ਮੰਡੀਆਂ ’ਚ ਖੁਆਰ ਹੋ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ: ਧਨੋਆ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 27 ਅਕਤੂਬਰ
ਸ਼ਹਿਰ ਦੇ ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਸਤਬੀਰ ਸਿੰਘ ਧਨੋਆ ਨੇ ਸਾਥੀਆਂ ਸਣੇ ਭਾਗੋਮਾਜਰਾ ਅਨਾਜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ’ਚ ਖੱਜਲ ਹੋ ਰਹੇ ਹਨ।
ਸ੍ਰੀ ਧਨੋਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਫੌਰੀ ਸਾਰ ਲਈ ਜਾਵੇ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬ-ਤਲਬੀ ਕਰ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਜਿੱਥੇ ਕਿਸਾਨ ਬੈਠਦੇ ਤੇ ਸੌਂਦੇ ਹਨ, ਉੱਥੇ ਨੇੜੇ ਹੀ ਗੰਦਾ ਪਾਣੀ ਖੜ੍ਹਾ ਹੈ ਤੇ ਮੱਛਰ ਅਤੇ ਮੱਖੀਆਂ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।
ਇਸ ਮੌਕੇ ਕਰਮ ਸਿੰਘ ਮਾਵੀ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ ਸੰਧੂ, ਅਮਨ ਧਾਲੀਵਾਲ ਅਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ।