ਆਨੰਦਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਏਗੀ ਸਰਕਾਰ: ਬੈਂਸ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 12 ਫਰਵਰੀ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਗੁਰੂ ਨਗਰੀ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਨਗਰ ਦੇ ਦਾਖਲਾ ਗੇਟਾਂ ਦੇ ਸੁੰਦਰੀਕਰਨ, ਪੰਜ ਪਿਆਰਾ ਪਾਰਕ ਦੇ ਨਵੀਨੀਕਰਨ, ਸ਼ਾਨਦਾਰ ਲਾਈਟਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲਦ ਹੀ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਆਨੰਦਪੁਰ ਸਾਹਿਬ ਆਉਣ ਵਾਲੇ ਕੌਮੀ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਸੜਕ ’ਤੇ ਸੁਚਾਰੂ ਆਵਾਜਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅੱਜ ਆਪ ਦੀ ਸਰਕਾਰ ਲੋਕਾਂ ਦੇ ਦੁਆਰ ਪ੍ਰੋਗਰਾਮ ਤਹਿਤ ਇੱਥੇ ਵਾਰਡ ਨੰਬਰ-5 ਵਿੱਚ ਲੱਗੇ ਕੈਂਪ ਵਿੱਚ ਇਲਾਕਾ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਮਾਰਗ ’ਤੇ ਕਈ ਥਾਵਾਂ ਉੱਤੇ ਟੋਏ ਪੈਣੇ ਸ਼ੁਰੂ ਹੋਏ ਸਨ। ਇਸ ਤੋਂ ਇਲਾਵਾ ਜਿੱਥੋਂ ਟੌਲ ਪਲਾਜ਼ਾ ਬੰਦ ਕਰਵਾਏ ਗਏ ਸਨ, ਦੀ ਜਲਦ ਮੁਰੰਮਤ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਹੁਣ ਜੰਗੀ ਪੱਧਰ ’ਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਵੇਗਾ।
ਇਸ ਮੌਕੇ ਹਰਜੀਤ ਸਿੰਘ ਜੀਤਾ, ਦੀਪਕ ਸੋਨੀ, ਜਗਜੀਤ ਸਿੰਘ ਜੱਗੀ, ਜਸਵੀਰ ਸਿੰਘ ਅਰੋੜਾ, ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾ, ਹਰਤੇਗਵੀਰ ਤੇਗੀ ਆਦਿ ਹਾਜ਼ਰ ਸਨ।