ਸਰਕਾਰ ਸ੍ਰੀ ਆਨੰਦਪੁਰ ਸਾਹਿਬ ’ਚ ਨਸ਼ਿਆਂ ਦੀ ਵਿਕਰੀ ਰੋਕੇ: ਗਿਆਨੀ ਸੁਲਤਾਨ ਸਿੰਘ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਅਕਤੂਬਰ
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਵਿਕ ਰਹੇ ਨਸ਼ੇ ਦਾ ਮੁੱਦਾ ਚੁੱਕਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਇਸ ਸਬੰਧ ਵਿੱਚ ਸਰਕਾਰ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਗਿਆਨੀ ਸੁਲਤਾਨ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਬੀੜੀਆਂ, ਸਿਗਰਟਾਂ, ਜਰਦਾ, ਚੈਨੀ-ਖੈਨੀ ਅਤੇ ਗੁਟਖਾ ਆਦਿ ਵਸਤਾਂ ਦਾ ਨਸ਼ਾ ਆਮ ਹੋ ਗਿਆ ਹੈ, ਜੋ ਕਿ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਇੱਕ ਵੱਡਾ ਸਵਾਲ ਹੈ ਅਤੇ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਥੇਦਾਰ ਸੁਲਤਾਨ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਮੁੱਖ ਮਾਰਗ ’ਤੇ ਬਣੀਆਂ ਦੁਕਾਨਾਂ ਉੱਤੇ ਇਹ ਨਸ਼ੇ ਵੇਚੇ ਵੀ ਜਾਂਦੇ ਹਨ ਅਤੇ ਇਨ੍ਹਾਂ ਦਾ ਸੇਵਨ ਵੀ ਕੀਤਾ ਜਾਂਦਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਾਰਕਿੰਗ ਗਰਾਊਂਡ ਦੇ ਬਿਲਕੁਲ ਨਾਲ ਮੁੱਖ ਮਾਰਗ ’ਤੇ ਬਹੁਤ ਸਾਰੇ ਨੌਜਵਾਨ, ਜੋ ਜ਼ਿਆਦਾਤਰ ਪਰਵਾਸੀ ਨਜ਼ਰ ਆਉਂਦੇ ਹਨ, ਸੜਕ ’ਤੇ ਬੀੜੀਆਂ-ਸਿਗਰਟਾਂ ਦਾ ਧੂੰਆਂ ਉਡਾ ਰਹੇ ਹੁੰਦੇ ਹਨ। ਜਥੇਦਾਰ ਨੇ ਕਿਹਾ ਕਿ ਧਾਰਮਿਕ ਸਥਾਨ ਨੇੜੇ ਮੁੱਖ ਮਾਰਗ ’ਤੇ ਅਜਿਹਾ ਸਭ ਕੁਝ ਹੋਣ ਕਾਰਨ ਦੂਰੋਂ ਆਉਂਦੀ ਸੰਗਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸ਼ਹਿਰ ਦੀ ਪਵਿੱਤਰਤਾ ਦੇ ਮੱਦੇਨਜ਼ਰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।