ਪੰਚਾਇਤੀ ਚੋਣਾਂ ’ਚ ਸਰਕਾਰ ਨੇ ਹਰ ਤਰ੍ਹਾਂ ਦੇ ਹਥਕੰਡੇ ਵਰਤਣ ਦੀ ਕੋਸ਼ਿਸ਼ ਕੀਤੀ: ਢੀਂਡਸਾ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 15 ਅਕਤੂਬਰ
ਨੇੜਲੇ ਪਿੰਡ ਉਭਾਵਾਲ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਪਤਨੀ ਗਗਨਦੀਪ ਕੌਰ ਢੀਂਡਸਾ ਅਤੇ ਮਾਤਾ ਹਰਜੀਤ ਕੌਰ ਢੀਂਡਸਾ ਸਣੇ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਹਰ ਤਰ੍ਹਾਂ ਦੇ ਹਥਕੰਡੇ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਧੱਕਾ ਕੀਤਾ ਸੀ। ਸ੍ਰੀ ਢੀਂਡਸਾ ਨੇ ਕਿਹਾ ਕਿ ਜਿਹੜੇ ਵੀ ਬੰਦੇ ਚੁਣੇ ਜਾਣ, ਉਹ ਇਮਾਨਦਾਰੀ ਨਾਲ ਚੁਣੇ ਜਾਣ ਅਤੇ ਆਪਣੇ ਨਗਰਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ। ਸਰਦਾਰ ਢੀਂਡਸਾ ਨੇ ਕਿਹਾ ਕਿ ਜੇ ਨੀਂਹ ਤਕੜੀ ਹੋਵੇਗੀ ਤਾਂ ਮਕਾਨ ਵੀ ਵਧੀਆ ਬਣੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣਗੀਆਂ ਤਾਂ ਹੀ ਸਾਡੇ ਦੇਸ਼ ਦਾ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ,‘‘ਬਹੁਤ ਹੀ ਵਧੀਆ ਫ਼ੈਸਲਾ ਕੀਤਾ ਹੈ, ਅਸੀਂ ਉਹਨਾਂ ਦੇ ਫੈਸਲੇ ਤੇ ਸਿਰ ਝੁਕਾਉਂਦੇ ਹਾਂ।’’ ਉਨ੍ਹਾਂ ਕਿਹਾ ਕਿ ਜੇਕਰ ਕੋਈ ਉੱਠ ਕੇ ਅਕਾਲ ਤਖਤ ਸਾਹਿਬ ’ਤੇ ਉਂਗਲ ਖੜੀ ਕਰੇ, ਜਥੇਦਾਰ ਸਾਹਿਬਾਨਾਂ ’ਤੇ ਸਵਾਲ ਖੜੇ ਕਰੇ, ਤਾਂ ਇਹਦੇ ਨਾਲ ਅਕਾਲ ਤਖਤ ਸਾਹਿਬ ਤੇ ਨਹੀਂ ਸਿੱਖ ਕੌਮ ਦੀ ਵੀ ਮਾਣ ਮਰਿਆਦਾ ਹੈ, ਨੂੰ ਠੇਸ ਲੱਗਦੀ ਹੈ। ਇਸ ਮੌਕੇ ਸਰਪੰਚੀ ਦੇ ਉਮੀਦਵਾਰ ਮੱਖਣ ਸ਼ਰਮਾ, ਕੁਲਵੰਤ ਸਿੰਘ ਢੀਂਡਸਾ, ਪੰਚ ਸ਼ਿੰਦਰਪਾਲ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ, ਲਖਵੀਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਢੀਂਡਸਾ, ਵਰਿੰਦਰ ਪਾਲ ਸਿੰਘ ਟੀਟੂ, ਪ੍ਰੀਤਮ ਸਿੰਘ ਗਿੱਲ, ਨਾਜ਼ਰ ਸਿੰਘ ਮੈਂਬਰ , ਜਥੇਦਾਰ ਜਗਮੇਲ ਸਿੰਘ ਮੌਜੂਦ ਸਨ।