ਸਰਕਾਰ 45 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ: ਜੱਸੀ
ਨਿੱਜੀ ਪੱਤਰ ਪੇ੍ਰਕ
ਬਠਿੰਡਾ, 6 ਮਾਰਚ
ਪੰਜਾਬ ਦੇ ਸਾਬਕਾ ਕੈਬਿਨਟ ਵਜ਼ੀਰ ਹਰਮੰਦਰ ਸਿੰਘ ਜੱਸੀ ਨੇ ਪਿਛਲੇ ਦਿਨੀਂ ਮਾਲਵਾ ਖੇਤਰ ’ਚ ਗੜੇਮਾਰੀ, ਝੱਖੜ ਅਤੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਲਈ ਪੰਜਾਬ ਸਰਕਾਰ ਤੋਂ 45 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਸ੍ਰੀ ਜੱਸੀ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਅਤੇ ਅੰਨ ਭੰਡਾਰ ਭਰਨ ਦੇ ਅਹਿਮ ਸੂਤਰ ਹਨ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਦੇ ਵੀ ਕਿਸਾਨਾਂ ਨੂੰ ਤਰੱਕੀ ਦੀ ਰਾਹ ’ਤੇ ਤੋਰਨ ਲਈ ਸਰਕਾਰਾਂ ਨੇ ਸੁਹਿਰਦ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਫ਼ਸਲਾਂ ਤੋਂ ਮੌਸਮ ਦੀ ਕਰੋਪੀ ਦੀ ਮਾਰ ’ਚ ਆਏ ਲੋਕਾਂ ਦੇ ਮਾਲ ਅਸਬਾਬ ਦਾ ਮੁਆਵਜ਼ਾ ਵੀ ਸਰਕਾਰ ਫੌਰੀ ਜਾਰੀ ਕਰਕੇ ਰਾਹਤ ਦੇਵੇ। ਉਨ੍ਹਾਂ ਇਲਜ਼ਾਮ ਲਾਇਆ ਕਿ ਕਈ ਦਿਨ ਬੀਤਣ ਬਾਅਦ ਵੀ ਇਸ ਕਰੋਪੀ ਬਾਬਤ ਮੁੱਖ ਮੰਤਰੀ ਵੱਲੋਂ ਕੋਈ ਹਾਂ ਪੱਖੀ ਹੁੰਘਾਰਾ ਨਹੀਂ ਭਰਿਆ ਗਿਆ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਉਨ੍ਹਾਂ ਦੇ ਸਮੁੱਚੇ ਕਰਜ਼ਿਆਂ ’ਤੇ ‘ਲੀਕ’ ਮਾਰੀ ਜਾਵੇ। ਬੈਂਕਾਂ, ਸੁਸਾਇਟੀਆਂ, ਆੜ੍ਹਤੀਆਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾਵੇ ਤਾਂ ਜੋ ਕਿਸਾਨ ਆਉਂਦੀ ਫ਼ਸਲ ਤੱਕ ਵਿੱਤੀ ਤੌਰ ’ਤੇ ਖੜ੍ਹੇ ਹੋ ਸਕਣ।