ ਕੇਂਦਰ ਵਿੱਚ ਮਧੂ ਮੱਖੀ ਕਲੋਨੀਆਂ ਦਾ ਵਾਧਾ ਕੀਤਾ ਜਾਵੇਗਾ, ਮਧੂ ਮੱਖੀ ਪਾਲਣ ਘਰ, ਸ਼ਹਿਦ ਪ੍ਰੋਸੈਸਿੰਗ, ਬੋਟਲਿੰਗ ਯੂਨਿਟ, ਪ੍ਰਯੋਗਸ਼ਾਲਾਵਾਂ, ਸ਼ਹਿਦ ਪਾਰਲਰ ਅਤੇ ਮਧੂ ਮੱਖੀ ਪਾਰਕ ਸਿਖਲਾਈ ਸਹੂਲਤਾਂ ਦੇ ਨਾਲ ਨਾਲ ਇਮਾਰਤ ਨੂੰ ਵੀ ਅਪਗਰੇਡ ਕੀਤਾ ਜਾਵੇਗਾ। ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਸਤੇਂਦਰ ਯਾਦਵ ਨੇ ਦੱਸਿਆ ਕਿ ਇਹ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਮਧੂ ਮੱਖੀ ਪਾਲਣ ਕੇਂਦਰ ਹੈ ਜਿਸ ਵਿੱਚ ਮਧੂ ਮੱਖੀ ਪਾਲਕਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਡੀਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਦਾ ਉਦੇਸ਼ ਮਧੂ ਮੱਖੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਤੇ ਕੇਂਦਰ ਵਿੱਚ 100 ਤੋਂ ਵੱਧ ਮਧੂ ਮੱਖੀਆਂ ਦੀਆਂ ਬਸਤੀਆਂ ਤਿਆਰ ਕਰਨਾ ਹੈ।