ਕੁਸ਼ੱਲਿਆ ਡੈਮ ਸਬੰਧੀ ਸਰਕਾਰ ਵੱਲੋਂ ਲਾਪ੍ਰਵਾਹੀ ਵਰਤੀ ਗਈ: ਹੁੱਡਾ
ਪੱਤਰ ਪ੍ਰੇਰਕ
ਪੰਚਕੂਲਾ, 17 ਅਗਸਤ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਹੋਈਆਂ ਬਾਰਿਸ਼ਾਂ ਦੌਰਾਨ ਪਿੰਜੌਰ ਵਿੱਚ ਸਥਿਤ ਕੌਸ਼ੱਲਿਆ ਡੈਮ ਨੂੰ ਲੈ ਕੇ ਲਾਪ੍ਰਵਾਹੀ ਵਰਤੀ ਗਈ ਅਤੇ ਇਸ ਲਾਪ੍ਰਵਾਹੀ ਕਾਰਨ ਡੈਮ ਦੇ ਆਸ-ਪਾਸ ਬਣੇ ਸਾਰੇ ਮਕਾਨ ਅਤੇ ਕਾਲੋਨੀਆਂ ਢਹਿ ਗਈਆਂ। ਇਸ ਤੋਂ ਬਾਅਦ ਕਿਸੇ ਵੀ ਗਰੀਬ ਨੂੰ ਕੋਈ ਮਕਾਨ ਨਹੀਂ ਦਿੱਤਾ ਗਿਆ। ਉਹ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਹੁੱਡਾ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਇਕੱਲਾ ਸਰਵੇਖਣ ਹੀ ਨਹੀਂ ਕਰਨਾ ਹੁੰਦਾ ਹੈ ਸਗੋਂ ਉਸ ਸਰਵੇਖਣ ਦੇ ਆਧਾਰ ਉੱਤੇ ਲੋਕਾਂ ਨੂੰ ਮਕਾਨ ਅਤੇ ਸਹੂਲਤਾਂ ਵੀ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਵਾਸ ਯੋਜਨਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਨੂੰਨੀ ਵਿਵਸਥਾ ਵਿਗੜੀ ਹੋਈ ਹੈ ਅਤੇ ਇਸ ਦਾ ਸਭ ਤੋਂ ਵੱਡਾ ਉਦਹਾਰਨ ਮੇਵਾਤ ਦਾ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਜੁਮਲੇਬਾਜ਼ਾਂ ਦੀ ਸਰਕਾਰ ਹੈ। ਝੂਠੀਆਂ ਅਤੇ ਲੰਬੀਆਂ ਛੱਡਣੀਆਂ ਭਾਜਪਾ ਆਗੂਆਂ ਦਾ ਸੁਭਾਅ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਕਿਸੇ ਦੀ ਸੁਣਦੀ ਨਹੀਂ ਬਲਕਿ ਸਿਰਫ ਤੇ ਸਿਰਫ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਦੀ ਰਹਿੰਦੇ ਹੈ।